ਸਿੱਖਿਆ ਵਿਭਾਗ ਦਾ ਕਮਾਲ, ਇਮਤਿਹਾਨ ਸ਼ੁਰੂ ਤੇ ਹੁਣ ਭੇਜ ਦਿੱਤੀਆਂ ਕਿਤਾਬਾਂ
Thursday, Mar 01, 2018 - 07:57 AM (IST)

ਸਮਰਾਲਾ (ਬੰਗੜ, ਗਰਗ) - ਇਕ ਪਾਸੇ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਲੋਂ ਸਕੂਲੀ ਵਿਦਿਆਰਥੀਆਂ ਨੂੰ ਆਉਣ ਵਾਲੇ ਵਿੱਦਿਅਕ ਸੈਸ਼ਨ ਵਿਚ ਕਿਤਾਬਾਂ ਦੇ ਜ਼ਰੀਏ ਲੁੱਟ ਮਚਾਉਣ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੂਜੇ ਪਾਸੇ ਸਰਕਾਰੀ ਸਕੂਲਾਂ ਵਲੋਂ ਲੰਘ ਚੁੱਕੇ ਵਿੱਦਿਅਕ ਸੈਸ਼ਨ ਦੀਆਂ ਕਿਤਾਬਾਂ ਭੇਜਣ ਦੀ ਪ੍ਰਕਿਰਿਆ ਅੱਜ ਪੂਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਪੰਜਾਬ ਦੀ ਕਾਰਜ ਪ੍ਰਣਾਲੀ ਉਦੋਂ ਹਾਸੋਹੀਣੀ ਬਣ ਕੇ ਸਾਹਮਣੇ ਆਈ, ਜਦੋਂ ਵਿਦਿਆਰਥੀਆਂ ਨੂੰ ਇਮਤਿਹਾਨਾਂ ਦੀ ਡੇਟਸ਼ੀਟ ਜਾਰੀ ਕਰਨ ਤੋਂ ਬਾਅਦ ਹੁਣ ਬਕਾਇਆ ਖੜ੍ਹੀਆਂ ਕਿਤਾਬਾਂ ਭੇਜ ਦਿੱਤੀਆਂ ਗਈਆਂ। ਲੰਘੇ ਵਿੱਦਿਅਕ ਸੈਸ਼ਨ ਵਿਚ ਸਾਰਾ ਸਾਲ ਕਿਤਾਬਾਂ ਨਾ ਮਿਲਣ ਦਾ ਵਿਵਾਦ ਅਖਬਾਰਾਂ ਦੀਆਂ ਸੁਰਖੀਆਂ ਬਣਦਾ ਰਿਹਾ।
ਸਕੂਲਾਂ ਦੇ ਅਧਿਆਪਕ ਡੰਗ ਟਪਾਉਣ ਲਈ ਪੁਰਾਣੇ ਵਿਦਿਆਰਥੀਆਂ ਤੋਂ ਕਿਤਾਬਾਂ ਵਾਪਸ ਲੈਣ ਲਈ ਉਨ੍ਹਾਂ ਦੇ ਘਰੋ-ਘਰੀ ਫਿਰਦੇ ਰਹੇ। ਪੂਰੇ ਸਾਲ ਵਿਚ ਕਦੇ ਇਕ ਕਿਤਾਬ ਮਿਲੀ ਤੇ ਕਦੇ ਦੋ ਕਿਤਾਬਾਂ ਤੇ ਅਖੀਰ ਨੂੰ ਬਾਕੀ ਬਚਦੀਆਂ ਕਿਤਾਬਾਂ ਦੇਣ ਦੀ ਵਾਰੀ ਉਦੋਂ ਆਈ, ਜਦੋਂ ਇਮਤਿਹਾਨ ਬਿਲਕੁਲ ਸਿਰ 'ਤੇ ਆ ਗਏ।
ਅੱਜ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਵਲੋਂ ਸਕੂਲ ਮੁਖੀਆਂ ਨੂੰ ਆਪੋ-ਆਪਣੀਆਂ ਕਿਤਾਬਾਂ ਲੈ ਕੇ ਜਾਣ ਲਈ ਫੋਨ ਕੀਤੇ ਗਏ ਹਨ। ਦੱਸਣਯੋਗ ਹੈ ਕਿ ਦਸਵੀਂ ਦੀ ਪ੍ਰੀਖਿਆ 12 ਮਾਰਚ ਤੋਂ, ਜਦਕਿ ਬਾਕੀ ਦੀਆਂ ਜਮਾਤਾਂ ਦੇ ਪੇਪਰ 7 ਮਾਰਚ ਤੋਂ ਸ਼ੁਰੂ ਹੋ ਰਹੇ ਹਨ। ਸਮਝ ਤੋਂ ਪਰੇ ਹੈ ਕਿ ਹੁਣ ਇਹ ਕਿਤਾਬਾਂ ਵਿਦਿਆਰਥੀਆਂ ਦੇ ਕਿਸ ਕੰਮ ਆਉਣਗੀਆਂ। ਸਕੂਲ ਮੁਖੀ ਹੁਣ ਸਰਕਾਰੀ ਹੁਕਮਾਂ ਮੁਤਾਬਕ ਕਿਤਾਬਾਂ ਚੁੱਕ ਰਹੇ ਹਨ ਤੇ ਨਾਲੇ ਹੱਸਦੇ ਹੋਏ ਆਖ ਰਹੇ ਹਨ ਕਿ ਹੁਣ ਇਹ ਕਿਤਾਬਾਂ ਭਲਾ ਕਿਸ ਕੰਮ ਦੀਆਂ?