ਨੰਨ੍ਹੀ-ਯਾਰਾ ਫਾਊਂਡੇਸ਼ਨ ਸੈਂਟਰ ਔਰਤਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਬਣਾਏਗਾ : ਹਰਸਿਮਰਤ
Saturday, Mar 10, 2018 - 07:07 AM (IST)
ਬਾਦਲ (ਮੁਕਤਸਰ) (ਜ. ਬ.) - ਨੰਨ੍ਹੀ ਛਾਂ ਫਾਊਂਡੇਸ਼ਨ ਨੇ ਅੱਜ ਇਸ ਪਿੰਡ ਵਿਚ ਔਰਤਾਂ ਨੂੰ ਆਪਣੇ ਪੈਰਾਂ ਉੁਤੇ ਖੜ੍ਹਾ ਹੋਣ ਵਾਸਤੇ ਸਿਖਲਾਈ ਦੇਣ ਅਤੇ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਣ ਲਈ ਭਲਾਈ ਕਾਰਜਾਂ ਨਾਲ ਜੁੜੀ ਇਕ ਕੌਮਾਂਤਰੀ ਸੰਸਥਾ ਨਾਲ ਮਿਲ ਕੇ ਨੰਨ੍ਹੀ-ਯਾਰਾ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਹੈ । ਇਸ ਸੈਂਟਰ ਦਾ ਉਦਘਾਟਨ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ , ਵੱਲੋਂ ਕੀਤਾ ਗਿਆ ਹੈ ।ਇਸ ਸੈਂਟਰ ਦਾ ਮੰਤਵ ਔਰਤਾਂ ਨੂੰ ਸਿਲਾਈ, ਕਢਾਈ, ਟੇਲਰਿੰਗ ਤੇ ਹੋਰ ਹੁਨਰਾਂ ਦੀ ਸਿਖਲਾਈ ਦੇਣ ਤੋਂ ਇਲਾਵਾ ਉਨ੍ਹਾਂ ਨੂੰ ਆਪਣੇ ਕਾਰੋਬਾਰ ਸਥਾਪਿਤ ਕਰਨ ਜਾਂ ਸੈਂਟਰ ਵਿਚ ਫੁੱਲ ਟਾਈਮ ਕੰਮ ਕਰਨ ਵਾਸਤੇ ਇਕ ਪਲੇਟਫਾਰਮ ਤਿਆਰ ਕਰਨਾ ਹੈ।ਇਸ ਮੌਕੇ ਬੀਬੀ ਬਾਦਲ ਨੇ ਯਾਰਾ ਫਾਊਂਡੇਸ਼ਨ ਦੀ ਮੁਖੀ ਬੀਬੀ ਕੈਂਡੀ ਮਸ਼ਮੂਰ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਬਾਦਲ ਪਿੰਡ ਵਿਚ ਇਹ ਸੈਂਟਰ ਬਣਾਉਣ ਲਈ ਨੰਨ੍ਹੀ-ਛਾਂ ਨਾਲ ਸਾਂਝੇਦਾਰੀ ਕਰਨ ਦਾ ਫੈਸਲਾ ਕੀਤਾ। ਕੇਂਦਰੀ ਮੰਤਰੀ ਨੇ ਕਿਹਾ ਕਿ ਬੀਬੀ ਮਸ਼ਮੂਰ ਨੂੰ ਦਸਤਕਾਰੀ ਦੀਆਂ ਵਸਤੂਆਂ ਦੀ ਮਾਰਕੀਟਿੰਗ ਦਾ ਤਜਰਬਾ ਹੈ, ਕਿਉਂਕਿ ਅਜਿਹਾ ਸੈਂਟਰ ਉਨ੍ਹਾਂ ਨੇ ਚੀਨ ਵਿਚ ਵੀ ਸਥਾਪਿਤ ਕੀਤਾ ਹੈ । ਇਸ ਸੈਂਟਰ ਨਾਲ ਉਨ੍ਹਾਂ ਨੇ ਇਸ ਇਲਾਕੇ ਦੀਆਂ ਔਰਤਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਣ ਦਾ ਇਕ ਨਿਵੇਕਲਾ ਮੌਕਾ ਪ੍ਰਦਾਨ ਕੀਤਾ ਹੈ।
ਇਸ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆਂ ਬੀਬੀ ਮਸ਼ਮੂਰ ਨੇ ਕਿਹਾ ਕਿ ਇਹ ਸੈਂਟਰ 'ਨਾ ਲਾਭ-ਨਾ ਘਾਟਾ' ਦੇ ਆਧਾਰ ਉਤੇ ਚਲਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਇਹ ਸੈਂਟਰ ਔਰਤਾਂ ਨੂੰ ਦਸਤਕਾਰੀ ਦੀਆਂ ਵਸਤਾਂ ਬਣਾਉਣ ਦੀ ਸਿਖਲਾਈ ਦੇਣ ਤੋਂ ਇਲਾਵਾ ਉਨ੍ਹਾਂ ਦੇ ਕੁਦਰਤੀ ਹੁਨਰਾਂ ਦੀ ਕਲਾ ਦਾ ਵੀ ਲਾਭ ਲਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਚੀਜ਼ਾਂ ਨੂੰ ਕੌਮਾਂਤਰੀ ਮੰਡੀ ਵਿਚ ਵੇਚਿਆ ਜਾਵੇਗਾ ਅਤੇ ਕਮਾਇਆ ਗਿਆ ਮੁਨਾਫਾ ਸਾਰੀਆਂ ਔਰਤਾਂ ਵਿਚਕਾਰ ਬਰਾਬਰ ਵੰਡਿਆ ਜਾਵੇਗਾ।
ਇਸ ਸੈਂਟਰ ਦੀ ਇਕ ਹੋਰ ਨਿਵੇਕਲੀ ਗੱਲ ਇਹ ਹੈ ਕਿ ਜਦੋਂ ਔਰਤਾਂ ਆਪਣੀ ਸਿਖਲਾਈ ਮੁਕੰਮਲ ਕਰ ਲੈਂਦੀਆਂ ਹਨ ਤਾਂ ਉਨ੍ਹਾਂ ਨੂੰ ਇੱਥੇ ਫੁੱਲ ਟਾਈਮ ਨੌਕਰੀ ਕਰਨ ਦੀ ਪੇਸ਼ਕਸ਼ ਵੀ ਦਿੱਤੀ ਜਾਵੇਗੀ । ਇਸ ਮੌਕੇ ਨੰਨ੍ਹੀ ਛਾਂ ਫਾਊਂਡੇਸ਼ਨ ਨਾਲ ਕੰਮ ਕਰਦੀ ਬੀਬੀ ਸਿਮਰਨ ਸਿੰਘ ਨੇ ਕਿਹਾ ਕਿ ਇਹ ਸੈਂਟਰ ਇਕ ਡੇਅ ਕੇਅਰ ਸੈਂਟਰ ਵੀ ਖੋਲ੍ਹੇਗਾ, ਜਿੱਥੇ ਕੰਮ ਕਰਨ ਵਾਲੀਆਂ ਮਾਵਾਂ ਦੇ ਛੋਟੇ ਬੱਚਿਆਂ ਦੀ ਦੇਖ-ਭਾਲ ਦੇ ਨਾਲ ਉਨ੍ਹਾਂ ਨੂੰ ਪੜ੍ਹਾਇਆ ਵੀ ਜਾਵੇਗਾ।
