ਔਰਤਾਂ ਨੇ ਪ੍ਰਸ਼ਾਸਨ ਦਾ ਕੀਤਾ ਪਿੱਟ-ਸਿਆਪਾ
Tuesday, Jul 10, 2018 - 05:52 AM (IST)
ਨਾਭਾ, (ਜੈਨ)- ਵਿਸ਼ਵ ਪ੍ਰਸਿੱਧ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਸਾਹਿਬ ਦੇ ਲਾਗੇ ਸਥਿਤ ਮੋਤੀ ਬਾਗ ਕਾਲੋਨੀ ਜਿਥੇ ਸ਼ਹਿਰ ਦੇ ਪ੍ਰਮੁੱਖ ਵਕੀਲ, ਡੀ. ਐੱਸ. ਪੀ. ਤੇ ਸਿਆਸੀ ਆਗੂ ਰਹਿੰਦੇ ਹਨ, ਦੇ ਲੋਕਾਂ ਤੇ ਔਰਤਾਂ ਨੇ ਅੱਜ ਤਿੱਖੀ ਧੁੱਪ ਦੇ ਬਾਵਜੂਦ ਇਕੱਠੇ ਹੋ ਕੇ ਮੀਡੀਆ ਸਾਹਮਣੇ ਪ੍ਰਸ਼ਾਸਨ ਦਾ ਪਿੱਟ-ਸਿਆਪਾ ਕਰਦਿਆਂ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਾਲੋਨੀ ਦੇ ਸਾਰੇ ਖੇਤਰਾਂ ਵਿਚ ਸੈਂਕਡ਼ੇ ਪਰਿਵਾਰ ਪ੍ਰੇਸ਼ਾਨ ਹਨ। ਬਗੈਰ ਵਰਖਾ ਹੀ ਨੀਵੇਂ ਘਰਾਂ ਵਿਚ ਨਾਲੀਆਂ ਦਾ ਗੰਦਾ ਪਾਣੀ ਦਾਖਲ ਹੋ ਜਾਂਦਾ ਹੈ। ਇਸ ਕਾਰਨ ਕਿਸੇ ਵੇਲੇ ਵੀ ਮਲੇਰੀਆ, ਡੇਂਗੂ ਤੇ ਹੈਜ਼ਾ ਫੈਲ ਸਕਦਾ ਹੈ।
ਡਿਪਟੀ ਡਾਇਰੈਕਟਰ ਲੋਕਲ ਬਾਡੀਜ਼ ਨੂੰ ਪੱਤਰ ਭੇਜਿਆ ਗਿਆ ਪ੍ਰੰਤੂ ਕੌਂਸਲ ਨੇ ਕੋਈ ਧਿਆਨ ਨਹੀਂ ਦਿੱਤਾ। ਕਾਲੋਨੀ ਵਾਸੀ ਜਸਪ੍ਰੀਤ ਕੌਰ, ਸੁਰਿੰਦਰ ਕੌਰ, ਪਰਮਜੀਤ ਕੌਰ, ਕੁਲਵੰਤ ਕੌਰ, ਪਰਮਜੀਤ, ਲਖਵਿੰਦਰ ਕੌਰ, ਹਰੀ ਸਿੰਘ, ਦਰਸ਼ਨ ਸਿੰਘ, ਬਬਲੂ, ਪ੍ਰਕਾਸ਼ ਸਿਘ ਤੇ ਹਰਪਾਲ ਸਿੰਘ ਦੀ ਅਗਵਾਈ ਹੇਠ ਔਰਤਾਂ ਤੇ ਕਾਲੋਨੀ ਵਾਸੀਆਂ ਨੇ ਐੱਸ. ਡੀ. ਐੱਮ. ਦਫ਼ਤਰ ਅੱਗੇ ਧਰਨਾ ਦੇਣ ਲਈ ਅਲਟੀਮੇਟਮ ਦਿੱਤਾ। ਕਿਹਾ ਕਿ ਅਸੀਂ ਇਕ ਮਹੀਨੇ ਤੋਂ ਨਰਕ ਦੀ ਜ਼ਿੰਦਗੀ ਬਤੀਤ ਕਰ ਰਹੇ ਹਾਂ। ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ।
