ਮਜ਼ਦੂਰਾਂ ਪੰਜਾਬ ਸਰਕਾਰ ਖਿਲਾਫ ਪ੍ਰਗਟਾਇਆ ਰੋਹ
Saturday, Aug 12, 2017 - 01:06 AM (IST)

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਆਉਣ ਵਾਲੇ ਜੀਰੀ ਦੇ ਸੀਜ਼ਨ ਦੀ ਅਨਲੋਡਿੰਗ ਦੀ ਜ਼ਿੰਮੇਵਾਰੀ ਸ਼ੈਲਰ ਮਾਲਕਾਂ ਨੂੰ ਦੇਣ ਦੇ ਵਿਰੋਧ ਵਿਚ ਫੂਡ ਐਂਡ ਅਲਾਈਡ ਯੂਨੀਅਨ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਫੂਡ ਐਂਡ ਅਲਾਈਡ ਯੂਨੀਅਨ ਦੇ ਪੰਜਾਬ ਦੇ ਮੀਤ ਪ੍ਰਧਾਨ ਕਰਨੈਲ ਸਿੰਘ ਅਤੇ ਲਛਮਣ ਯਾਦਵ ਨੇ ਕਿਹਾ ਕਿ 30 ਸਾਲਾਂ ਤੋਂ ਸਾਡੀ ਯੂਨੀਅਨ ਵਲੋਂ ਹੀ ਅਨਾਜ ਮੰਡੀ ਵਿਚ ਜੀਰੀ ਦੀ ਅਨਲੋਡਿੰਗ ਕੀਤੀ ਜਾਂਦੀ ਹੈ। ਹੁਣ ਪੰਜਾਬ ਸਰਕਾਰ ਵਲੋਂ ਇਹ ਅਨਲੋਡਿੰਗ ਸ਼ੈਲਰ ਮਾਲਕਾਂ ਨੂੰ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਜੋ ਕਿ ਸਰਾਸਰ ਬੇਇਨਸਾਫੀ ਹੈ।
ਉਨ੍ਹਾਂ ਮੰਗ ਕੀਤੀ ਕਿ ਰੇਲਵੇ ਪਲੇਟੀ ਤੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਕੋਰਟ ਨੂੰ ਹੀ ਉਥੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਸਾਡੀ ਯੂਨੀਅਨ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿਚ ਸਾਡੇ ਵਲੋਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਭੋਲਾ ਨਾਥ, ਦਿਗੰਬਰ ਰਾਓ, ਸੂਰਤ ਸਿੰਘ, ਭੋਲਾ ਸਿੰਘ ਪ੍ਰਧਾਨ ਬਰਨਾਲਾ ਅਤੇ ਪੱਪੂ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਯੂਨੀਅਨ ਦੇ ਆਗੂ ਹਾਜ਼ਰ ਸਨ।