19 ਦਿਨਾਂ ਤੋਂ ਲਾਪਤਾ ਔਰਤ ਦੀ ਨਹੀਂ ਕੋਈ ਉੱਘ-ਸੁੱਘ
Saturday, Feb 24, 2018 - 04:06 AM (IST)

ਮੌੜ ਮੰਡੀ(ਪ੍ਰਵੀਨ)-ਪਿੰਡ ਉੱਭਾ ਦਾ ਵਸਨੀਕ ਬੂਟਾ ਸਿੰਘ ਪੁੱਤਰ ਗੁਰਦੇਵ ਸਿੰਘ ਜੋ ਅੱਜਕਲ ਪਿੰਡ ਖੜਕ ਸਿੰਘ ਵਾਲਾ ਵਿਖੇ ਰਹਿ ਰਿਹਾ ਹੈ, ਬੀਤੇ 19 ਦਿਨਾਂ ਤੋਂ ਆਪਣੀ ਲਾਪਤਾ ਪਤਨੀ ਦੀ ਤਲਾਸ਼ 'ਚ ਦਰ-ਦਰ ਭਟਕ ਰਿਹਾ ਹੈ ਪਰ ਪੁਲਸ ਪ੍ਰਸ਼ਾਸਨ ਕੋਈ ਸੁਣਵਾਈ ਨਹੀਂ ਕਰ ਰਿਹਾ। ਕਿਸੇ ਪਾਸੇ ਕੋਈ ਸੁਣਵਾਈ ਨਾ ਹੋਣ ਤੋਂ ਪ੍ਰੇਸ਼ਾਨ ਬੂਟਾ ਸਿੰਘ ਨੇ ਆਖਿਰਕਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਡੀ. ਜੀ. ਪੀ. ਪੰਜਾਬ ਅਤੇ ਐੱਸ. ਐੱਸ. ਪੀ. ਮਾਨਸਾ ਨੂੰ ਲਿਖਤੀ ਦਰਖਾਸਤ ਭੇਜ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਅੱਜ ਬੂਟਾ ਸਿੰਘ ਨੇ ਉੱਚ ਅਧਿਕਾਰੀਆਂ ਨੂੰ ਭੇਜੀਆਂ ਦਰਖਾਸਤਾਂ ਦੀਆਂ ਫੋਟੋ ਕਾਪੀਆਂ ਦਿੰਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਇਕ ਅਕਾਲੀ ਆਗੂ ਨੇ ਤਿੰਨ-ਚਾਰ ਵਿਅਕਤੀਆਂ ਨਾਲ ਰਲ ਕੇ ਮੇਰੀ ਪਤਨੀ ਨੂੰ ਗੁੰਮਰਾਹ ਕੀਤਾ ਅਤੇ 3 ਫਰਵਰੀ ਨੂੰ ਉਸ ਨੂੰ ਲੈ ਕੇ ਚਲੇ ਗਏ, ਜਿਸ ਦਾ ਮੈਨੂੰ ਅਜੇ ਤੱਕ ਕੋਈ ਪਤਾ ਨਹੀਂ ਲੱਗਾ। ਉਸ ਨੇ ਇਹ ਵੀ ਦੱਸਿਆ ਕਿ ਮੈਂ ਬਹੁਤ ਵਾਰ ਥਾਣੇ 'ਚ ਵੀ ਗਿਆ ਪਰ ਉਥੇ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਮੇਰੀ ਕੋਈ ਸੁਣਵਾਈ ਕਰਨ ਦੀ ਥਾਂ 'ਤੇ ਮੈਨੂੰ ਇਹ ਕਹਿ ਦਿੱਤਾ ਕਿ ''ਤੂੰ ਉਸ ਜਨਾਨੀ ਤੋਂ ਕੀ ਕਰਵਾਉਣਾ, 10-15 ਦਿਨ ਹੋਰ ਦੇਖ ਲੈ, ਜੇ ਨਾ ਆਈ ਤਾਂ ਦੂਜਾ ਵਿਆਹ ਕਰਵਾ ਲਈਂ।'' ਉਸ ਨੇ ਇਹ ਵੀ ਦੱਸਿਆ ਕਿ ਇਕ ਦਿਨ ਉਕਤ ਅਕਾਲੀ ਆਗੂ ਦੇ ਨਾਲ ਕਈ ਵਿਅਕਤੀ ਉਕਤ ਥਾਣੇ 'ਚ ਆਏ ਅਤੇ ਮੈਨੂੰ ਕਹਿਣ ਲੱਗੇ ਕਿ ਤੇਰੀ ਘਰ ਵਾਲੀ ਤੈਨੂੰ ਵਾਪਸ ਕਰ ਦਿੰਦੇ ਹਾਂ ਪਰ ਤੂੰ ਕੋਈ ਕਾਰਵਾਈ ਨਾ ਕਰੀਂ। ਜੇ ਕਾਰਵਾਈ ਕਰੇਗਾ ਤਾਂ ਤੈਨੂੰ ਜਾਨੋਂ ਮਾਰ ਦਿਆਂਗੇ। ਉਸ ਨੇ ਦੱਸਿਆ ਕਿ ਉਕਤ ਅਕਾਲੀ ਆਗੂ ਕੋਲ ਕਾਫ਼ੀ ਪੈਸਾ ਹੈ, ਮੈਂ ਗਰੀਬ ਹਾਂ ਜਿਸ ਕਾਰਨ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ। ਉਸ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮੇਰੀ ਪਤਨੀ ਨੂੰ ਗੁੰਮਰਾਹ ਕਰ ਕੇ ਲਿਜਾਣ ਵਾਲੇ ਵਿਅਕਤੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮੇਰੀ ਪਤਨੀ ਨੂੰ ਇਨ੍ਹਾਂ ਦੀ ਕੈਦ 'ਚੋਂ ਛੁਡਾਇਆ ਜਾਵੇ। ਇਸ ਸਬੰਧੀ ਐੱਸ. ਐੱਚ. ਓ. ਜਸਵੀਰ ਸਿੰਘ ਥਾਣਾ ਜੋਗਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਆਪਣੀ ਪਤਨੀ ਨੂੰ ਕੁੱਟਦਾ-ਮਾਰਦਾ ਸੀ, ਜਿਸ ਕਾਰਨ ਉਹ ਘਰੋਂ ਚਲੀ ਗਈ ਹੈ, ਜਿਸ ਸਬੰਧੀ ਬੂਟਾ ਸਿੰਘ ਦੇ ਕਹਿਣ 'ਤੇ ਗੁੰਮਸ਼ੁਦਗੀ ਦੀ ਰਿਪੋਰਟ ਲਿਖ ਕੇ ਬਣਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਿਸ ਵਿਅਕਤੀ ਦੇ ਘਰ ਬੂਟਾ ਸਿੰਘ ਰਹਿ ਰਿਹਾ ਹੈ, ਉਹ ਵਿਅਕਤੀ ਹੀ ਮਨਪ੍ਰੀਤ ਕੌਰ ਦੇ ਕਹਿਣ 'ਤੇ ਉਸ ਨੂੰ ਕਿਸੇ ਦੇ ਘਰ ਛੱਡ ਆਇਆ ਸੀ ਪਰ ਹੁਣ ਬੂਟਾ ਸਿੰਘ ਉਨ੍ਹਾਂ 'ਤੇ ਗਲਤ ਇਲਜ਼ਾਮ ਲਾ ਰਿਹਾ ਹੈ। ਅਸੀਂ ਇਸ ਨੂੰ ਦੱਸ ਚੁੱਕੇ ਹਾਂ ਕਿ ਤੁਹਾਡੀ ਗੁੰਮਸ਼ੁਦਗੀ ਦੀ ਰਿਪੋਰਟ ਲਿਖ ਲਈ ਹੈ ਅਤੇ ਘਟਨਾ ਦਾ ਬਕੂਆ ਮੌੜ ਥਾਣੇ ਦਾ ਬਣਦਾ ਹੈ, ਤੁਸੀਂ ਥਾਣਾ ਮੌੜ ਵਿਖੇ ਦਰਖਾਸਤ ਦਿਓ।