ਜਨਾਨੀ ਦੀਆਂ ਧਮਕੀਆਂ ਤੋਂ ਤੰਗ ਆਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪਹਿਲਾਂ ਫੋਨ ’ਤੇ ਪਾਇਆ ਸਟੇਟਸ

Sunday, Apr 17, 2022 - 06:28 PM (IST)

ਰਾਜਪੁਰਾ (ਮਸਤਾਨਾ) : ਕਿਸੇ ਜਨਾਨੀ ਵੱਲੋਂ ਦਿੱਤੀਆਂ ਗਈਆਂ ਜਬਰ-ਜ਼ਿਨਾਹ ਦਾ ਮੁਕੱਦਮਾ ਦਰਜ ਕਰਵਾਉਣ ਦੀਆਂ ਧਮਕੀਆਂ ਤੋਂ ਤੰਗ ਆ ਕੇ ਇਕ ਨੌਜਵਾਨ ਨੇ ਨਹਿਰ ’ਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਥਾਣਾ ਸਿਟੀ ਦੀ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਜਨਾਨੀ ਖ਼ਿਲਾਫ ਧਾਰਾ 306 ਅਧੀਨ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਰਾਜਪੁਰਾ ਵਾਸੀ ਲਵਕੇਸ਼ ਕੁਮਾਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਬੀਤੇ ਦਿਨ ਰਾਜਪੁਰਾ ਵਾਸੀ ਅਨੂ ਮਹਿਤਾ ਸਾਡੇ ਘਰ ਆਈ। ਮੇਰੇ ਭਰਾ ਡਿੰਪਲ ਨੂੰ ਧਮਕੀਆਂ ਦੇਣ ਲੱਗ ਪਈ ਕਿ ਉਹ ਉਸ ’ਤੇ ਜਬਰ-ਜ਼ਿਨਾਹ ਦਾ ਝੂਠਾ ਮੁਕੱਦਮਾ ਦਰਜ ਕਰਵਾ ਦਵੇਗੀ। ਉਸ ਨੂੰ ਧਮਕੀਆਂ ਦਿੰਦੀ ਹੋਈ ਚਲੀ ਗਈ।

ਇਸ ਦੌਰਾਨ ਕੁਝ ਦੇਰ ਬਾਅਦ ਮੇਰੇ ਭਰਾ ਡਿੰਪਲ ਨੇ ਮੋਬਾਇਲ ਫੋਨ ’ਤੇ ਸਟੇਟਸ ਪਾਇਆ ਕਿ ਉਹ ਉਕਤ ਔਰਤ ਦੀਆਂ ਧਮਕੀਆਂ ਤੋਂ ਤੰਗ ਆ ਕੇ ਭਾਖੜੀ ਨਰਵਾਨਾ ਬ੍ਰਾਂਚ ਦੀ ਨਹਿਰ ’ਚ ਛਾਲ ਮਾਰ ਕੇ ਆਤਮਹੱਤਿਆ ਕਰਨ ਜਾ ਰਿਹਾ ਹੈ। ਬੀਤੇ ਦਿਨੀਂ ਮ੍ਰਿਤਕ ਦਾ ਮੋਬਾਇਲ ਫੋਨ ਅਤੇ ਮੋਟਰਸਾਈਕਲ ਨਹਿਰ ਦੇ ਕੰਡੇ ਤੋਂ ਬਰਾਮਦ ਹੋਇਆ ਸੀ। ਦੂਜੇ ਦਿਨ ਉਕਤ ਨੌਜਵਾਨ ਦੀ ਲਾਸ਼ ਵੀ ਨਹਿਰ ’ਚੋਂ ਬਰਾਮਦ ਹੋ ਗਈ। ਪੁਲਸ ਨੇ ਲਵਕੇਸ਼ ਦੇ ਬਿਆਨਾਂ ’ਤੇ ਅਨੂ ਮਹਿਤਾ ਖ਼ਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 


Gurminder Singh

Content Editor

Related News