ਪੰਜਾਬ ਸਰਕਾਰ ਵਲੋਂ 1 ਦਸੰਬਰ ਤੋਂ ਵਿਸ਼ਵ ਕਬੱਡੀ ਕੱਪ ਕਰਵਾਉਣ ਦਾ ਐਲਾਨ

Wednesday, Nov 13, 2019 - 06:53 PM (IST)

ਪੰਜਾਬ ਸਰਕਾਰ ਵਲੋਂ 1 ਦਸੰਬਰ ਤੋਂ ਵਿਸ਼ਵ ਕਬੱਡੀ ਕੱਪ ਕਰਵਾਉਣ ਦਾ ਐਲਾਨ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ ਪਹਿਲੀ ਦਸੰਬਰ ਤੋਂ 10 ਦਸੰਬਰ ਤੱਕ ਕਰਵਾਉਣ ਦਾ ਐਲਾਨ ਕੀਤਾ ਹੈ। ਇਹ ਐਲਾਨ ਅੱਜ ਪੰਜਾਬ ਦੇ ਖੇਡ ਮੰਤਰੀ ਵਲੋਂ ਕੀਤਾ ਗਿਆ। ਅੱਜ ਸਥਾਨਿਕ ਪੰਜਾਬ ਭਵਨ ਵਿਖੇ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਖੇਡ ਵਿਭਾਗ ਦੇ ਸੀਨੀਅਰ ਅਧਿਕਾਰੀ ਦੀ ਉੱਚ ਪੱਧਰ ਮੀਟਿੰਗ ਦੌਰਾਨ ਖੇਡ ਮੰਤਰੀ ਨੇ ਇਸ ਟੂਰਨਾਮੈਂਟ ਸੰਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। 

ਮੰਤਰੀ ਨੇ ਦੱਸਿਆ ਕਿ ਇਸ ਵਿਸ਼ਵ ਕਬੱਡੀ ਕੱਪ ਦਾ ਉਦਘਾਟਨ ਪਹਿਲੀ ਦਸੰਬਰ ਨੂੰ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਹੋਵੇਗਾ ਅਤੇ ਇਸ ਦਿਨ ਚਾਰ ਕਬੱਡੀ ਮੈਚ ਖੇਡੇ ਜਾਣਗੇ। ਇਸੇ ਤਰ੍ਹਾਂ ਹੀ ਇਸ ਟੂਰਨਾਮੈਂਟ ਦਾ ਸਮਾਪਨ ਸਮਾਰੋਹ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਡੇਰਾ ਬਾਬਾ ਨਾਨਕ ਵਿਖੇ ਹੋਵੇਗਾ ਅਤੇ ਇਸ ਦਿਨ ਫਾਈਨਲ ਮੈਚ ਤੋਂ ਇਲਾਵਾ ਤੀਜੇ ਅਤੇ ਚੌਥੇ ਸਥਾਨ ਲਈ ਮੈਚ ਹੋਵੇਗਾ। ਇਸ ਤੋਂ ਇਲਾਵਾ ਦੋ ਮੈਚ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ, ਦੋ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ, ਦੋ ਸਪੋਰਟਸ ਸਟੇਡੀਅਮ ਬਠਿੰਡਾ, ਦੋ ਸਪੋਰਟਸ ਸਟੇਡੀਅਮ ਵਾਈ.ਪੀ.ਐਸ. ਪਟਿਆਲਾ ਅਤੇ ਸੈਮੀ ਫਾਇਨਲ ਚਰਨ ਗੰਗਾ ਸਪੋਰਟਸ ਸਟੇਡੀਅਮ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣਗੇ।

ਮਿਲੀ ਜਾਣਕਾਰੀ ਮੁਤਾਬਕ ਇਸ ਟੂਰਨਾਮੈਂਟ ਵਿਚ 9 ਟੀਮਾਂ ਹਿੱਸਾ ਲੈਣਗੀਆਂ ਜਿਨ੍ਹਾਂ ਵਿਚ ਭਾਰਤ, ਅਮਰੀਕਾ, ਆਸਟਰੇਲੀਆ, ਇੰਗਲੈਂਡ, ਸ੍ਰੀਲੰਕਾ, ਕੀਨੀਆ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਕੈਨੇਡਾ ਸ਼ਾਮਲ ਹਨ। ਪਕਿਸਤਾਨ ਅਤੇ ਕੈਨੇਡਾ ਨੂੰ ਛੱਡ ਕੇ ਸਾਰੀਆਂ ਟੀਮਾਂ ਨੂੰ ਭਾਰਤ ਸਰਕਾਰ ਵੱਲੋਂ ਐਨ.ਓ.ਸੀ. ਮਿਲ ਗਿਆ ਹੈ ਅਤੇ ਇਨ੍ਹਾਂ ਦੋ ਦੇਸ਼ਾਂ ਲਈ ਐੱਨ.ਓ.ਸੀ. ਦੀ ਉਡੀਕ ਕੀਤੀ ਜਾ ਰਹੀ ਹੈ।


author

Gurminder Singh

Content Editor

Related News