ਬਟਾਲਾ ਸ਼ਹਿਰ ਦੇ ਵਿਕਾਸ ਦਾ ਮੁੱਢ ਬੰਨ੍ਹਣ ''ਚ ਕਾਮਯਾਬ ਰਿਹੈ ''ਸਾਲ-2019''

12/24/2019 1:18:30 PM

ਬਟਾਲਾ (ਬੇਰੀ,ਜ.ਬ.) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ 2019 ਦਾ ਸਾਲ ਬਟਾਲਾ ਸ਼ਹਿਰ ਦੇ ਵਿਕਾਸ ਲਈ ਵਰਦਾਨ ਸਾਬਤ ਹੋਇਆ ਹੈ। ਇਸ ਸਾਲ ਬਟਾਲਾ ਸ਼ਹਿਰ 'ਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਮੁਕੰਮਲ ਹੋਏ ਹਨ, ਜਿਸ ਕਾਰਣ ਸ਼ਹਿਰ ਦੀ ਵੱਡੀ ਆਬਾਦੀ ਨੂੰ ਸਹੂਲਤ ਮਿਲੀ ਹੈ ਅਤੇ ਚੱਲ ਰਹੇ ਵਿਕਾਸ ਕਾਰਜ ਸ਼ਹਿਰ ਦੇ ਨਕਸ਼ੇ ਨੂੰ ਹੋਰ ਸੁਧਾਰਨ 'ਚ ਜ਼ਰੂਰ ਕਾਮਯਾਬ ਹੋਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਦਿਲਚਸਪੀ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਅਣਥੱਕ ਯਤਨਾਂ ਸਦਕਾ ਦਹਾਕਿਆਂ ਤੋਂ ਪਛੜੇ ਬਟਾਲਾ ਸ਼ਹਿਰ ਨੂੰ ਸਾਲ 2019 'ਚ ਪੱਕੀਆਂ ਸੜਕਾਂ, ਸੁੰਦਰ ਗਲੀਆਂ, ਲਾਈਟਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਮਿਲ ਸਕੀਆਂ ਹਨ। ਸਭ ਤੋਂ ਵੱਡੀ ਗੱਲ ਇਸ ਸਾਲ ਪੰਜਾਬ ਸਰਕਾਰ ਵੱਲੋਂ ਬਟਾਲਾ ਨਗਰ ਕੌਂਸਲ ਦਾ ਦਰਜਾ ਵਧਾ ਕੇ ਇਸ ਨੂੰ ਨਗਰ ਨਿਗਮ ਦਾ ਦਰਜਾ ਦਿੱਤਾ ਗਿਆ ਹੈ ਜੋ ਕਿ ਭਵਿੱਖ 'ਚ ਸ਼ਹਿਰ ਦੇ ਵਿਕਾਸ ਵਿਚ ਮੀਲ-ਪੱਥਰ ਸਾਬਤ ਹੋਵੇਗਾ।

ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਕਿਹਾ ਕਿ ਸਾਲ-2019 ਬਟਾਲਾ ਸ਼ਹਿਰ ਦੇ ਵਿਕਾਸ ਦਾ ਮੁੱਢ ਬੰਨ੍ਹਣ 'ਚ ਕਾਮਯਾਬ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਸੂਬਾ ਸਰਕਾਰ ਵੱਲੋਂ ਬਟਾਲਾ ਸ਼ਹਿਰ 'ਚ ਹੰਸਲੀ ਨਾਲੇ 'ਤੇ ਤਿੰਨ ਨਵੇਂ ਹਾਈ ਲੈਵਲ ਪੁਲ ਮਨਜ਼ੂਰ ਕੀਤੇ ਗਏ ਹਨ, ਜਿਨ੍ਹਾਂ 'ਚੋਂ ਇਕ ਪੁਲ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ ਜਦਕਿ ਬਾਕੀਆਂ ਦਾ ਕੰਮ ਵੀ ਕੁਝ ਦਿਨਾਂ ਤੱਕ ਸ਼ੁਰੂ ਹੋ ਰਿਹਾ ਹੈ। ਤਿੰਨਾਂ ਪੁਲਾਂ ਦੇ ਨਿਰਮਾਣ ਲਈ ਸੂਬਾ ਸਰਕਾਰ ਵੱਲੋਂ ਕਰੀਬ 8 ਕਰੋੜ ਰੁਪਏ ਖਰਚੇ ਜਾਣਗੇ। ਇਸ ਸਾਲ 6.50 ਕਰੋੜ ਰੁਪਏ ਦੀ ਲਾਗਤ ਨਾਲ ਬਟਾਲਾ ਸ਼ਹਿਰ 'ਚੋਂ ਲੰਗਦੇ ਜੀ. ਟੀ. ਰੋਡ ਨੂੰ ਨਵਾਂ ਬਣਾਇਆ ਗਿਆ ਹੈ। ਬਾਜਵਾ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਬਟਾਲਾ ਸ਼ਹਿਰ 'ਚ ਕਰੀਬ 200 ਕਰੋੜ ਰੁਪਏ ਦੀ ਲਾਗਤ ਨਾਲ 157 ਵਿਕਾਸ ਕਾਰਜ ਨੇਪਰੇ ਚਾੜ੍ਹੇ ਗਏ ਹਨ, ਜਿਸ 'ਚ ਗੁਰਦੁਆਰਾ ਸ੍ਰੀ ਕੰਧ ਸਾਹਿਬ ਨੂੰ ਜਾਂਦੇ ਰੋਡ, ਧਰਮਪੁਰਾ ਕਾਲੋਨੀ ਦੇ ਸਾਰੇ ਰੋਡ, ਸਰਕੂਲਰ ਰੋਡ, ਉਮਰਪੁਰਾ-ਮੀਆਂ ਮੁਹੱਲਾ ਰੋਡ, ਸਿਵਲ ਹਸਪਤਾਲ ਰੋਡ, ਕਾਦੀਆਂ ਚੁੰਗੀ ਤੋਂ ਪਹਾੜੀ ਗੇਟ ਰੋਡ, ਟਰੱਕ ਯੂਨੀਅਨ ਰੋਡ, ਨਿਊ ਮਹਾਜਨ ਕਾਲੋਨੀ ਰੋਡ ਆਦਿ ਪ੍ਰਮੁੱਖ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਮੁੱਖ ਮਾਰਗਾਂ 'ਤੇ ਐੱਲ. ਈ. ਡੀ. ਲਾਈਟਾਂ ਲਾ ਕੇ ਸ਼ਹਿਰ ਨੂੰ ਹਨੇਰੇ ਵਿਚੋਂ ਕੱਢਿਆ ਗਿਆ ਹੈ।

ਬਾਜਵਾ ਨੇ ਕਿਹਾ ਕਿ ਅਕਾਲੀ-ਭਾਜਪਾ ਦੇ ਕਾਰਜਕਾਲ ਦੌਰਾਨ ਬਟਾਲਾ ਸ਼ਹਿਰ ਪੂਰੇ 10 ਸਾਲ ਵਿਕਾਸ ਤੋਂ ਵਾਂਝਾ ਰਿਹਾ ਸੀ ਅਤੇ ਏਹੀ ਕਾਰਣ ਸੀ ਕਿ ਬਟਾਲੇ 'ਚ ਸਾਰੇ ਪਾਸੇ ਸਮੱਸਿਆਵਾਂ ਹੀ ਸਮੱਸਿਆਵਾਂ ਸਨ। ਉਨ੍ਹਾਂ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਟਾਲਾ ਸ਼ਹਿਰ ਦੀ ਧਾਰਮਕ ਅਤੇ ਇਤਿਹਾਸਕ ਮਹੱਤਤਾ ਨੂੰ ਦੇਖਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਹੁਰੇ ਪਰਿਵਾਰ ਦੇ ਨਗਰ ਨੂੰ ਵਿਸ਼ੇਸ਼ ਮਾਣ ਦਿੰਦਿਆਂ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦੇ ਕੇ ਸ਼ਹਿਰ ਨੂੰ ਵਿਕਾਸ ਦੀ ਲੀਹਾਂ 'ਤੇ ਚਾੜਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਾਲ ਬਟਾਲਾ ਸ਼ਹਿਰ 'ਚ ਇਤਿਹਾਸਕ ਕੈਬਨਿਟ ਮੀਟਿੰਗ ਕਰ ਕੇ ਸ਼ਹਿਰ ਦੇ ਵਿਕਾਸ ਲਈ ਵੱਡੀਆਂ ਯੋਜਨਾਵਾਂ ਪਾਸ ਕੀਤੀਆਂ ਹਨ ਜੋ ਕਿ ਆਉਂਦੇ ਸਮੇਂ 'ਚ ਸ਼ਹਿਰ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣਗੀਆਂ।


cherry

Content Editor

Related News