ਖਲੀ ਤੋਂ ਵੀ ਲੰਮੇ ਕੱਦ ਦਾ ਹੈ ਅੰਮ੍ਰਿਤਸਰ ਦਾ ਜਗਦੀਪ, ਵਿਸ਼ਵ ਦਾ ਸਭ ਤੋਂ ਲੰਮਾ ਪੁਲਸ ਮੁਲਾਜ਼ਮ
Thursday, Jun 28, 2018 - 06:45 AM (IST)
ਅੰਮ੍ਰਿਤਸਰ (ਏਜੰਸੀਆਂ) - ਤੁਸੀਂ ਬਹੁਤ ਸਾਰੇ ਲੋਕਾਂ ਬਾਰੇ ਸੁਣਿਆ ਹੋਵੇਗਾ, ਜੋ ਬਹੁਤ ਲੰਮੇ ਹਨ। ਕਿਸੇ ਦੇਸ਼ ਵਿਚ ਸਭ ਤੋਂ ਲੰਮਾ ਵਿਅਕਤੀ ਰਹਿੰਦਾ ਹੈ ਤਾਂ ਕਿਸੇ ਵਿਚ ਸਭ ਤੋਂ ਲੰਮੀ ਔਰਤ ਬਾਰੇ ਸੁਣਿਆ ਹੋਵੇਗਾ। ਇਨ੍ਹਾਂ ਸਾਰਿਆਂ ਦਾ ਨਾਂ ਰਿਕਾਰਡ ਬੁਕ ਵਿਚ ਦਰਜ ਹੈ ਪਰ ਅਸੀਂ ਜਿਸ ਭਾਰਤੀ ਵਿਅਕਤੀ ਦੀ ਗੱਲ ਕਰ ਰਹੇ ਹਾਂ ਉਹ ਨਾ ਤਾਂ ਗ੍ਰੇਟ ਖਲੀ ਹੈ ਅਤੇ ਨਾ ਹੀ ਦਾਰਾ ਸਿੰਘ। ਅਸੀਂ ਗੱਲ ਕਰ ਰਹੇ ਹਾਂ ਪੰਜਾਬ ਪੁਲਸ ਦੇ ਜਗਦੀਪ ਸਿੰਘ ਬਾਰੇ। ਅੰਮ੍ਰਿਤਸਰ ਵਿਚ ਪੈਦਾ ਹੋਇਆ ਜਗਦੀਪ, ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ ਵਿਚ ਸਭ ਤੋਂ ਲੰਮੇ ਕੱਦ ਦਾ ਪੁਲਸ ਮੁਲਾਜ਼ਮ ਹੈ।
ਅੱਜਕਲ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਖੂਬ ਚਰਚਾ ਹੈ। ਇਕ ਖਬਰ ਮੁਤਾਬਕ ਉਹ ਰੈਸਲਰ ਗ੍ਰੇਟ ਖਲੀ ਤੋਂ 5 ਇੰਚ ਲੰਮੇ ਹਨ। ਜਗਦੀਪ ਦੀ ਲੰਬਾਈ 7 ਫੁੱਟ 6 ਇੰਚ ਹੈ ਅਤੇ ਗ੍ਰੇਟ ਖਲੀ ਦੀ 7 ਫੁੱਟ 1 ਇੰਚ। ਜਗਦੀਪ 18 ਸਾਲ ਤੋਂ ਪੰਜਾਬ ਪੁਲਸ ਵਿਚ ਹਨ। ਪੁਲਸ ਦੇ ਨਾਲ-ਨਾਲ ਫਿਲਮ ਇੰਡਸਟਰੀ ਵਿਚ ਵੀ ਉਨ੍ਹਾਂ ਦੀ ਵੱਖਰੀ ਪਛਾਣ ਹੈ। ਫਿਲਮ 'ਰੰਗ ਦੇ ਬਸੰਤੀ','ਫਿਰ ਹੇਰਾਫੇਰੀ','ਤੀਨ ਥੇ ਭਾਈ' ਅਤੇ 'ਵੈੱਲਕਮ ਨਿਊਯਾਰਕ' ਵਿਚ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਜਲਵੇ ਦਿਖਾਏ ਹਨ।
ਸਿਰਫ ਡਿਊਟੀ ਤੇ ਪਰਿਵਾਰ ਨਾਲ ਪਿਆਰ
ਜਗਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਰਫ ਆਪਣੀ ਡਿਊਟੀ ਤੇ ਆਪਣੇ ਪਰਿਵਾਰ ਨਾਲ ਪਿਆਰ ਹੈ। ਹਰ ਵਿਅਕਤੀ ਚਾਹੁੰਦਾ ਹੈ ਕਿ ਉਹ ਹੋਰਨਾਂ ਤੋਂ ਵੱਖਰਾ ਦਿਖਾਈ ਦੇਵੇ। ਮੈਨੂੰ ਲੰਬਾਈ ਕਾਰਨ ਵੱਖਰੀ ਪਛਾਣ ਮਿਲੀ। ਲੰਮੇ ਕੱਦ ਦਾ ਮੈਨੂੰ ਫਾਇਦਾ ਵੀ ਹੋਇਆ ਅਤੇ ਨੁਕਸਾਨ ਵੀ। ਨੁਕਸਾਨ ਇਹ ਕਿ ਮੇਰੀ ਲੰਬਾਈ ਦੇ ਅਨੁਸਾਰ ਦਰਵਾਜ਼ਿਆਂ ਦੀ ਉਚਾਈ ਘੱਟ ਹੈ। ਜਿਥੇ ਵੀ ਜਾਂਦਾ ਹਾਂ, ਝੁਕ ਕੇ ਦਾਖਲ ਹੋਣਾ ਪੈਂਦਾ ਹੈ।
ਵਿਦੇਸ਼ ਤੋਂ ਮੰਗਵਾਉਂਦਾ ਹਾਂ ਜੁੱਤੀਆਂ ਤੇ ਕੱਪੜੇ
ਜਗਦੀਪ ਦਾ ਕਹਿਣਾ ਹੈ ਕਿ ਮੇਰੇ ਸਾਈਜ਼ ਦੇ ਰੈਡੀਮੇਡ ਕੱਪੜੇ ਤੇ ਜੁੱਤੀਆਂ ਵੀ ਮਾਰਕੀਟ ਵਿਚ ਨਹੀਂ ਮਿਲਦੀਆਂ। ਕੁਝ ਦੋਸਤ ਵਿਦੇਸ਼ ਵਿਚ ਰਹਿੰਦੇ ਹਨ। ਉਨ੍ਹਾਂ ਤੋਂ ਰੈਡੀਮੇਡ ਕੱਪੜੇ ਅਤੇ ਜੁੱਤੀਆਂ ਮੰਗਵਾਉਂਦਾ ਹਾਂ। ਦਰਜ਼ੀ ਤੋਂ ਕੱਪੜੇ ਸਿਲਾਈ ਕਰਵਾਉਣ ਜਾਂਦਾ ਹਾਂ ਤਾਂ ਉਹ ਮੇਰਾ ਕੱਦ-ਕਾਠ ਦੇਖ ਕੇ ਹੈਰਾਨ-ਪ੍ਰੇਸ਼ਾਨ ਰਹਿ ਜਾਂਦਾ ਹੈ। ਜਗਦੀਪ ਨੂੰ 19 ਨੰਬਰ ਦੀ ਜੁੱਤੀ ਆਉਂਦੀ ਹੈ ਅਤੇ ਉਸ ਦਾ ਭਾਰ 190 ਕਿਲੋਗ੍ਰਾਮ ਹੈ।
ਬੇਟੀ ਕਹਿੰਦੀ ਹੈ ਪਾਪਾ ਤੁਸੀਂ ਬਹੁਤ ਵੱਡੇ ਹੋ
ਜਗਦੀਪ ਕਹਿੰਦੇ ਹਨ ਕਿ ਮੇਰੀ 10 ਸਾਲ ਦੀ ਬੇਟੀ ਹੈ। ਉਹ ਮੈਨੂੰ ਦੇਖ ਕੇ ਬਹੁਤ ਖੁਸ਼ ਹੁੰਦੀ ਹੈ ਅਤੇ ਕਹਿੰਦੀ ਹੈ ਕਿ ਪਾਪਾ ਤੁਸੀਂ ਬਹੁਤ ਵੱਡੇ ਹੋ। ਜਗਦੀਪ ਬਾਰੇ ਲੋਕਾਂ ਵਿਚ ਇੰਨਾ ਕ੍ਰੇਜ਼ ਹੈ ਕਿ ਉਨ੍ਹਾਂ ਨੂੰ ਦੇਖਦੇ ਹੀ ਲੋਕ ਸੈਲਫੀ ਲੈਣ ਲਗਦੇ ਹਨ। ਜਗਦੀਪ ਬਾਰੇ ਇਕ ਦਿਲਚਸਪ ਗੱਲ ਇਹ ਵੀ ਹੈ ਕਿ ਵਿਆਹ ਲਈ ਉਨ੍ਹਾਂ ਲਈ ਲੜਕੀ ਲੱਭਣ ਵਿਚ ਕਾਫੀ ਪ੍ਰੇਸ਼ਾਨੀ ਹੋਈ ਪਰ ਇਕ ਦਿਨ ਉਨ੍ਹਾਂ ਨੂੰ ਸੁਖਬੀਰ ਦੇ ਰੂਪ ਵਿਚ ਲਾਈਫ ਪਾਰਟਨਰ ਮਿਲੀ, ਜਿਸ ਦਾ ਕੱਦ 5 ਫੁੱਟ 11 ਇੰਚ ਹੈ।
ਜਗਦੀਪ ਨੂੰ ਜਾਣਨ ਵਾਲੇ ਲੋਕ ਕਹਿੰਦੇ ਹਨ ਅਸਧਾਰਣ ਲੰਬਾਈ ਕਾਰਨ ਉਨ੍ਹਾਂ ਦਾ ਰੁਤਬਾ ਵਧਿਆ ਹੈ ਪਰ ਉਨ੍ਹਾਂ ਵਿਚ ਰੱਤੀ ਭਰ ਵੀ ਹੰਕਾਰ ਨਹੀਂ। ਉਹ ਸਭ ਨਾਲ ਬਹੁਤ ਪਿਆਰ ਨਾਲ ਮਿਲਦੇ ਹਨ। ਸਭ ਤੋਂ ਲੰਮੇ ਪੁਲਸਮੈਨ ਦੇ ਰੂਪ ਵਿਚ ਪ੍ਰਸਿੱਧ ਜਗਦੀਪ ਤੋਂ ਪਹਿਲਾਂ ਇਹ ਪ੍ਰਸਿੱਧੀ ਹਰਿਆਣਾ ਦੇ 7 ਫੁੱਟ 4 ਇੰਚ ਲੰਮੇ ਰਾਜੇਸ਼ ਦੇ ਨਾਂ ਸੀ।
