ਮਜ਼ਦੂਰਾਂ ਵੱਲੋਂ ਬੀ. ਡੀ. ਪੀ. ਓ. ਦਫਤਰ ਅੱਗੇ ਧਰਨਾ
Tuesday, Dec 05, 2017 - 12:49 AM (IST)
ਬਟਾਲਾ, (ਬੇਰੀ, ਸੈਂਡੀ)- ਅੱਜੇ ਇਥੇ ਬੀ. ਡੀ. ਪੀ. ਓ. ਦਫਤਰ ਅੱਗੇ ਮਜ਼ਦੂਰ ਮੁਕਤੀ ਮੋਰਚਾ ਅਤੇ ਸੀ. ਪੀ. ਆਈ. ਐੱਮ. ਐੱਲ. ਲਿਬਰੇਸ਼ਨ ਦੀ ਅਗਵਾਈ 'ਚ ਮਜ਼ਦੂਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨਾ ਦਿੰਦੇ ਹੋਏ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਅਰੇਬਾਜ਼ੀ ਕਰ ਕੇ ਆਪਣੇ ਮਨਾਂ ਦੀ ਭੜਾਸ ਕੱਢੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ, ਜ਼ਿਲਾ ਪ੍ਰਧਾਨ ਵਿਜੇ ਕੁਮਾਰ ਸੋਹਲ, ਅਸ਼ਵਨੀ ਕੁਮਾਰ ਹੈਪੀ ਅਤੇ ਲਿਬਰੇਸ਼ਨ ਦੇ ਜ਼ਿਲਾ ਸਕੱਤਰ ਕਾ. ਗੁਲਜ਼ਾਰ ਸਿੰਘ ਭੁੰਬਲੀ ਨੇ ਸਾਂਝੇ ਤੌਰ 'ਤੇ ਕਿਹਾ ਕਿ ਕੈਪਟਨ ਸਰਕਾਰ ਦੇ 9 ਮਹੀਨਿਆਂ ਦਾ ਸ਼ਾਸਨ ਅਕਾਲੀ-ਭਾਜਪਾ ਸਰਕਾਰ ਤੋਂ ਕਿਸੇ ਵੀ ਤਰ੍ਹਾਂ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਲ 2017 ਵਿਚ 5 ਫੀਸਦੀ ਲੋਕਾਂ ਨੂੰ ਸਾਲ ਭਰ 'ਚ ਮਨਰੇਗਾ ਰੁਜ਼ਗਾਰ ਨਸੀਬ ਨਹੀਂ ਹੋਇਆ ਜਦਕਿ ਪਿੰਡਾਂ ਦੇ ਸਾਰੇ ਮਜ਼ਦੂਰ ਰੁਜ਼ਗਾਰ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ।
ਉਕਤ ਆਗੂਆਂ ਨੇ ਕਿਹਾ ਕਿ ਘਰ-ਘਰ ਨੌਕਰੀ ਦੇਣ ਦੇ ਵਾਅਦੇ ਕਰਨ ਵਾਲੀ ਕੈਪਟਨ ਸਰਕਾਰ ਘੱਟ ਤੋਂ ਘੱਟ ਕੇਂਦਰ ਸਰਕਾਰ ਦੇ ਪੈਸੇ ਨਾਲ ਚੱਲਣ ਵਾਲੇ ਮਨਰੇਗਾ ਰੁਜ਼ਗਾਰ ਨੂੰ ਹੀ ਦੇਣਾ ਯਕੀਨੀ ਬਣਾਏ। ਇਸਦੇ ਇਲਾਵਾ ਸਰਕਾਰ ਪਿੰਡਾਂ ਵਿਚ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਦੇਣ ਦਾ ਵਾਅਦਾ ਵੀ ਨਹੀਂ ਨਿਭਾਅ ਸਕੀ ਅਤੇ ਨਾ ਹੀ ਸ਼ਹਿਰੀ ਬੇਘਰਿਆਂ ਦੀ ਸਰਕਾਰ ਨੇ ਕੋਈ ਸਾਰ ਲਈ ਹੈ। ਆਗੂਆਂ ਨੇ ਮੰਗ ਕੀਤੀ ਕਿ ਕਾਨੂੰਨ ਅਨੁਸਾਰ ਗਰਾਂਟੀ ਨਾਲ 100 ਦਿਨ ਦਾ ਕੰਮ ਸਰਕਾਰ ਲਾਗੂ ਕਰੇ ਅਤੇ ਕੀਤੇ ਗਏ ਕੰਮਾਂ ਦੀ 5 ਦਿਨਾਂ ਵਿਚ ਅਦਾਇਗੀ ਕਰੇ, ਪੇਂਡੂ ਤੇ ਸ਼ਹਿਰੀ ਮਜ਼ਦੂਰਾਂ ਦੇ ਲਈ 5-5 ਮਰਲੇ ਦੇ ਪਲਾਟ ਅਤੇ ਰਿਹਾਇਸ਼ ਦਾ ਸਰਕਾਰ ਪ੍ਰਬੰਧ ਕਰੇ।
ਉਕਤ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਰੁਜ਼ਗਾਰ ਅਤੇ ਰਿਹਾਇਸ਼ ਦਾ ਪ੍ਰਬੰਧ ਕਰਨ ਪ੍ਰਤੀ ਗੰਭੀਰ ਨਾ ਹੋਈ ਤਾਂ ਦਸੰਬਰ ਦੇ ਅੰਤ ਵਿਚ ਜ਼ਿਲਾ ਕੇਂਦਰਾਂ ਦੇ ਸਾਹਮਣੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਕਿਰਾਏਦਾਰ ਯੂਨੀਅਨ ਦੇ ਆਗੂ ਮਨਜੀਤ ਰਾਜ, ਬਸ਼ੀਰ ਗਿੱਲ, ਗੁਰਵਿੰਦਰ ਸਿੰਘ, ਕੁਲਦੀਪ ਰਾਜੂ, ਅਸ਼ਵਨੀ ਮਾਨ ਆਦਿ ਸਮੇਤ ਵੱਡੀ ਗਿਣਤੀ ਵਿਚ ਮਜ਼ਦੂਰ ਹਾਜ਼ਰ ਸਨ।
