ਮਜ਼ਦੂਰਾਂ ਵੱਲੋਂ ਲੇਬਰ ਦਫਤਰ ਮੂਹਰੇ ਧਰਨਾ
Thursday, Jan 25, 2018 - 06:54 AM (IST)

ਅੰਮ੍ਰਿਤਸਰ, (ਦਲਜੀਤ)- ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੱਦੇ 'ਤੇ ਅੱਜ ਸੈਂਕੜੇ ਨਿਰਮਾਣ ਮਜ਼ਦੂਰਾਂ ਨੇ ਲੇਬਰ ਦਫਤਰ ਅੰਮ੍ਰਿਤਸਰ 'ਚ ਵਿਸ਼ਾਲ ਧਰਨਾ ਦਿੱਤਾ, ਜਿਸ ਦੀ ਅਗਵਾਈ ਪੰਜਾਬ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਛੇਹਰਟਾ, ਧਰਮ ਸਿੰਘ ਪੱਟੀ, ਅਨਿਲ ਕੁਮਾਰ, ਦਿਲਬਾਗ ਸਿੰਘ ਰਾਜੋਕੇ, ਮੁਕੇਸ਼ ਕੁਮਾਰ ਆਦਿ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਹਰਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਨਿਰਮਾਣ ਮਜ਼ਦੂਰ ਨੂੰ ਰਜਿਸਟਰਡ ਕਰਨ, ਨਵੀਨੀਕਰਨ ਅਤੇ ਹਰ ਤਰ੍ਹਾਂ ਦੇ ਲਾਭ ਦੇਣ ਲਈ ਸਾਰਾ ਦਫਤਰੀ ਕੰਮ ਆਨਲਾਈਨ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। 5 ਮਹੀਨਿਆਂ ਵਿਚ ਹੀ ਮਜ਼ਦੂਰਾਂ ਨੂੰ ਰਜਿਸਟਰਡ ਕਰਨ ਦਾ ਕੰਮ ਤਕਰੀਬਨ ਪੂਰਾ ਹੋ ਗਿਆ ਹੈ। ਨਵੀਨੀਕਰਨ ਅਤੇ ਲਾਭ ਦੇਣ ਦਾ ਕੰਮ ਤਾਂ ਨਾ-ਮਾਤਰ ਹੀ ਰਹਿ ਗਿਆ ਹੈ।
ਸੇਵਾ ਕੇਂਦਰ ਨਹੀਂ ਕਰ ਰਹੇ ਪਾਰਦਰਸ਼ਿਤਾ ਨਾਲ ਕੰਮ : ਉਨ੍ਹਾਂ ਕਿਹਾ ਕਿ ਲੇਬਰ ਵਿਭਾਗ ਵੱਲੋਂ ਸਾਰਾ ਕੰਮ ਸੇਵਾ ਕੇਂਦਰਾਂ ਨੂੰ ਦੇ ਦਿੱਤਾ ਗਿਆ ਹੈ ਪਰ ਸੇਵਾ ਕੇਂਦਰ ਵੀ ਪਾਰਦਰਸ਼ੀ ਢੰਗ ਨਾਲ ਨਹੀਂ ਚੱਲ ਰਹੇ। ਉਨ੍ਹਾਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਲਗਾਤਾਰ ਸੁਣਵਾਈ ਹੋ ਰਹੀ ਹੈ ਅਤੇ 46 ਵਾਰ ਆਰਡਰ ਹੋ ਚੁੱਕੇ ਹਨ ਕਿ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ ਤਾਂ ਕਿ ਉਕਤ ਕਾਨੂੰਨ ਨੂੰ ਸਾਰਥਿਕ ਰੂਪ ਵਿਚ ਲਾਗੂ ਕੀਤਾ ਜਾ ਸਕੇ। ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਬਲਦੇਵ ਸਿੰਘ ਪੰਡੋਰੀ, ਡਾ. ਬਲਵਿੰਦਰ ਸਿੰਘ ਛੇਹਰਟਾ ਤੇ ਸੀ. ਟੀ. ਯੂ. ਦੇ ਆਗੂ ਜਗਤਾਰ ਸਿੰਘ ਕਰਮਪੁਰਾ ਨੇ ਵੀ ਸੰਬੋਧਨ ਕੀਤਾ।
ਇਹ ਹਨ ਮੰਗਾਂ : ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਆਨਲਾਈਨ ਦੇ ਨਾਲ-ਨਾਲ ਆਫ਼ਲਾਈਨ ਵੀ ਕੀਤੀ ਜਾਵੇ। ਉਨ੍ਹਾਂ ਦੀ ਭਲਾਈ ਲਈ ਬਣੇ 'ਦਿ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਰੈਗੂਲੇਸ਼ਨ ਆਫ ਇੰਪਲਾਈਮੈਂਟ ਐਂਡ ਕੰਡੀਸ਼ਨ ਆਫ ਸਰਵਿਸ ਐਕਟ 1996' ਕਾਨੂੰਨ ਮੁਤਾਬਕ ਸਾਰੀਆਂ ਸਹੂਲਤਾਂ ਮਿਲਣ।
ਇਹ ਸਨ ਮੌਜੂਦ : ਇਸ ਮੌਕੇ ਰਾਮ, ਦਰਸ਼ਨ ਕੁਮਾਰ, ਗੌਤਮ, ਚੰਦਨ ਕੁਮਾਰ, ਸਤਨਾਮ ਸਿੰਘ ਵਣੀਏਕੇ, ਗੁਲਜ਼ਾਰ ਸਿੰਘ ਪੰਡੋਰੀ, ਗੁਰਜੀਤ ਸਿੰਘ ਰਾਜੋਕੇ, ਗੁਰਮੀਤ ਸਿੰਘ, ਗੁਰਦਿਆਲ ਸਿੰਘ ਪੰਡੋਰੀ, ਸੁਖਬੀਰ ਸਿੰਘ ਕੱਥੂਨੰਗਲ, ਬਲਕਾਰ ਸਿੰਘ, ਇੰਦਰਜੀਤ ਸਿੰਘ ਵੇਈਂਪੁਈਂ, ਕੁਲਦੀਪ ਸਿੰਘ, ਹਰਜਿੰਦਰ ਸਿੰਘ, ਹਰਜੀਤ ਸਿੰਘ, ਪਰਗਟ ਸਿੰਘ ਆਦਿ ਆਗੂ ਮੌਜੂਦ ਸਨ।