ਸਾਲ 2018 ਅਕਾਲੀਆਂ 'ਤੇ ਰਿਹਾ ਭਾਰੂ, ਜਾਣੋ ਕਿਹੜੇ-ਕਿਹੜੇ ਵਿਵਾਦ ਸਹੇੜੇ

Sunday, Dec 30, 2018 - 06:17 PM (IST)

ਸਾਲ 2018 ਅਕਾਲੀਆਂ 'ਤੇ ਰਿਹਾ ਭਾਰੂ, ਜਾਣੋ ਕਿਹੜੇ-ਕਿਹੜੇ ਵਿਵਾਦ ਸਹੇੜੇ

ਜਲੰਧਰ (ਸ਼ਿਵਾਨੀ)— ਸਾਲ 2018 ਬਤੀਤ ਹੋਣ 'ਚ ਸਿਰਫ ਇਕ ਦਿਨ ਬਾਕੀ ਬਚਿਆ ਹੈ। ਪੰਜਾਬ ਦੀ ਸਿਆਸਤ 'ਚ ਇਸ ਸਾਲ ਕਈ ਵੱਡੇ ਬਦਲਾਅ ਦੇਖਣ ਨੂੰ ਮਿਲੇ। ਪੰਜਾਬ ਦੀ ਸਿਆਸਤ 'ਚ ਕੁਝ ਅਜਿਹੇ ਮੁੱਦੇ ਵੀ ਰਹੇ ਜੋ, ਲਗਾਤਾਰ ਸਾਰਾ ਸਾਲ ਭਖੇ ਰਹੇ ਹਨ। ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਇਸ ਪਾਰਟੀ ਲਈ ਸਾਲ 2018 ਕਾਫੀ ਭਾਰੂ ਰਿਹਾ। ਇਸ ਪਾਰਟੀ 'ਚ ਕਈ ਅਜਿਹੇ ਖਾਸ ਮੁੱਦੇ ਰਹੇ, ਜਿਸ ਨੂੰ ਲੈ ਕੇ ਪਾਰਟੀ ਪੂਰਾ ਸਾਲ ਸੁਰਖੀਆਂ 'ਚ ਰਹੀ। ਪੰਜਾਬ ਦੀ ਸੱਤਾ 'ਚ ਪੂਰੇ 10 ਸਾਲ ਤੱਕ ਰਾਜ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਪਾਰਟੀ 'ਚ ਕਈ ਵੱਡੇ ਬਦਲਾਅ ਵੀ ਦੇਖਣ ਨੂੰ ਮਿਲੇ। ਅੱਜ ਅਸੀਂ ਤੁਹਾਨੂੰ ਅਕਾਲੀ ਦਲ ਦੇ ਉਹ ਮੁੱਦੇ ਦੱਸਣ ਜਾ ਰਹੇ ਹਾਂ, ਜਿਸ ਕਾਰਨ ਅਕਾਲੀ ਦਲ ਦੀ ਪਾਰਟੀ ਪੂਰਾ ਸਾਲ ਸੁਰਖੀਆ 'ਚ ਰਹੀ।

PunjabKesari

ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਗਠਨ
ਚੋਣਾਂ ਤੋਂ ਪਹਿਲਾਂ ਬੇਅਦਬੀ ਮਾਮਲਿਆਂ ਦੀ ਜਾਂਚ ਦਾ ਵਾਅਦਾ ਕਰਕੇ ਸੱਤਾ 'ਚ ਆਈ ਕਾਂਗਰਸ ਨੇ ਸਭ ਤੋਂ ਪਹਿਲਾਂ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਗਠਨ ਕੀਤਾ, ਇਸ ਕਮਿਸ਼ਨ ਦੀ ਰਿਪੋਰਟ ਨੇ ਅਕਾਲੀ ਦਲ ਦੇ ਅਕਸ ਨੂੰ ਵੱਡੀ ਢਾਹ ਲਗਾਈ। ਕਮਿਸ਼ਨ ਨੇ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ। ਬੇਸ਼ੱਕ ਬਾਦਲਾਂ ਨੇ ਇਸ ਜਾਂਚ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਸੀ ਅਤੇ ਕਮਿਸ਼ਨ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ। ਕਮਿਸ਼ਨ ਨੇ ਬਾਅਦ 'ਚ ਸਿੱਧੇ ਤੌਰ 'ਤੇ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਲੈਂਦੇ ਹੋਏ, ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਮੁਆਫੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਵੀ ਜ਼ਿਕਰ ਕੀਤਾ। ਕਮਿਸ਼ਨ ਦੀ ਰਿਪੋਰਟ ਦਾ ਨਤੀਜਾ ਸੀ ਕਿ ਸਾਲ ਦੇ ਅਖੀਰ 'ਚ ਬਾਦਲਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਨਤਮਸਤਕ ਹੋ ਕੇ ਭੁੱਲਾਂ ਭਖਸ਼ਾਉਣੀਆਂ ਪਈਆਂ। 

PunjabKesari

ਵਿਧਾਨ ਸਭਾ 'ਚ ਸੁਖਬੀਰ ਵੱਲੋਂ ਸੈਸ਼ਨ ਦਾ ਬਾਇਕਾਟ ਕਰਨਾ
ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਗੋਲੀਕਾਂਡ ਦੀ ਰਿਪੋਰਟ 'ਤੇ ਚਰਚਾ ਨੂੰ ਲੈ ਕੇ ਅਗਸਤ ਮਹੀਨੇ ਮਾਨਸੂਨ ਸੈਸ਼ਨ ਦੌਰਾਨ ਵਿਧਾਨ ਸਭਾ 'ਚ ਸੁਖਬੀਰ ਸਿੰਘ ਬਾਦਲ ਵੱਲੋਂ ਸਦਨ ਦਾ ਬਾਇਕਾਟ ਕੀਤਾ ਗਿਆ ਸੀ। ਸੁਖਬੀਰ ਬਾਦਲ ਦਾ ਕਹਿਣਾ ਸੀ ਕਿ ਇਸ ਮੁੱਦੇ 'ਤੇ ਬਹਿਸ ਲਈ ਅਕਾਲੀ ਦਲ ਨੂੰ ਘੱਟ ਸਮਾਂ ਦਿੱਤਾ ਗਿਆ ਹੈ। ਸੁਖਬੀਰ ਵੱਲੋਂ ਕੀਤੇ ਗਏ ਇਸ ਬਾਇਕਾਟ ਦਾ ਖਮਿਆਜ਼ਾ ਵੱਡੇ ਪੱਧਰ 'ਤੇ ਭੁਗਤਣਾ ਪਿਆ। ਪਾਰਟੀ ਦੇ ਲੀਡਰਾਂ ਵਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ। 

PunjabKesari

ਸੁਖਦੇਵ ਸਿੰਘ ਢੀਂਡਸਾ ਵੱਲੋਂ ਅਸਤੀਫਾ ਦੇਣਾ
ਅਕਾਲੀ ਦਲ ਨੂੰ ਉਸ ਸਮੇਂ ਸਭ ਤੋਂ ਵੱਡਾ ਝਟਕਾ ਲੱਗਾ ਜਦੋਂ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ 'ਚੋਂ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਢੀਂਡਸਾ ਨੇ ਸੁਖਬੀਰ ਵਲੋਂ ਵਿਧਾਨ ਸਭਾ ਦੇ ਬਾਈਕਾਟ ਕਰਨ ਦਾ ਵੀ ਵਿਰੋਧ ਕੀਤਾ। ਢੀਂਡਸਾ ਨੇ ਇਸ ਸਬੰਧੀ ਸੁਖਬੀਰ ਬਾਦਲ ਨੂੰ ਲਿਖਤੀ ਰੂਪ 'ਚ ਅਸਤੀਫਾ ਭੇਜਿਆ, ਜਿਸ 'ਚ ਭਾਵੇਂ ਉਨ੍ਹਾਂ ਨੇ ਸਿਹਤ ਖਰਾਬ ਦਾ ਹਵਾਲਾ ਦਿੱਤਾ ਪਰ ਸਿਆਸੀ ਹਲਕਿਆਂ 'ਚ ਅਸਤੀਫਾ ਦਾ ਕਾਰਨ ਸੁਖਬੀਰ ਨਾਲ ਨਾਰਾਜ਼ਗੀ ਨੂੰ ਦੱਸਿਆ ਗਿਆ। ਢੀਂਡਸਾ ਦੇ ਅਸਤੀਫਾ ਦੇਣ ਤੋਂ ਬਾਅਦ ਅਕਾਲੀ ਦਲ 'ਚ ਅਸਤੀਫੇ ਦੇਣ ਦਾ ਦੌਰ ਸ਼ੁਰੂ ਹੋਇਆ ਅਤੇ ਅਕਾਲੀ ਲੀਡਰ ਹਮੇਸ਼ਾ ਵਿਰੋਧੀਆਂ ਦੀ ਬਿਆਨਬਾਜ਼ੀ 'ਚ ਘਿਰੇ ਰਹੇ। 

ਬਲਵਿੰਦਰ ਸਿੰਘ ਭੂੰਦੜ ਦੇ ਬਿਆਨ 'ਤੇ  ਘਿਰਿਆ ਅਕਾਲੀ ਦਲ
ਅਕਾਲੀ ਦਲ ਉਸ ਸਮੇਂ ਇਕ ਹੋਰ ਵੱਡੀ ਮੁਸੀਬਤ 'ਚ ਘਰ ਗਿਆ ਜਦੋਂ ਅਬੋਹਰ 'ਚ ਰੈਲੀ ਦੌਰਾਨ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਪ੍ਰਕਾਸ਼ ਸਿੰਘ ਬਾਦਲ ਨੂੰ 'ਬਾਦਸ਼ਾਹ ਦਰਵੇਸ਼' ਆਖ ਕੇ ਸੰਬੋਧਨ ਕੀਤਾ। ਭੂੰਦੜ ਦੇ ਇਸ ਬਿਆਨ ਦੇ ਆਉਂਦੇ ਹੋਏ ਵਿਰੋਧੀਆਂ ਨੂੰ ਇਕ ਹੋਰ ਮੁੱਦਾ ਮਿਲ ਗਿਆ ਅਤੇ ਅਕਾਲੀ ਦਲ ਦੇ ਚੁਫੇਰਿਓਂ ਵਿਰੋਧ ਸ਼ੁਰੂ ਹੋ ਗਿਆ। ਹਾਲਾਂਕਿ ਬਾਅਦ 'ਚ ਭੂੰਦੜ ਨੇ ਇਸ ਲਈ ਮੁਆਫੀ ਵੀ ਮੰਗੀ ਅਤੇ ਉੁਨ੍ਹਾਂ ਨੂੰ ਧਾਰਮਿਕ ਸੇਵਾ ਤਕ ਭੁਗਤਣੀ ਪਈ।   

ਪੰਜਾਬ ਸਰਕਾਰ ਨੇ ਅਕਾਲੀਆਂ ਦੀ ਰੈਲੀ 'ਤੇ ਲਗਾਈ ਰੋਕ
ਅਕਾਲੀ ਦਲ ਨੂੰ ਉਸ ਸਮੇਂ ਵੀ ਵੱਡਾ ਝਟਕਾ ਲੱਗਾ ਜਦੋਂ 16 ਸਤੰਬਰ ਨੂੰ ਫਰੀਦਕੋਟ 'ਚ ਅਕਾਲੀਆਂ ਦੀ ਹੋਣ ਵਾਲੀ 'ਪੋਲ ਖੋਲ੍ਹ ਰੈਲੀ' 'ਤੇ ਪੰਜਾਬ ਸਰਕਾਰ ਨੇ ਰੋਕ ਲਗਾ ਦਿੱਤੀ ਸੀ। ਦੱਸ ਦੇਈਏ ਕਿ ਰੈਲੀ ਨੂੰ ਰੋਕ ਇਸ ਕਰਕੇ ਲਗਾਈ ਗਈ ਸੀ ਕਿਉਂਕਿ ਇਸ ਰੈਲੀ ਦਾ ਲੋਕਾਂ ਵੱਲੋਂ ਕਾਫੀ ਵਿਰੋਧ ਕੀਤਾ ਜਾ ਰਿਹਾ ਸੀ ਕਿ ਇਸ ਦੌਰਾਨ ਮਾਹੌਲ ਖਰਾਬ ਹੋ ਸਕਦਾ ਹੈ, ਜਿਸ ਦੇ ਚਲਦਿਆਂ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਪ੍ਰਸ਼ਾਸਨ ਨੇ ਰੋਕ ਲਗਾਈ ਸੀ। ਇਸ ਤੋਂ ਬਾਅਦ ਅਕਾਲੀ ਦਲ ਵੱਲੋਂ ਹਾਈਕੋਰਟ ਨੂੰ ਰਿਟ ਪਟੀਸ਼ਨ ਪਾਉਣ 'ਤੇ ਫਰੀਦਕੋਟ 'ਚ ਰੈਲੀ ਕਰਨ ਦੀ ਇਜਾਜ਼ਤ ਲਈ ਗਈ ਸੀ। 

PunjabKesari

ਮਾਝੇ ਦੇ ਟਕਸਾਲੀਆਂ ਦਾ ਵਿਰੋਧ
ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਅਕਾਲੀ ਦਲ 'ਚ ਅਸਤੀਫਿਆਂ ਦਾ ਅਜਿਹਾ ਦੌਰ ਸ਼ੁਰੂ ਹੋਇਆ ਜੋ ਅਜੇ ਤਕ ਜਾਰੀ ਹੈ। ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆਂ ਦੀਆਂ ਨੀਤੀਆਂ ਤੋਂ ਦੁਖੀ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਰਤਨ ਸਿੰਘ ਅਜਨਾਲਾ ਅਤੇ ਸੇਵਾਂ ਸਿੰਘ ਸੇਖਵਾਂ ਨੇ ਵੀ ਪਾਰਟੀ ਦੀ ਲੀਡਰਸ਼ਿਪ 'ਤੇ ਵਿਰੋਧ ਜਤਾਉਣਾ ਸ਼ੁਰੂ ਕਰ ਦਿੱਤਾ ਜਿਸ 'ਤੇ ਪਾਰਟੀ ਨੇ ਉਕਤ ਆਗੂਆਂ ਨੂੰ ਬਾਹਰ ਰਸਤਾ ਦਿਖਾਇਆ। 
ਦੱਸਣਯੋਗ ਹੈ ਕਿ ਮਾਝੇ ਦੇ ਟਕਸਾਲੀ ਲੀਡਰਾਂ ਵੱਲੋਂ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਖਿਲਾਫ ਲਗਾਤਾਰ ਬਿਆਨਬਾਜ਼ੀ ਕਰਦੇ ਹੋਏ ਪਾਰਟੀ 'ਚੋਂ ਕੱਢੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ। ਬ੍ਰਹਮਪੁਰਾ ਨੇ ਤਾਂ ਇਥੋਂ ਤੱਕ ਆਖ ਦਿੱਤਾ ਸੀ ਕਿ ਜਦੋਂ ਤੱਕ ਇਹ ਦੋਵੇਂ ਲੀਡਰ ਪਾਰਟੀ ਦਾ ਹਿੱਸਾ ਰਹਿਣਗੇ ਉਦੋਂ ਤੱਕ ਉਹ ਪਾਰਟੀ ਲਈ ਕੰਮ ਨਹੀਂ ਕਰਨਗੇ। 
ਬਗਾਵਤ ਦਾ ਇਜ਼ਹਾਰ ਕਰਨ ਲਈ ਸੇਵਾ ਸਿੰਘ ਸੇਖਵਾਂ ਵੱਲੋਂ ਗੁਰਦਾਸਪੁਰ 'ਚ ਰੱਖੀ ਪ੍ਰੈੱਸ ਕਾਨਫਰੰਸ ਦੇ ਦੋ ਘੰਟੇ ਅੰਦਰ ਹੀ ਸੁਖਬੀਰ ਸਿੰਘ ਬਾਦਲ ਨੇ ਸੇਖਵਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਸੇਖਵਾਂ ਨੇ ਕਿਹਾ ਸੀ ਕਿ ਜਦੋਂ ਤੱਕ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਪਾਰਟੀ 'ਚੋਂ ਬਾਹਰ ਦਾ ਰਸਤਾ ਨਹੀਂ ਦਿਖਾਇਆ ਜਾਂਦਾ ਉਦੋਂ ਤੱਕ ਉਹ ਪਾਰਟੀ ਦਾ ਹਿੱਸਾ ਨਹੀਂ ਬਣਨਗੇ। ਸੇਖਵਾਂ ਵੱਲੋਂ ਕੀਤੇ ਗਏ ਇਸ ਐਲਾਨ ਤੋਂ ਮਹਿਜ਼ 2 ਘੰਟੇ ਬਾਅਦ ਹੀ ਸੁਖਬੀਰ ਨੇ ਸਖਤ ਕਾਰਵਾਈ ਕਰਦੇ ਹੋਏ ਸੇਖਾਂ ਨੂੰ ਪਾਰਟੀ 'ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਪਾਰਟੀ 'ਚੋਂ ਬਾਗੀ ਹੋਏ ਇਨ੍ਹਾਂ ਨੇਤਾਵਾਂ ਨੇ ਬਾਅਦ 'ਚ ਆਪਣੀ ਵੱਖਰੀ ਪਾਰਟੀ ਬਣਾਈ, ਜਿਸ ਦਾ ਨਾਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਰੱਖਿਆ ਗਿਆ। ਇਸ ਮੁੱਦੇ 'ਤੇ ਵੀ ਸੁਖਬੀਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਕਾਫੀ ਚਰਚਾ 'ਚ ਰਹੇ।

PunjabKesari

ਸੁਖਬੀਰ ਬਾਦਲ ਵੱਲੋਂ ਅਸਤੀਫੇ ਦੀ ਪੇਸ਼ਕਸ਼ 
ਟਕਸਾਲੀਆਂ ਦੀ ਬਗਾਵਤ ਦਾ ਸੇਕ ਅਜਿਹਾ ਲੱਗਾ ਕਿ ਸੁਖਬੀਰ ਬਾਦਲ ਨੂੰ ਅਹੁਦੇ ਤੋਂ ਅਸਤੀਫੇ ਦੀ ਪੇਸ਼ਕਸ਼ ਤੱਕ ਕਰਨੀ ਪਈ। ਸੁਖਬੀਰ ਕੋਲੋਂ ਜਦੋਂ ਟਕਸਾਲੀ ਆਗੂਆਂ ਦੀ ਨਾਰਾਜ਼ਗੀ ਬਾਰੇ ਪੁੱਛਿਆ ਗਿਆ ਸੀ ਤਾਂ ਸੁਖਬੀਰ ਨੇ ਕਿਹਾ ਸੀ ਕਿ ਟਕਸਾਲੀ ਲੀਡਰ ਉਨ੍ਹਾਂ ਲਈ ਸਤਿਕਾਰਯੋਗ ਹਨ ਅਤੇ ਜੇਕਰ ਉਨ੍ਹਾਂ ਦੀ ਲੀਡਰਸ਼ਿਪ 'ਤੇ ਕਿਸੇ ਨੂੰ ਇਤਰਾਜ਼ ਹੈ ਤਾਂ ਉਹ ਪਾਰਟੀ ਦੇ ਕਹਿਣ 'ਤੇ ਪਾਰਟੀ ਦੀ ਪ੍ਰਧਾਨਗੀ ਛੱਡਣ ਲਈ ਵੀ ਤਿਆਰ ਹਨ।

PunjabKesari

ਬਾਦਲਾਂ ਦਾ ਐੱਸ. ਆਈ. ਟੀ. ਸਾਹਮਣੇ ਪੇਸ਼ ਹੋਣਾ 
ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਨੇ ਬਾਦਲਾਂ ਨੂੰ ਤਲਬ ਕਰਨ ਦੇ ਹੁਕਮ ਜਾਰੀ ਕੀਤੇ। ਇਹ ਪਹਿਲਾ ਮੌਕਾ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਕਿਸੇ ਜਾਂਚ ਕਮਿਸ਼ਨ ਅੱਗੇ ਪੇਸ਼ ਹੋਏ ਸਨ। ਐੱਸ. ਆਈ. ਟੀ. ਵੱਲੋਂ ਸਿਰਫ ਬਾਦਲਾਂ ਨੂੰ ਹੀ ਤਲਬ ਨਹੀਂ ਕੀਤਾ ਗਿਆ, ਸਗੋਂ ਅਕਸ਼ੈ ਕੁਮਾਰ ਨੂੰ ਵੀ ਤਲਬ ਕੀਤਾ ਗਿਆ। ਇਨ੍ਹਾਂ ਤਿੰਨਾਂ ਨੂੰ ਵੱਖ-ਵੱਖ ਤਰੀਕਾਂ 'ਚ ਤਲਬ ਕੀਤਾ ਗਿਆ। ਇਹ ਪਹਿਲਾ ਮੌਕਾ ਸੀ ਜਦੋਂ ਸੁਖਬੀਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਤਰ੍ਹਾਂ ਐੱਸ. ਆਈ. ਟੀ. ਸਾਹਮਣੇ ਪੇਸ਼ ਹੋਣਾ ਪਿਆ ਸੀ। ਇਸ ਦੌਰਾਨ ਅਕਾਲੀ ਲੀਡਰ ਪੂਰੀ ਤਰ੍ਹਾਂ ਚੁਫੇਰਿਓਂ ਘਿਰ ਚੁੱਕੇ ਸਨ। 

PunjabKesari

ਅਕਾਲੀ ਲੀਡਰਾਂ ਵੱਲੋਂ ਭੁੱਲਾਂ ਬਖਸ਼ਾਉਣਾ
ਅਖੀਰ 'ਚ ਟਕਸਾਲੀ ਆਗੂਆਂ ਦੀ ਨਾਰਾਜ਼ਗੀ ਅਤੇ ਚਾਰੋਂ ਪਾਸੇ ਘਿਰ ਜਾਣ ਤੋਂ ਬਾਅਦ ਅਕਾਲੀ ਲੀਡਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੇਵਾ ਕਰਕੇ ਆਪਣੀਆਂ ਭੁੱਲਾਂ ਭਖਸ਼ਾਈਆਂ। ਅਕਾਲੀ ਦਲ ਸਮੂਹ ਲੀਡਰਾਂ ਦੇ ਨਾਲ ਆਪਣੀ ਸਰਕਾਰ ਸਮੇਂ ਹੋਈਆਂ ਭੁੱਲਾਂ ਬਖਸ਼ਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ 'ਚ ਅਖੰਡ ਪਾਠ ਕਰਵਾਇਆ। ਇਸ ਮੌਕੇ ਅਕਾਲੀ ਦਲ ਨੇ ਪੂਰੇ ਤਿੰਨ ਦਿਨਾਂ ਤੱਕ ਇਥੇ ਰਹਿ ਕੇ ਸੇਵਾ ਕੀਤੀ। ਦੂਜੇ ਪਾਸੇ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਖਿਮਾ ਜਾਚਣਾ ਕਰਨ 'ਤੇ ਵੱਡੇ ਸਵਾਲ ਉੱਠੇ ਹਨ। ਸਿੱਖ ਬੁੱਧੀਜੀਵੀ ਅਤੇ ਵਿਰੋਧੀ ਧਿਰਾਂ ਸਵਾਲ ਕਰ ਰਹੀਆਂ ਸਨ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਵੀਕਾਰ ਲਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਪੰਥਕ ਸੰਕਟ ਲਈ ਉਹ ਹੀ ਜ਼ਿੰਮੇਵਾਰ ਹਨ।

PunjabKesari

ਵਿਧਾਨ ਸਭਾ ਦੀ ਕਮੇਟੀ ਵੱਲੋਂ ਸੁਖਬੀਰ ਬਾਦਲ ਦੋਸ਼ੀ ਕਰਾਰ
ਸੁਖਬੀਰ ਬਾਦਲ ਵੱਲੋਂ ਸਾਬਕਾ ਜਸਟਿਸ ਰਣਜੀਤ ਕਮਿਸ਼ਨ ਦੀ ਰਿਪੋਰਟ 'ਤੇ ਲਗਾਏ ਗਏ ਦੋਸ਼ਾਂ ਨੂੰ ਵਿਧਾਨ ਸਭਾ ਦੀ ਕਮੇਟੀ ਨੇ ਨਿਰ-ਆਧਾਰ ਕਰਾਰ ਦਿੱਤਾ ਸੀ। ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਵਿਧਾਨ ਸਭਾ ਦੀ ਕਮੇਟੀ ਨੇ ਇਸ ਮਾਮਲੇ 'ਚ ਸੁਖਬੀਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ।

ਦੱਸਣਯੋਗ ਹੈ ਕਿ ਅਕਾਲੀ ਦਲ ਦੇ ਪ੍ਰ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ 'ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਚ ਸ਼ਮੂਲੀਅਤ ਦੇ ਕਥਿਤ ਦੋਸ਼ ਲਗਾਏ ਸਨ। ਸੁਖਬੀਰ ਬਾਦਲ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਬਕਾਇਦਾ ਦਾਦੂਵਾਲ ਦੀ ਮੋਬਾਇਲ ਟਾਵਰ ਲੋਕੇਸ਼ਨ ਦਾ ਹਵਾਲਾ ਦੇ ਕੇ ਇਹ ਦੋਸ਼ ਲਗਾਏ ਸਨ।


author

shivani attri

Content Editor

Related News