ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ, ਵੱਧ ਰਿਹਾ ਇਸ ਬੀਮਾਰੀ ਦਾ ਕਹਿਰ, ਅੰਕੜੇ ਕਰਨਗੇ ਪਰੇਸ਼ਾਨ

01/23/2024 12:00:08 PM

ਚੰਡੀਗੜ੍ਹ (ਅਰਚਨਾ ਸੇਠੀ) : ਪੰਜਾਬ 'ਚ ਕੈਂਸਰ ਦਾ ਕਹਿਰ ਵੱਧਦਾ ਜਾ ਰਿਹਾ ਹੈ। ਜੇਕਰ ਅੰਕੜਿਆਂ ਦੀ ਮੰਨੀਏ ਤਾਂ ਸੂਬੇ 'ਚ ਹਰ ਸਾਲ ਕੈਂਸਰ ਦੇ 2 ਹਜ਼ਾਰ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। ਕੈਂਸਰ ਇੰਸਟੀਚਿਊਟ ਅੰਮ੍ਰਿਤਸਰ 'ਚ 4 ਹਜ਼ਾਰ ਕੈਂਸਰ ਦੇ ਮਰੀਜ ਰਜਿਸਟਰਡ ਹੋਏ ਹਨ। ਜ਼ਿਆਦਾਤਰ ਮਰੀਜ਼ ਔਰਤਾਂ 'ਚ ਛਾਤੀ ਅਤੇ ਸਰਵਿਕਸ ਕੈਂਸਰ, ਜਦੋਂ ਕਿ ਮਰਦਾਂ 'ਚ ਮੂੰਹ ਦੇ ਅਤੇ ਫੇਫੜਿਆਂ ਦੇ ਕੈਂਸਰ ਦੇ ਸਭ ਤੋਂ ਵੱਧ ਮਰੀਜ਼ ਦੇਖਣ ਨੂੰ ਮਿਲ ਰਹੇ ਹਨ। ਸਟੇਟ ਕੈਂਸਰ ਇੰਸਟੀਚਿਊਟ, ਅੰਮ੍ਰਿਤਸਰ ਦੀ ਰਿਪੋਰਟ ਇਹ ਵੀ ਕਹਿੰਦੀ ਹੈ ਕਿ ਸੂਬੇ 'ਚ ਫੂਡ ਪਾਈਪ, ਪ੍ਰੋਸਟੇਟ, ਗਾਲ ਬਲੈਡਰ, ਲਿਵਰ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵੀ ਵੱਧ ਰਹੀ ਹੈ। ਪਿਛਲੇ 2 ਸਾਲਾਂ 'ਚ ਸੰਸਥਾ 'ਚ ਛਾਤੀ ਦੇ ਕੈਂਸਰ ਦੇ 865, ਸਿਰ ਅਤੇ ਗਰਦਨ ਦੇ ਕੈਂਸਰ ਦੇ 415, ਸਰਵਿਕਸ ਕੈਂਸਰ ਦੇ 328 ਨਵੇਂ ਮਰੀਜ਼ ਸਾਹਮਣੇ ਆਏ ਹਨ। ਕੈਂਸਰ ਮਾਹਿਰਾਂ ਦਾ ਕਹਿਣਾ ਹੈ ਕਿ ਤੰਬਾਕੂ ਅਤੇ ਸਿਗਰਟ ਦੇ ਸੇਵਨ ਤੋਂ ਇਲਾਵਾ ਸ਼ਰਾਬ ਦੀ ਲਤ ਮਰਦਾਂ 'ਚ ਕੈਂਸਰ ਦਾ ਕਾਰਨ ਬਣ ਰਹੀ ਹੈ, ਜਦੋਂ ਕਿ ਔਰਤਾਂ ਹਾਰਮੋਨਜ਼ 'ਚ ਬਦਲਾਅ ਕਾਰਨ ਕੈਂਸਰ ਦਾ ਸ਼ਿਕਾਰ ਹੋ ਰਹੀਆਂ ਹਨ। ਖੇਤੀ 'ਚ ਕੀਟਨਾਸ਼ਕਾਂ ਅਤੇ ਰਸਾਇਣਾਂ ਦੀ ਜ਼ਿਆਦਾ ਵਰਤੋਂ ਨੂੰ ਵੀ ਕੈਂਸਰ ਦਾ ਕਾਰਨ ਮੰਨਿਆ ਜਾਂਦਾ ਹੈ। ਅੰਕੜੇ ਦੱਸਦੇ ਹਨ ਕਿ ਇਕ ਲੱਖ ਦੀ ਆਬਾਦੀ ਵਿਚੋਂ 80 ਲੋਕ ਕੈਂਸਰ ਤੋਂ ਪੀੜਤ ਪਾਏ ਜਾਂਦੇ ਹਨ।

ਇਹ ਵੀ ਪੜ੍ਹੋ : ਕੜਾਕੇ ਦੀ ਠੰਡ ਦੌਰਾਨ ਫਿਰ ਵਧੀਆਂ ਛੁੱਟੀਆਂ, ਜਾਣੋ ਕਦੋਂ ਤੱਕ ਬੰਦ ਰਹਿਣਗੇ ਸਕੂਲ
ਅਤਿ-ਆਧੁਨਿਕ ਤਕਨੀਕ, ਨਵੀਨਤਮ ਮਸ਼ੀਨਾਂ ਦੇ ਰਹੀਆਂ ਹਨ ਇਲਾਜ
ਕੈਂਸਰ ਦੇ ਮਰੀਜਾਂ ਦਾ ਇਲਾਜ ਸਟੇਟ ਕੈਂਸਰ ਇੰਸਟੀਚਿਊਟ ਅੰਮ੍ਰਿਤਸਰ ਵਿਖੇ ਅਤਿ-ਆਧੁਨਿਕ ਤਕਨੀਕ, ਐਡਵਾਂਸ ਅਪਰੇਸਨ ਥੀਏਟਰ ਅਤੇ ਨਵੀਨਤਮ ਮਸ਼ੀਨਾਂ ਦੀ ਮਦਦ ਨਾਲ ਕੀਤਾ ਜਾ ਰਿਹਾ ਹੈ। 114 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਇੰਸਟੀਚਿਊਟ ਦੀ ਉਸਾਰੀ ਲਈ ਕੇਂਦਰ ਸਰਕਾਰ ਨੇ 60 ਫ਼ੀਸਦੀ, ਜਦਕਿ ਸੂਬਾ ਸਰਕਾਰ ਨੇ 40 ਫ਼ੀਸਦੀ ਨਿਵੇਸ਼ ਕੀਤਾ ਹੈ। ਓਨਕੋਲੋਜਿਸਟ ਡਾਕਟਰ ਇੱਥੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਰੇਡੀਓਥੈਰੇਪੀ ਅਤੇ ਕੀਮੋਥੈਰੇਪੀ ਤੋਂ ਇਲਾਵਾ ਕੈਂਸਰ ਦਾ ਇਲਾਜ ਸਰਜਰੀ ਨਾਲ ਵੀ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕੈਂਸਰ ਨਾਲ ਸਬੰਧਿਤ ਸਰਜਰੀਆਂ ਲਈ ਮਰੀਜ਼ ਪ੍ਰਾਈਵੇਟ ਹਸਪਤਾਲਾਂ ਵਿਚ ਰੁਲਦੇ ਸਨ। ਕੈਂਸਰ ਦੇ ਇਲਾਜ ਲਈ, ਸੰਸਥਾ ਨੇ ਨਿਊਕਲੀਅਰ ਮੈਡੀਸਨ, ਸਰਜਰੀ ਓਨਕੋਲੋਜੀ, ਡਾਇਗਨੌਸਟਿਕ ਸੈਂਟਰ, ਮੈਡੀਕੋਲੋਜਿਸਟ ਵਿਭਾਗ, ਗਾਇਨੀਕੋਲੋਜੀ, ਈ. ਐੱਨ. ਟੀ. ਸਿਰ ਅਤੇ ਗਰਦਨ ਦੇ ਕੈਂਸਰ ਸਰਜਰੀ ਵਿਭਾਗ ਤੋਂ ਇਲਾਵਾ ਕੈਂਸਰ ਨਾਲ ਸਬੰਧਿਤ ਹੋਰ ਵਿਭਾਗ ਵੀ ਸ਼ੁਰੂ ਕੀਤੇ ਗਏ ਹਨ। ਅੰਮ੍ਰਿਤਸਰ 'ਚ ਸਟੇਟ ਕੈਂਸਰ ਇੰਸਟੀਚਿਊਟ ਦੀ ਉਸਾਰੀ ਨੂੰ ਸਾਲ 2016 'ਚ ਮਨਜ਼ੂਰੀ ਦਿੱਤੀ ਗਈ ਸੀ। ਸੰਸਥਾਨ ਦਾ ਨਿਰਮਾਣ ਸਾਲ 2017 'ਚ ਸ਼ੁਰੂ ਕੀਤਾ ਗਿਆ ਸੀ। ਇੰਸਟੀਚਿਊਟ ਦੀ ਇਮਾਰਤ ਸਾਲ 2021 'ਚ ਬਣ ਕੇ ਤਿਆਰ ਹੋ ਜਾਣੀ ਸੀ ਪਰ ਕਰੋਨਾ ਦੇ ਦੌਰ ਕਾਰਨ ਇਸ ਦੀ ਉਸਾਰੀ ਦਾ ਕੰਮ ਕਈ ਮਹੀਨਿਆਂ ਤੋਂ ਰੁਕਿਆ ਰਿਹਾ। ਕੋਰੋਨਾ ਤੋਂ ਰਾਹਤ ਮਿਲਣ ਤੋਂ ਬਾਅਦ ਦੁਬਾਰਾ ਸ਼ੁਰੂ ਹੋ ਸਕਿਆ ਸੀ। ਸੰਸਥਾਨ ਦਾ ਨਿਰਮਾਣ ਤਿੰਨ ਪੜਾਵਾਂ 'ਚ ਕੀਤਾ ਜਾ ਰਿਹਾ ਹੈ। ਪਹਿਲੇ ਦੋ ਪੜਾਵਾਂ 'ਚ ਬਿਲਡਿੰਗ, ਓ. ਪੀ. ਡੀ. ਅਤੇ ਸਰਜਰੀ ਸ਼ੁਰੂ ਕੀਤੀ ਗਈ ਸੀ। ਤੀਜੇ ਪੜਾਅ 'ਚ ਨਿਊਕਲੀਅਰ ਮੈਡੀਸਨ ਵਿਭਾਗ ਇੰਸਟੀਚਿਊਟ 'ਚ ਪੀ. ਈ. ਟੀ. ਸਕੈਨ ਅਤੇ ਗਾਮਾ ਨਾਈਫ਼ ਨਾਲ ਇਲਾਜ ਦੀਆਂ ਸਹੂਲਤਾਂ ਸੁਰੂ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ : ਮੋਗਾ 'ਚ ਵੱਡਾ ਹਾਦਸਾ, ਟਰੇਨ ਦੀ ਲਪੇਟ 'ਚ ਆਉਣ ਕਾਰਨ ਮਾਂ ਅਤੇ ਮਾਸੂਮ ਬੱਚੇ ਦੀ ਮੌਤ
ਕੈਂਸਰ ਦੀ ਜਾਂਚ 'ਚ ਨਾ ਕਰੋ ਦੇਰੀ
ਸਟੇਟ ਕੈਂਸਰ ਇੰਸਟੀਚਿਊਟ ਵਿਖੇ ਕੈਂਸਰ ਵਿਭਾਗ ਦੇ ਐੱਚ. ਓ. ਡੀ. ਅਤੇ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਦਾ ਕਹਿਣਾ ਹੈ ਕਿ ਕੈਂਸਰ ਪ੍ਰਤੀ ਲੋਕਾਂ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਤੁਹਾਨੂੰ ਆਪਣੇ ਸਰੀਰ ਬਾਰੇ ਸ਼ੱਕ ਹੋਵੇ ਤਾਂ ਇਸ ਨੂੰ ਹਲਕੇ 'ਚ ਨਾ ਲਓ। ਤੁਰੰਤ ਜਾਂਚ ਕਰਵਾਓ। ਤੰਬਾਕੂ ਦਾ ਸੇਵਨ ਮੂੰਹ ਅਤੇ ਫੇਫੜਿਆਂ ਦੇ ਕੈਂਸਰ ਨੂੰ ਵਧਾ ਰਿਹਾ ਹੈ। ਹੁਣ ਫੂਡ ਪਾਈਪ, ਲੀਵਰ ਅਤੇ ਪ੍ਰੋਸਟੇਟ ਕੈਂਸਰ ਦੇ ਮਰੀਜ਼ ਵੀ ਵੱਡੀ ਗਿਣਤੀ ਵਿੱਚ ਅੱਗੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਸੰਸਥਾ 'ਚ ਜਲਦੀ ਹੀ ਪੋਜੀਟਰੋਨ ਐਮੀਸ਼ਨ ਟੋਮੋਗ੍ਰਾਫ਼ੀ ਸਕੈਨ (ਪੈਟ ਸਕੈਨ) ਦੀ ਸਹੂਲਤ ਵੀ ਸ਼ੁਰੂ ਕੀਤੀ ਜਾਵੇਗੀ। ਪੈਟ ਸਕੈਨ ਦੇ ਨਾਲ ਸੀਟੀ ਸਕੈਨ ਵੀ ਕੀਤਾ ਜਾਂਦਾ ਹੈ ਤਾਂ ਜੋ ਕੈਂਸਰ ਦੀ ਸਹੀ ਸਥਿਤੀ ਅਤੇ ਸਟੇਜ ਦਾ ਪਤਾ ਲਗਾਇਆ ਜਾ ਸਕੇ। ਸੰਸਥਾ ਦੇ ਤੀਜੇ ਪੜਾਅ ਤਹਿਤ 6 ਮਹੀਨਿਆਂ ਦੇ ਅੰਦਰ ਪੈਟ ਸਕੈਨ ਅਤੇ ਗਾਮਾ ਕੈਮਰੇ ਦੀ ਸਹੂਲਤ ਸ਼ੁਰੂ ਕਰ ਦਿੱਤੀ ਜਾਵੇਗੀ। ਨਿਊਕਲੀਅਰ ਮੈਡੀਸਨ ਵਿਭਾਗ ਵੀ ਸ਼ਾਨਦਾਰ ਢੰਗ ਨਾਲ ਕੰਮ ਕਰ ਸਕੇਗਾ। ਮੌਜੂਦਾ ਸਮੇਂ 'ਚ ਕੋਬਾਲਟ ਯੂਨਿਟ ਵਿੱਚ ਅਤਿ ਆਧੁਨਿਕ ਲੀਨੀਅਰ ਐਕਸੀਲੇਟਰ ਮਸ਼ੀਨ ਰਾਹੀਂ ਕੈਂਸਰ ਦੇ ਮਰੀਜਾਂ ਦਾ ਇਲਾਜ ਕੀਤਾ ਜਾ ਰਿਹਾ ਹੈ। 13 ਕਰੋੜ ਰੁਪਏ ਦੀ ਇਸ ਮਸ਼ੀਨ ਦੀ ਖ਼ਾਸੀਅਤ ਇਹ ਹੈ ਕਿ ਇਹ ਸਿਰਫ਼ ਕੈਂਸਰ ਸੈੱਲਾਂ ’ਤੇ ਹੀ ਹਮਲਾ ਕਰਦੀ ਹੈ। ਮੈਡੀਕਲ ਕਾਲਜ ਨੇੜੇ ਭਾਭਾ ਟਰੌਨ ਅਤੇ ਥੈਰਾ ਟਰੌਨ ਮਸ਼ੀਨਾਂ ਵੀ ਲਗਾਈਆਂ ਗਈਆਂ ਹਨ। ਸੰਸਥਾ ਵਿਚ ਅੰਮ੍ਰਿਤਸਰ ਤੋਂ ਇਲਾਵਾ ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਤੋਂ ਵੀ ਮਰੀਜ਼ ਕੈਂਸਰ ਦੇ ਇਲਾਜ ਲਈ ਪਹੁੰਚ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


Babita

Content Editor

Related News