ਮ੍ਰਿਤਕ ਜਨਾਨੀ ਦੇ ਕਾਤਲਾਂ ਨੂੰ ਅਦਾਲਤ ''ਚ ਕੀਤਾ ਪੇਸ਼, ਮਿਲਿਆ 2 ਦਿਨਾਂ ਦਾ ਰਿਮਾਂਡ
Monday, Oct 05, 2020 - 04:46 PM (IST)
ਡੇਰਾਬੱਸੀ (ਅਨਿਲ) : ਬੀਤੇ ਦਿਨੀਂ ਟਰੈਕਟਰ ਰੀਪਰ 'ਚ ਆਉਣ ਨਾਲ ਜਨਾਨੀ ਦੀ ਮੌਤ ਤੋਂ ਬਾਅਦ ਪੁਲਸ ਨੇ ਦੋਸ਼ੀ ਟਰੈਕਟਰ ਚਾਲਕ, ਉਸ ਦੇ ਭਰਾ ਪਰਵੀਨ ਅਤੇ ਪੁੱਤਰ ਰੋਹਿਤ ਵਾਸੀ ਖਟੀਕ ਮੁਹੱਲਾ, ਡੇਰਾਬੱਸੀ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਦੋਸ਼ੀਆਂ ਦਾ 2 ਦਿਨ ਦਾ ਪੁਲਸ ਰਿਮਾਂਡ ਦਿੱਤਾ ਹੈ। ਇਸ ਤੋਂ ਇਲਾਵਾ ਮ੍ਰਿਤਕ ਜਨਾਨੀ ਦਾ 2 ਡਾਕਟਰਾਂ ਦੇ ਪੈਨਲ ਵਲੋਂ ਪੋਸਟਮਾਰਟਮ ਕੀਤਾ ਗਿਆ ਅਤੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ।
ਮ੍ਰਿਤਕ ਜਨਾਨੀ ਦੇ ਪਰਿਵਾਰਕ ਮੈਂਬਰਾਂ ਨੇ ਡੇਰਾਬੱਸੀ ਬਰਵਾਲਾ ਮਾਰਗ ’ਤੇ ਲਾਸ਼ ਨੂੰ ਸੜਕ ਵਿਚਕਾਰ ਰੱਖ ਕੇ ਕੁਝ ਦੇਰ ਲਈ ਜਾਮ ਲਗਾ ਦਿੱਤਾ, ਜਿਸ ਤੋਂ ਬਾਅਦ ਡੇਰਾਬੱਸੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਹਲਕਾ-ਫੁਲਕਾ ਬਲ ਪ੍ਰਯੋਗ ਕਰ ਕੇ ਨਾਲ-ਨਾਲ ਉਨ੍ਹਾਂ ਨੂੰ ਸਮਝਾਉਣ ਤੋਂ ਬਾਅਦ ਜਾਮ ਖੁੱਲ੍ਹਵਾਇਆ। ਇਸ ਦੌਰਾਨ ਰਾਹਗੀਰਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਦੇਰ ਸ਼ਾਮ ਮ੍ਰਿਤਕ ਜਨਾਨੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ 40 ਸਾਲਾ ਮਿਥਲੇਸ਼ ਵਾਸੀ ਚਾਂਦਪੁਰ ਨੱਠਿਆ ਜ਼ਿਲ੍ਹਾ ਬੰਦੂਆ, ਉੱਤਰ ਪ੍ਰਦੇਸ਼ ਉਸ ਦੇ ਪਤੀ ਲਾਲਾ ਰਾਮ ਦੀ ਲਗਭਗ ਪੰਜ ਸਾਲ ਪਹਿਲਾਂ ਬੀਮਾਰੀ ਕਾਰਨ ਮੌਤ ਹੋ ਗਈ ਸੀ।
ਉਹ ਆਪਣੇ ਚਾਰ ਬੱਚਿਆਂ ਦੇ ਨਾਲ ਭਗਤ ਸਿੰਘ ਨਗਰ 'ਚ 8 ਨੰਬਰ ਗਲੀ ਦੇ ਇਕ ਅਧੂਰੇ ਪਏ ਮਕਾਨ 'ਚ ਰਹਿ ਰਹੀ ਸੀ। ਉਸ ਦੇ ਭਰਾ ਕਵਰਪਾਲ ਨੇ ਦੱਸਿਆ ਕਿ ਮਿਥਲੇਸ਼ ਮਿਹਨਤ-ਮਜ਼ਦੂਰੀ ਕਰ ਕੇ ਆਪਣਾ ਅਤੇ ਆਪਣੇ ਬੱਚਿਆਂ ਦਾ ਪੇਟ ਪਾਲ ਰਹੀ ਸੀ। ਬੀਤੀ ਸਵੇਰੇ ਉਹ 12 ਸਾਲਾ ਮਨੋਜ ਅਤੇ 13 ਸਾਲਾ ਬੇਟੀ ਵਨੀਤਾ ਨੂੰ ਨਾਲ ਲੈ ਕੇ ਰੇਲਵੇ ਲਾਈਨ ਪਾਰ ਮਾਨਵ ਰੂਹਾਨੀ ਸਤਿਸੰਗ ਕੇਂਦਰ ਦੇ ਪਿੱਛੇ ਝੋਨੇ ਦੀ ਬੱਲੀਆਂ ਚੁਗਣ ਗਈ ਸੀ। ਮਾਂ ਅਤੇ ਬੱਚੇ ਵੱਖ-ਵੱਖ ਖੇਤਾਂ 'ਚ ਕੰਮ ਕਰ ਰਹੇ ਸਨ ਅਤੇ ਦੁਪਹਿਰ ਨੂੰ ਖਾਣਾ ਖਾਣ ਲਈ ਜਦੋਂ ਬੱਚੇ ਮਾਂ ਕੋਲ ਆਏ ਤਾਂ ਮਾਂ ਮੌਕੇ ’ਤੇ ਮੌਜੂਦ ਨਹੀਂ ਸੀ ਨਾ ਹੀ ਮੌਕੇ ’ਤੇ ਟੀਫਨ ਤੇ ਉਸ ਦਾ ਝੋਲਾ ਸੀ।
ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਖੇਤ ਮਾਲਕ ਨੂੰ ਆਪਣੀ ਮਾਂ ਬਾਰੇ ਪੁੱਛਿਆ ਤਾਂ ਖੇਤ ਮਾਲਕ, ਟਰੈਕਟਰ ਵਾਲੇ ਅਤੇ ਬੁਲਟ ਮੋਟਰਸਾਈਕਲ ’ਤੇ ਆਏ ਇਕ ਨੌਜਵਾਨ ਨੇ ਉਨ੍ਹਾਂ ਨੂੰ ਖੇਤਾਂ ਤੋਂ ਬਾਹਰ ਭਜਾ ਦਿੱਤਾ। ਉਨ੍ਹਾਂ ਨੇ ਆਪਣੇ ਮਾਮੇ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਬਾਕੀ ਲੋਕ ਵੀ ਖੇਤ ’ਤੇ ਪਹੁੰਚ ਗਏ। ਮ੍ਰਿਤਕ ਜਨਾਨੀ ਦੇ ਪਰਿਵਾਰਕ ਮੈਂਬਰਾਂ ਸਮੇਤ ਲੋਕਾਂ ਮੁਤਾਬਕ ਖੇਤ 'ਚ ਉਸ ਦਾ ਕੱਟਿਆ-ਫਟਿਆ ਝੋਲਾ ਅਤੇ ਸੂਟ ਦਾ ਟੁੱਕੜਾ, ਇਕ ਚੱਪਲ ਅਤੇ ਦਵਾਈਆਂ ਤੋਂ ਇਲਾਵਾ ਖਾਣ ਦਾ ਡੱਬਾ ਮਿਲਣ ਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਪੁਲਸ ਨੇ ਟਰੈਕਟਰ ਚਾਲਕ ਹਰਵਿੰਦਰ ਪੁੱਤਰ ਸਰਵਣ ਸਿੰਘ ਮੁਹੱਲਾ ਖਟੀਕ ਡੇਰਾਬੱਸੀ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਸ਼ੁਰੂ ਕੀਤੀ।
ਇਸ ਦੌਰਾਨ ਉਸ ਨੇ ਪੁਲਸ ਨੂੰ ਦੱਸਿਆ ਕਿ ਇਹ ਖੇਤ 'ਚ ਆਪਣੇ ਟਰੈਕਟਰ ਰੀਪਰ ਦੇ ਨਾਲ ਕੰਮ ਕਰ ਰਿਹਾ ਸੀ ਅਤੇ ਉਕਤ ਜਨਾਨੀ ਇਸ ਦੌਰਾਨ ਰੀਪਰ 'ਚ ਆ ਗਈ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਦੋਸ਼ੀ ਘਬਰਾ ਗਿਆ ਅਤੇ ਜਨਾਨੀ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਲਈ ਪਿੰਡ ਪੰਡਵਾਲਾ ਰੋਡ ਦੇ ਟਰਾਲੀ 'ਚ ਲੈ ਕੇ ਛੱਡਣ ਚਲਿਆ ਗਿਆ।