ਕੋਰੋਨਾ ਤੋਂ ਵੀ ਭਿਆਨਕ ਸਨ ਇਹ ਵਾਇਰਸ, ਮੌਤ ਦੀ ਦਰ ਸੀ ਕਈ ਗੁਣਾ ਵੱਧ

Monday, Mar 30, 2020 - 09:33 PM (IST)

ਕੋਰੋਨਾ ਤੋਂ ਵੀ ਭਿਆਨਕ ਸਨ ਇਹ ਵਾਇਰਸ, ਮੌਤ ਦੀ ਦਰ ਸੀ ਕਈ ਗੁਣਾ ਵੱਧ

ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਮੌਜੂਦਾ ਸਮੇਂ ਵਿਚ ਫੈਲੇ ਕੋਰੋਨਾ ਵਾਇਰਸ ਨੇ ਸਮੁੱਚੀ ਦੁਨੀਆ ਵਿਚ ਆਪਣੀ ਦਹਿਸ਼ਤ ਫੈਲਾਅ ਦਿੱਤੀ ਹੈ। ਇਸ ਵਾਇਰਸ ਦਾ ਪਹਿਲਾ ਕੇਸ 31 ਦਸੰਬਰ 2019 ਨੂੰ ਸਾਹਮਣੇ ਆਇਆ ਸੀ। ਸਿਹਤ ਮਾਹਰਾਂ ਦੀ ਮੰਨੀਏ ਤਾਂ ਇਹ ਵਾਇਰਸ ਸਾਰਸ ਅਤੇ ਮਰਸ ਵਾਇਰਸਾਂ ਦੇ ਪਰਿਵਾਰ ਦਾ ਹੀ ਨਵਾਂ ਰੂਪ ਹੈ। ਇਸ ਵਾਇਰਸ ਦੀ ਖਾਸੀਅਤ ਇਹ ਹੈ ਕਿ ਇਹ ਆਪਣੀ ਬਣਤਰ ਵਿਚ ਬਦਲਾਅ ਲਿਆ ਸਕਦਾ ਹੈ ਅਤੇ ਕੁਝ ਸਮਾਂ ਪਾ ਕੇ ਆਪਣੇ ਪਹਿਲਾਂ ਵਾਲੇ ਰੂਪ ਤੋਂ ਵੱਧ ਘਾਤਕ ਹੋ ਕੇ ਸਾਹਮਣੇ ਆਉਂਦਾ ਹੈ। ਇਹ ਵੀ ਸੱਚ ਹੈ ਕਿ ਮਨੁੱਖੀ ਨਸਲ ਉੱਤੇ ਇਨ੍ਹਾਂ ਵਾਇਰਸਾਂ ਦਾ ਹਮਲਾ ਕੋਈ ਨਵੀਂ ਗੱਲ ਨਹੀਂ ਪਰ ਪਿਛਲੇ ਦੋ ਦਹਾਕਿਆਂ ਤੋਂ ਸਵਾਈਨ ਫਲੂ, ਸਾਰਸ ਅਤੇ ਮਰਸ ਜਿਹੇ ਵਾਇਰਸਾਂ ਨੇ ਸਾਨੂੰ ਕਾਫੀ ਭੈਅਭੀਤ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਚੇਚਕ, ਚਿਕਨਪਾਕਸ  ਖਸਰਾ, ਡੇਂਗੂ, ਚਿਕਨਗੁਨੀਆ ਆਦਿ ਵੀ ਹਨ, ਜਿੰਨਾ ਨੇ ਵੱਡੀ ਪੱਧਰ ’ਤੇ ਸਾਡੀ ਜਾਨੀ ਨੁਕਾਸਾਨ ਕੀਤਾ ਹੈ।

ਇਨ੍ਹਾਂ ਵਾਇਰਸਾਂ ਤੋਂ ਘੱਟ ਖਤਰਨਾਕ ਹੈ ਕੋਰੋਨਾ ਵਾਇਰਸ
ਵੈੱਬਸਾਈਟ ਵਰਡਓਮੀਟਰ ਦੇ ਅੰਕੜਿਆਂ ਨੂੰ ਧਿਆਨ ਨਾਲ ਵੇਖੀਏ ਤਾਂ ਹੁਣ ਤੱਕ ਇਸ ਵਾਇਰਸ ਨਾਲ ਹੋਈਆਂ ਮੌਤਾਂ ਦੀ ਦਰ 2 ਫੀਸਦੀ ਦੇ ਕਰੀਬ ਹੈ ਭਾਵੇਂ ਕਿ ਇਸਦੇ ਫੈਲਣ ਦੀ ਰਫ਼ਤਾਰ ਕਾਫ਼ੀ ਤੇਜ਼ ਹੈ। ਇਹ ਵੀ ਸੱਚਾਈ ਹੈ ਕਿ ਇਸ ਵਾਇਰਸ ਦੀ ਅਜੇ ਤੱਕ ਸਾਡੇ ਕੋਲ ਕੋਈ ਕਾਰਗਰ ਦਵਾਈ ਨਹੀਂ ਹੈ। ਇਸਦੇ ਉਲਟ ਪਿਛਲੇ ਦਹਾਕਿਆਂ ਦੌਰਾਨ ਫੈਲੇ ‘ਸਾਰਸ’ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਕਾਫ਼ੀ ਜ਼ਿਆਦਾ ਸੀ। ਇਹ ਸੱਚਾਈ ਹੈ ਕਿ ਵਾਇਰਸ ਓਨੀ ਤੇਜ਼ ਰਫਤਾਰ ਨਾਲ ਨਹੀਂ ਫੈਲੇ ਜਿੰਨੀ ਤੇਜ਼ੀ ਨਾਲ ਕੋਰੋਨਾ ਵਾਇਰਸ ਫੈਲਿਆ ਹੈ ਪਰ ਇਸ ਨਾਲ ਹੋਈਆਂ ਮੌਤਾਂ ਦੀ ਦਰ 10 ਫੀਸਦੀ ਦੇ ਕਰੀਬ ਸੀ। ਇਹ ਵਾਇਰਸ 2003 ਵਿਚ ਵਿਚ ਦੋ ਦਰਜਨ ਤੋਂ ਵਧੇਰੇ ਦੇਸ਼ਾਂ ਵਿਚ ਫੈਲਿਆ ਸੀ। ਗੱਲ ਇਸ ਵਰਗੇ ਹੀ ਦੂਜੇ ਵਾਇਰਸ ‘ਮਰਸ’ ਦੀ ਕਰੀਏ ਤਾਂ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਤਾਂ ਇਸ ਤੋਂ ਵੀ ਕਰੀਬ ਚਾਰ ਗੁਣਾਂ ਵੱਧ ਸੀ। ਇਸ ਵਾਇਰਸ ਨਾਲ ਹੋਈਆਂ ਮੌਤਾਂ ਦੀ ਦਰ 34 ਫੀਸਦੀ ਸੀ, ਜੋ ਕਾਫੀ ਭਿਆਨਕ ਸੀ। ਇਸੇ ਤਰ੍ਹਾਂ ਸਾਲ 2015 ’ਚ ਭਾਰਤ ਵਿਚ ਫੈਲੇ ਸਵਾਈਨ ਫਲੂ ਦੇ ਕਾਰਨ 42,592 ਮਾਮਲੇ ਸਾਹਮਣੇ ਆਏ ਸਨ। ਇਸ ਰੋਗ ਨਾਲ 2990 ਲੋਕਾਂ ਦੀ ਜਾਨਾਂ ਵੀ ਚਲੇ ਗਈਆਂ। ਇਸੇ ਤਰ੍ਹਾਂ ਅਮਰੀਕਾ ਵਿਚ ਹੋਣ ਵਾਲੇ ਆਮ ਫਲੂ ਕਾਰਨ ਕਰੀਬ 35 ਹਜ਼ਾਰ ਲੋਕਾਂ ਦੀ ਜਾਨ ਹਰ ਸਾਲ ਚਲੀ ਜਾਂਦੀ ਹੈ।
PunjabKesari

ਵੱਖ-ਵੱਖ ਦੇਸ਼ਾਂ ਵਿਚ ਮੌਤ ਦਰ ਦਾ ਵੀ ਹੈ ਕਾਫੀ ਫਰਕ
 ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਵੱਖ-ਵੱਖ ਦੇਸ਼ਾਂ ਵਿਚ ਵਿਚ ਮੌਤ ਦਰ ਵੀ ਵੱਖ-ਵੱਖ ਹੈ। ਇਟਲੀ ਵਿਚ ਇਹ ਦਰ ਕਾਫੀ ਵੱਧ ਹੈ, ਜੋ ਕਿ 10 ਫੀਸਦੀ ਦੇ ਕਰੀਬ ਹੈ। ਇਸ ਤੋਂ ਬਾਅਦ ਈਰਾਨ ਅਤੇ ਸਪੇਨ ਵਿੱਚ ਇਹ ਦਰ 7 ਫੀਸਦੀ ਦੇ ਕਰੀਬ ਹੈ। ਇਸ ਦੇ ਮੁਕਾਬਲੇ ਦੱਖਣੀ ਕੋਰੀਆ ਅਤੇ ਯੂ.ਐੱਸ. ਵਿਚ ਕਾਫੀ ਘੱਟ ਭਾਵ 1.5 ਫੀਸਦ ਦੇ ਕਰੀਬ ਹੈ। ਜਰਮਨੀ ਵਿਚ ਇਹ ਅੰਕੜਾ ਹੋਰ ਵੀ ਘੱਟ ਹੈ 0.5 ਫੀਸਦੀ ਦੇ ਨੇੜੇ ਹੈ। ਆਉਣ ਵਾਲੇ ਦਿਨਾਂ ਵਿਚ ਜੇਕਰ ਕੋਰੋਨਾ ਵਾਇਰਸ ਦੀ ਕੋਈ ਕਾਰਗਰ ਵੈਕਸਨ ਸਾਹਮਣੇ ਆ ਜਾਂਦੀ ਹੈ ਤਾਂ ਇਸ ਵਾਇਰਸ ਨੂੰ ਅਸੀਂ ਪੂਰੀ ਤਰ੍ਹਾਂ ਕੰਟਰੋਲ ਕਰ ਲਵਾਂਗੇ।


author

jasbir singh

News Editor

Related News