ਵਰਲਡ ਕੈਂਸਰ ਕੇਅਰ ਨੇ ਕੈਂਸਰ ਜਾਂਚ ਮੇਲੇ ''ਚ ਕੀਤੀ 1753 ਮਰੀਜ਼ਾਂ ਦੀ ਜਾਂਚ

11/17/2017 1:26:26 PM

ਮੋਗਾ (ਪਵਨ ਗਰੋਵਰ/ਗੋਪੀ ਰਾਊਕੇ) - ਵਿਸ਼ਵ ਭਰ 'ਚ ਕੈਂਸਰ ਜਿਹੀ ਨਾ-ਮੁਰਾਦ ਬੀਮਾਰੀ ਸਬੰਧੀ ਹਰ ਵਿਅਕਤੀ ਨੂੰ ਜਾਗਰੂਕ ਕਰਨ ਲਈ ਵੱਡਾ ਜੇਹਾਦ ਛੇੜਨ ਵੇਲੇ 'ਵਰਲਡ ਕੈਂਸਰ ਕੇਅਰ' ਦੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਅੱਜ ਆਪਣੀ ਮਾਤਾ ਸਰਦਾਰਨੀ ਸੁਖਚਰਨ ਕੌਰ ਦੀ ਯਾਦ 'ਚ ਮਾਲਵਾ ਖਿੱਤੇ ਦਾ ਵਿਸ਼ਾਲ ਕੈਂਸਰ ਜਾਂਚ ਮੇਲਾ ਮੋਗਾ ਦੇ ਵਿੰਡਸਰ ਗਾਰਡਨ ਵਿਖੇ ਲਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। 
ਵਰਲਡ ਕੈਂਸਰ ਕੇਅਰ ਦੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਭਾਵੇਂ ਵਿਸ਼ਵ ਦੇ ਵਿਕਸਤ ਮੁਲਕਾਂ ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਸਮੇਤ ਹੋਰ ਪੱਛਮੀ ਦੇਸ਼ਾਂ 'ਚ ਵੀ ਕੈਂਸਰ ਦੀ ਬੀਮਾਰੀ ਤੋਂ ਪੀੜਤ ਲੋਕਾਂ ਦੀ ਗਿਣਤੀ ਜ਼ਿਆਦਾ ਹੈ ਪਰ ਉੱਥੇ ਲੋਕਾਂ 'ਚ ਜਾਗਰੂਕਤਾ ਹੋਣ ਕਰ ਕੇ ਮੌਤ ਦਰ ਘੱਟ ਹੈ। ਉਨ੍ਹਾਂ ਕਿਹਾ ਕਿ ਭਾਰਤ 'ਚ ਬੀਮਾਰੀ ਤੋਂ ਪੀੜਤ ਲੋਕਾਂ ਨੂੰ ਜਾਗਰੂਕਤਾ ਦੀ ਘਾਟ ਕਾਰਨ 70 ਫੀਸਦੀ ਤੀਜੀ ਸਟੇਜ 'ਤੇ ਪਤਾ ਲੱਗਦਾ ਹੈ, ਜਿਸ ਤੋਂ ਬਾਅਦ ਮਰੀਜ਼ ਦੀ ਜ਼ਿੰਦਗੀ ਬਚ ਨਹੀਂ ਸਕਦੀ। ਹੁਣ ਤੱਕ ਵਰਲਡ ਕੈਂਸਰ ਕੇਅਰ ਵੱਲੋਂ 8200 ਤੋਂ ਵੱਧ ਪਿੰਡਾਂ 'ਚ ਚੈੱਕਅਪ ਕੈਂਪ ਲਾਏ ਜਾ ਚੁੱਕੇ ਹਨ ਅਤੇ ਅਗਲੇ ਤਿੰਨ ਸਾਲਾਂ 'ਚ 1500 ਕੈਂਪ ਲਾਉਣ ਦਾ ਹੋਰ ਟੀਚਾ ਮਿੱਥਿਆ ਗਿਆ ਹੈ। 
ਇਸ ਸਮੇਂ ਲੋਕ ਸਭਾ ਮੈਂਬਰ ਪ੍ਰੋਫੈਸਰ ਸਾਧੂ ਸਿੰਘ ਨੇ ਸੰਸਥਾ ਦੇ ਇਸ ਕੰਮ ਨੂੰ ਨੋਬਲ ਦੱਸਦਿਆਂ ਕਿਹਾ ਕਿ ਮਾਲਵਾ ਖਿੱਤੇ 'ਚ ਇਸ ਬੀਮਾਰੀ ਤੋਂ ਪੀੜਤਾਂ ਦੀ ਗਿਣਤੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਚੁਣੌਤੀਆਂ 'ਚ ਘਿਰੇ ਪੰਜਾਬ ਲਈ ਧਾਲੀਵਾਲ ਦੀ ਅਗਵਾਈ ਹੇਠ ਵਰਲਡ ਕੈਂਸਰ ਕੇਅਰ ਜੋ ਉਪਰਾਲੇ ਕਰ ਰਹੀ ਹੈ, ਉਹ ਕਾਬਿਲ-ਏ-ਤਾਰੀਫ਼ ਹਨ। 
ਇਸ ਮੌਕੇ 1753 ਮਰੀਜ਼ਾਂ, ਜਿਨ੍ਹਾਂ 'ਚ 813 ਮਰਦਾਂ ਅਤੇ 940 ਔਰਤਾਂ ਦੇ ਕੈਂਸਰ, ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਹੋਰ ਬੀਮਾਰੀਆਂ ਦੀ ਜਾਂਚ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪ ਇੰਚਾਰਜ ਦਵਿੰਦਰਪਾਲ ਸਿੰਘ ਰਿੰਪੀ, ਪੰਜਾਬ ਰਾਜ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ, ਮੈਂਬਰ ਲੋਕ ਸਭਾ ਪ੍ਰੋ. ਸਾਧੂ ਸਿੰਘ, ਵਿਧਾਇਕ ਡਾ. ਹਰਜੋਤ ਕਮਲ ਦੀ ਧਰਮ ਪਤਨੀ ਡਾ. ਰਜਿੰਦਰ ਕਮਲ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰਾ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ। ਕੈਂਪ ਦੌਰਾਨ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਪੰਜਾਬ 'ਚ ਪਹਿਲੀ ਮੋਬਾਇਲ 'ਬੋਨ ਕੈਂਸਰ ਜਾਂਚ' ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। 

ਕੈਂਸਰ ਪੀੜਤਾਂ ਨੂੰ ਕਿੱਥੋਂ-ਕਿੱਥੋਂ ਮਿਲਦੀ ਵਿੱਤੀ ਸਹਾਇਤਾ
ਕੈਂਸਰ ਪੀੜਤਾਂ ਨੂੰ ਪੰਜਾਬ ਸਰਕਾਰ ਵੱਲੋਂ ਡੇਢ ਲੱਖ ਰੁਪਏ, ਸ਼੍ਰੋਮਣੀ ਕਮੇਟੀ ਵੱਲੋਂ 20 ਹਜ਼ਾਰ ਅਤੇ ਕੇਂਦਰ ਸਰਕਾਰ ਵੱਲੋਂ ਸਾਢੇ 4 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਵੰਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਪ੍ਰ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਸਰਕਾਰ ਵੱਲੋਂ ਇਹ ਸਹਾਇਤਾ ਰਾਸ਼ੀ ਸ਼ੁਰੂ ਕਰਵਾਈ ਸੀ, ਜਦਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕੈਂਸਰ ਪੀੜਤਾਂ ਲਈ ਸਾਢੇ 4 ਲੱਖ ਦੀ ਮਾਲੀ ਸਹਾਇਤਾ ਸ਼ੁਰੂ ਕਰਵਾਈ ਸੀ।


Related News