ਜਲੰਧਰ ਦੀ ਮਹਿਲਾ ਨੇ ਸਤਲੁਜ ਦਰਿਆ 'ਚ ਮਾਰੀ ਛਾਲ
Wednesday, Aug 07, 2019 - 06:46 PM (IST)

ਜਲੰਧਰ/ਰੂਪਨਗਰ (ਸੱਜਣ ਸੈਣੀ)— ਰੂਪਨਗਰ 'ਚ ਸਤਲੁਜ ਦਰਿਆ ਦੇ ਪੁਲ ਤੋਂ ਛਾਲ ਮਾਰ ਕੇ ਇਕ ਮਹਿਲਾ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਿਆ ਦੇ ਤੇਜ਼ ਵਹਾਅ 'ਚ ਮਹਿਲਾ ਦਾ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਮਿਲੀ ਜਾਣਕਾਰੀ ਮੁਤਾਬਕ ਦਰਿਆ 'ਚ ਛਾਲ ਮਾਰਨ ਤੋਂ ਪਹਿਲਾਂ ਮਹਿਲਾ ਕੰਢੇ 'ਤੇ ਆਪਣਾ ਪਰਸ ਛੱਡ ਗਈ, ਜਿਸ ਵਿਚੋਂ ਮਿਲੇ ਆਧਾਰ ਕਾਰਡ ਤੋਂ ਮਹਿਲਾ ਦੀ ਪਛਾਣ ਚਰਨਜੀਤ ਕੌਰ ਪਤਨੀ ਜਗਰੂਪ ਸਿੰਘ ਵਾਸੀ ਜੀ. ਟੀ. ਬੀ. ਨਗਰ ਜਲੰਧਰ ਦੇ ਰੂਪ ਵਿਚ ਹੋਈ ਹੈ।
ਪੁਲਸ ਨੂੰ ਪਰਸ ਵਿਚੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿਚ ਮਹਿਲਾ ਨੇ ਆਪਣੀ ਮੌਤ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ। ਸੁਸਾਈਡ ਨੋਟ ਵਿਚ ਉਸ ਨੇ ਲਿਖਿਆ ਹੈ ਕਿ ਉਸ ਨੇ ਆਪਣੀ ਮਰਜ਼ੀ ਨਾਲ ਖੁਦਕੁਸ਼ੀ ਕੀਤੀ ਹੈ। ਮੌਕੇ 'ਤੇ ਲੋਕਾਂ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਰੂਪਨਗਰ ਸਿਟੀ ਪੁਲਸ ਮੌਕੇ 'ਤੇ ਪੁੱਜ ਕੇ ਗੋਤਾਖੋਰਾਂ ਦੀ ਮਦਦ ਨਾਲ ਮਹਿਲਾ ਨੂੰ ਦਰਿਆ 'ਚੋਂ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਸਫਲਤਾ ਹੱਥ ਨਹੀਂ ਲੱਗੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਮਹਿਲਾ ਨੇ ਦਰਿਆ 'ਚ ਛਾਲ ਮਾਰ ਦਿੱਤੀ ਹੈ, ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਸੁਸਾਈਡ ਨੋਟ ਅਤੇ ਮਿਲੇ ਆਧਾਰ ਕਾਰਡ ਜ਼ਰੀਏ ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।