ਸੰਗਰੂਰ ਪੁਲਸ ਦੀ ਵੱਡੀ ਕਾਰਵਾਈ: ਨਸ਼ਾ ਸਮੱਗਲਰਾਂ ਤੇ ਹਥਿਆਰਾਂ ਸਮੇਤ ਫੜਿਆ ਇਸ਼ਤਿਹਾਰੀ ਮੁਲਜ਼ਮ

Friday, Aug 07, 2026 - 04:09 PM (IST)

ਸੰਗਰੂਰ ਪੁਲਸ ਦੀ ਵੱਡੀ ਕਾਰਵਾਈ: ਨਸ਼ਾ ਸਮੱਗਲਰਾਂ ਤੇ ਹਥਿਆਰਾਂ ਸਮੇਤ ਫੜਿਆ ਇਸ਼ਤਿਹਾਰੀ ਮੁਲਜ਼ਮ

ਸੰਗਰੂਰ (ਵਿਵੇਕ ਸਿੰਧਵਾਨੀ, ਸਿੰਗਲਾ, ਰਵੀ)- ਸੰਗਰੂਰ ਪੁਲਸ ਨੇ ਇਕ ਵੱਡੀ ਸਫਲਤਾ ਹਾਸਲ ਕਰਦਿਆਂ 2 ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ 560 ਗ੍ਰਾਮ ਹੈਰੋਇਨ, 2 ਪਿਸਤੌਲ 32 ਬੋਰ (ਸਮੇਤ 2 ਜ਼ਿੰਦਾ ਕਾਰਤੂਸ) ਅਤੇ 1 ਪਿਸਤੌਲ 30 ਬੋਰ ਮਾਰਕਾ ਪੀ. ਐਕਸ 5 (ਸਮੇਤ 1 ਜ਼ਿੰਦਾ ਕਾਰਤੂਸ) ਬਰਾਮਦ ਕੀਤੇ ਹਨ।

ਪੁਲਸ ਦੀ ਚੌਕਸੀ ਨਾਲ ਮਿਲੀ ਪਹਿਲੀ ਸਫ਼ਲਤਾ

ਐੱਸ. ਐੱਸ. ਪੀ. ਡਾ. ਰਵਜੋਤ ਗਰੇਵਾਲ (ਆਈ. ਪੀ. ਐੱਸ.) ਨੇ ਦੱਸਿਆ ਕਿ ਕਪਤਾਨ ਪੁਲਸ (ਇਨਵੈਸਟੀਗੇਸ਼ਨ) ਦੇਵਿੰਦਰ ਅੱਤਰੀ, ਉਪ ਕਪਤਾਨ ਪੁਲਸ ਦਲਬੀਰ ਸਿੰਘ (ਸਬ ਡਵੀਜ਼ਨ) ਅਤੇ ਉਪ ਕਪਤਾਨ ਪੁਲਸ ਸੁਖਦੇਵ ਸਿੰਘ (ਡਿਟੈਕਟਿਵ) ਦੀ ਅਗਵਾਈ ਹੇਠ ਸੀ. ਆਈ. ਏ. ਬਹਾਦਰ ਸਿੰਘ ਵਾਲਾ ਦੇ ਇੰਚਾਰਜ ਇੰਸਪੈਕਟਰ ਸੰਦੀਪ ਸਿੰਘ ਦੀ ਟੀਮ ਨੇ ਗਸ਼ਤ ਦੌਰਾਨ ਹਰੀਪੁਰਾ ਬਸਤੀ (ਮਿਲਟਰੀ ਏਰੀਆ ਨੇੜੇ) ਤੋਂ ਸਿਮਰਨਜੀਤ ਸਿੰਘ (ਵਾਸੀ ਕਿਸ਼ਨਪੁਰਾ ਰੋਡ) ਨੂੰ ਕਾਬੂ ਕੀਤਾ। ਉਸ ਦੇ ਕਬਜ਼ੇ ’ਚੋਂ 510 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਥਾਣਾ ਸਿਟੀ ਵਿਖੇ ਐੱਨ. ਡੀ. ਪੀ. ਐੱਸ. ਅਤੇ ਅਸਲਾ ਐਕਟ ਤਹਿਤ ਮੁਕੱਦਮਾ ਨੰਬਰ 139 ਦਰਜ ਕੀਤਾ ਗਿਆ।

ਪੁੱਛਗਿੱਛ ਦੌਰਾਨ ਵੱਡਾ ਖੁਲਾਸਾ ਤੇ ਦੂਜੀ ਗ੍ਰਿਫਤਾਰੀ

ਮਾਮਲੇ ਦੀ ਪੜਤਾਲ ਦੌਰਾਨ ਪੁਲਸ ਨੇ ਧਾਰਾ 29 ਐੱਨ. ਡੀ. ਪੀ. ਐੱਸ. ਐਕਟ ਦਾ ਵਾਧਾ ਕਰਦਿਆਂ ਗੁਰਪ੍ਰੀਤ ਸਿੰਘ ਉਰਫ ਭੈਰੋ (ਵਾਸੀ ਅਜੀਤ ਨਗਰ) ਨੂੰ ਨਾਮਜ਼ਦ ਕਰ ਕੇ ਸੁਨਾਮੀ ਗੇਟ ਤੋਂ ਗ੍ਰਿਫਤਾਰ ਕੀਤਾ। ਪੁਲਸ ਰਿਮਾਂਡ ਦੌਰਾਨ ਦੋਸ਼ੀ ਭੈਰੋ ਦੀ ਨਿਸ਼ਾਨਦੇਹੀ ’ਤੇ ਸੋਹੀਆ ਰੋਡ (ਗੰਦੇ ਨਾਲੇ ਕੋਲ) ਤੋਂ 50 ਗ੍ਰਾਮ ਹੋਰ ਹੈਰੋਇਨ, 2 ਪਿਸਤੌਲ 32 ਬੋਰ (2 ਕਾਰਤੂਸ) ਅਤੇ 1 ਪਿਸਤੌਲ 30 ਬੋਰ ਪੀ. ਐਕਸ 5 (1 ਕਾਰਤੂਸ) ਬਰਾਮਦ ਕੀਤੇ ਗਏ।

ਪੁਰਾਣਾ ਅਪਰਾਧਿਕ ਰਿਕਾਰਡ

ਗੁਰਪ੍ਰੀਤ ਸਿੰਘ ਉਰਫ ਭੈਰੋ ਇਕ ਅਪਰਾਧੀ ਹੈ, ਜਿਸ ਖਿਲਾਫ ਪਹਿਲਾਂ ਵੀ ਵੱਖ-ਵੱਖ 17 ਮੁਕੱਦਮੇ ਦਰਜ ਹਨ। ਉਹ ਕਈ ਮਾਮਲਿਆਂ ’ਚ ਭਗੌੜਾ ਅਤੇ ਵਾਂਟੇਡ ਹੋਣ ਕਰ ਕੇ ਬੰਬਈ ਅਤੇ ਗੁਜਰਾਤ ਵੱਲ ਲੁਕਿਆ ਹੋਇਆ ਸੀ। ਪੁਲਸ ਅਨੁਸਾਰ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


author

Anmol Tagra

Content Editor

Related News