ਤਿੰਨ ਔਰਤਾਂ ਨੇ ਪੁਲਸ ਟੀਮ ’ਤੇ ਕੀਤਾ ਹਮਲਾ, ਮਾਮਲਾ ਦਰਜ

Thursday, Oct 24, 2024 - 12:46 PM (IST)

ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-38 ਸਥਿਤ ਮਕਾਨ ਅੰਦਰ ਨੌਜਵਾਨ ਕੋਲ ਨਾਜਾਇਜ਼ ਹਥਿਆਰ ਹੋਣ ’ਤੇ ਪੁਲਸ ਨੇ ਮਕਾਨ ’ਚ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਮਕਾਨ ’ਚ ਰਹਿਣ ਵਾਲੀਆਂ ਤਿੰਨ ਔਰਤਾਂ ਸਬ-ਇੰਸਪੈਕਟਰ ਸਣੇ ਪੁਲਸ ਮੁਲਾਜ਼ਮਾਂ ਨਾਲ ਹੱਥੋਪਾਈ ਕਰਦਿਆਂ ਖ਼ੁਦਕੁਸ਼ੀ ਕਰਨ ਦੀ ਧਮਕੀ ਦੇਣ ਲੱਗੀਆਂ। ਐੱਸ. ਆਈ. ਸੁਨੀਲ ਕੁਮਾਰ ਨੇ ਮਾਮਲੇ ਦੀ ਸੂਚਨਾ ਸੀਨੀਅਰ ਅਫ਼ਸਰਾਂ ਨੂੰ ਦਿੱਤੀ। ਸੈਕਟਰ-39 ਥਾਣਾ ਪੁਲਸ ਨੇ ਸੈਕਟਰ-38 ਦੀ ਵਸਨੀਕ ਤਿੰਨ ਔਰਤਾਂ ਖ਼ਿਲਾਫ਼ ਹਮਲਾ ਕਰਨ ਅਤੇ ਪੁਲਸ ਮੁਲਾਜ਼ਮਾਂ ਨੂੰ ਸਰਕਾਰੀ ਡਿਊਟੀ ਕਰਨ ਤੋਂ ਰੋਕਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸੁਨੀਲ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਹ ਸੈਕਟਰ-39 ਪੁਲਸ ਸਟੇਸ਼ਨ ’ਚ ਬਤੌਰ ਸਬ-ਇੰਸਪੈਕਟਰ ਤਾਇਨਾਤ ਹੈ।

ਮੰਗਲਵਾਰ ਸਵੇਰ ਪੁਲਸ ਟੀਮ ਨੂੰ ਸੂਚਨਾ ਮਿਲੀ ਕਿ ਸੈਕਟਰ-38 ’ਚ ਮਕਾਨ ਨੰਬਰ 679/1 ਵਿਚ ਕੋਈ ਅਣਪਛਾਤਾ ਵਿਅਕਤੀ ਅਪਰਾਧ ਕਰਨ ਲਈ ਹਥਿਆਰਾਂ ਨਾਲ ਵੜਿਆ ਹੈ। ਸੂਚਨਾ ’ਤੇ ਐੱਸ. ਆਈ. ਸੁਨੀਲ ਤੇ ਹੋਰ ਪੁਲਸ ਮੁਲਾਜ਼ਮ ਛਾਪੇਮਾਰੀ ਲਈ ਘਰ ਪਹੁੰਚੇ, ਪਰ ਕਥਿਤ ਤੌਰ ’ਤੇ ਤਿੰਨ ਔਰਤਾਂ ਨੇ ਐੱਸ.ਆਈ. ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਨੂੰ ਡਿਊਟੀ ਕਰਨ ਤੋਂ ਰੋਕਣ ਲਈ ਹਮਲਾ ਕਰ ਦਿੱਤਾ। ਔਰਤਾਂ ’ਚੋਂ ਇਕ ਨੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰਨ ਦੀ ਧਮਕੀ ਵੀ ਦਿੱਤੀ ਤੇ ਪੁਲਸ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਅਧਿਕਾਰਕ ਡਿਊਟੀ ਕਰਨ ਤੋਂ ਰੋਕਿਆ। ਬਾਅਦ ’ਚ ਐੱਸ. ਆਈ. ਸੁਨੀਲ ਕੁਮਾਰ ਨੇ ਸੈਕਟਰ-39 ਪੁਲਸ ਸਟੇਸ਼ਨ ’ਚ ਸੂਚਨਾ ਦਿੱਤੀ ਤੇ ਔਰਤਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ।
 


Babita

Content Editor

Related News