ਮਹਿਲਾ ਕਾਂਗਰਸ ਨੇ ਕੇਂਦਰ ਸਰਕਾਰ ਦੇ ਬਜਟ ਵਿਰੁੱਧ ਕੀਤਾ ਰੋਸ ਮੁਜ਼ਾਹਰਾ

Saturday, Feb 03, 2018 - 07:25 AM (IST)

ਮਹਿਲਾ ਕਾਂਗਰਸ ਨੇ ਕੇਂਦਰ ਸਰਕਾਰ ਦੇ ਬਜਟ ਵਿਰੁੱਧ ਕੀਤਾ ਰੋਸ ਮੁਜ਼ਾਹਰਾ

ਅੰਮ੍ਰਿਤਸਰ, (ਵਾਲੀਆ)- ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਲੋਕ ਵਿਰੋਧੀ ਦੱਸਦਿਆਂ ਅੱਜ ਸਥਾਨਕ ਹਾਲ ਗੇਟ ਵਿਖੇ ਜ਼ਿਲਾ ਮਹਿਲਾ ਅੰਮ੍ਰਿਤਸਰ ਕਾਂਗਰਸ ਸ਼ਹਿਰੀ ਵੱਲੋਂ ਪ੍ਰਧਾਨ ਜਤਿੰਦਰ ਸੋਨੀਆ ਦੀ ਅਗਵਾਈ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿੱਤ ਮੰਤਰੀ ਅਰੁਣ ਜੇਤਲੀ ਦਾ ਪੁਤਲਾ ਫੂਕਿਆ ਗਿਆ ਅਤੇ ਖਾਲੀ ਭਾਂਡੇ ਖੜਕਾ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਸੜਕ 'ਤੇ ਉਤਰੀਆਂ ਮਹਿਲਾ ਕਾਂਗਰਸ ਦੀਆਂ ਵਰਕਰਾਂ ਨੇ ਆਪਣੇ ਗਲਾਂ 'ਚ ਆਲੂਆਂ ਤੇ ਪਿਆਜ਼ਾਂ ਦੇ ਹਾਰ ਪਾ ਕੇ ਕੇਂਦਰ ਸਰਕਾਰ ਦੇ ਬਜਟ ਖਿਲਾਫ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸੋਨੀਆ ਨੇ ਕਿਹਾ ਕਿ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਪੇਸ਼ ਕੀਤਾ ਆਮ ਬਜਟ 2018-19 ਨੌਕਰੀਪੇਸ਼ਾ, ਕਿਸਾਨਾਂ, ਨੌਜਵਾਨਾਂ, ਇੰਡਸਟਰੀ ਤੇ ਵਪਾਰੀਆਂ ਲਈ ਬਹੁਤ ਨਿਰਾਸ਼ਾਜਨਕ ਹੈ। ਭਾਰਤ ਦੀ ਲਗਾਤਾਰ ਡਿੱਗ ਰਹੀ ਜੀ. ਡੀ. ਪੀ. ਨੂੰ ਸੰਭਾਲਣ ਲਈ ਮੌਜੂਦਾ ਕੇਂਦਰ ਸਰਕਾਰ ਸਮਰੱਥ ਨਹੀਂ ਹੈ। ਪਿਛਲੇ 4 ਸਾਲਾਂ ਤੋਂ ਇਨਕਮ ਟੈਕਸ ਤੋਂ ਰਾਹਤ ਦੀ ਉਮੀਦ ਲਾਈ ਬੈਠੇ ਲੋਕਾਂ ਨੂੰ ਰਾਹਤ ਦੇਣ ਦੀ ਜਗ੍ਹਾ ਚੋਰ ਰਸਤਾ ਅਪਣਾਉਂਦੇ ਹੋਏ ਸੈੱਸ ਦੀ ਦਰ 3 ਫੀਸਦੀ ਤੋਂ ਵਧਾ ਕੇ 4 ਫੀਸਦੀ ਕਰ ਦਿੱਤੀ ਗਈ, ਜਿਸ ਨਾਲ 5 ਤੋਂ 10 ਲੱਖ ਰੁਪਏ ਕਮਾਈ ਵਾਲੇ ਮੱਧ ਵਰਗ 'ਤੇ 1125 ਰੁਪਏ ਦੀ ਦੇਣਦਾਰੀ ਵੱਧ ਗਈ ਹੈ।
ਨੌਕਰੀ ਕਰਨ ਵਾਲਿਆਂ ਨੂੰ 15000 ਰੁਪਏ ਤੱਕ ਦਾ ਮੈਡੀਕਲ ਬਿੱਲ ਅਤੇ ਟਰਾਂਸਪੋਰਟ ਖਰਚੇ ਜੋ ਪਹਿਲਾਂ ਟੈਕਸ ਰਹਿਤ ਸਨ, ਹੁਣ ਨਹੀਂ ਹੋਣਗੇ। ਪੈਟਰੋਲ ਦੇ ਨਾਂ 'ਤੇ ਸਰਕਾਰ ਦੀ ਅੰਨ੍ਹੀ ਲੁੱਟ ਜਾਰੀ ਹੈ, ਜਿਸ ਨੂੰ ਜੀ. ਐੱਸ. ਟੀ. ਦੇ ਦਾਇਰੇ ਵਿਚ ਲਿਆਉਣ ਲਈ ਸਰਕਾਰ ਵੱਲੋਂ ਕੋਈ ਵੀ ਯਤਨ ਨਹੀਂ ਕੀਤਾ ਗਿਆ।  ਇਸ ਮੌਕੇ ਊਸ਼ਾ ਸ਼ਰਮਾ, ਪਲਕ ਸ਼ਰਮਾ, ਦੀਪਾਲੀ, ਵੀਨਾ ਘਈ, ਕਮਲਾ ਯਾਦਵ, ਬਿੰਦੂ ਰਾਣੀ, ਮੰਜੂ ਰਾਣੀ, ਪਿੰਕੀ ਰਾਣੀ, ਸੁਰਿੰਦਰ ਕੌਰ, ਸੋਨੀਆ ਗੁਲਾਟੀ, ਰਜਿੰਦਰ ਕੌਰ ਆਦਿ ਹਾਜ਼ਰ ਸਨ।


Related News