ਕਾਲਾ ਢਿੱਲੋਂ ਦੀ ਨਾਰਾਜ਼ਗੀ ''ਤੇ ਬੋਲੇ ਰਾਜਾ ਵੜਿੰਗ, ਵਿਧਾਇਕ ਮੈਂ ਹੀ ਬਣਾਇਆ ਸੀ

Monday, Aug 03, 2026 - 12:33 PM (IST)

ਕਾਲਾ ਢਿੱਲੋਂ ਦੀ ਨਾਰਾਜ਼ਗੀ ''ਤੇ ਬੋਲੇ ਰਾਜਾ ਵੜਿੰਗ, ਵਿਧਾਇਕ ਮੈਂ ਹੀ ਬਣਾਇਆ ਸੀ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਵਿਖੇ ਬੀਤੇ ਦਿਨੀਂ ਹੋਈ ਕਾਂਗਰਸ ਪਾਰਟੀ ਦੀ ਵਰਕਰ ਮਿਲਣੀ ਸਿਰਫ਼ ਵਰਕਰਾਂ ਨੂੰ ਇਕਜੁੱਟ ਕਰਨ ਤੱਕ ਸੀਮਤ ਨਹੀਂ ਰਹੀ, ਸਗੋਂ ਇਸ ਮੰਚ ਤੋਂ ਪਾਰਟੀ ਅੰਦਰ ਚੱਲ ਰਹੇ ਸਿਆਸੀ ਸਮੀਕਰਨ ਵੀ ਖੁੱਲ੍ਹ ਕੇ ਸਾਹਮਣੇ ਆਏ। ਇਕ ਪਾਸੇ ਹਲਕਾ ਬਰਨਾਲਾ ਦੇ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਆਪਣੇ ਸੰਬੋਧਨ ਦੌਰਾਨ ਹਲਕੇ ਵਿਚ ਬਾਹਰੀ ਆਗੂਆਂ ਦੀ ਦਖ਼ਲਅੰਦਾਜ਼ੀ 'ਤੇ ਇਤਰਾਜ਼ ਜਤਾਇਆ, ਉੱਥੇ ਹੀ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਆਪਣੇ ਭਾਸ਼ਣ ਦੌਰਾਨ ਕਾਲਾ ਢਿੱਲੋਂ ਨੂੰ ਸਿੱਧੇ ਸ਼ਬਦਾਂ ਵਿਚ ਸੰਦੇਸ਼ ਦਿੱਤਾ। ਸਮਾਗਮ ਵਿਚ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਸਮੇਤ ਕਈ ਸੀਨੀਅਰ ਆਗੂ ਮੌਜੂਦ ਸਨ। ਕਾਲਾ ਢਿੱਲੋਂ ਦੇ ਸੰਬੋਧਨ ਤੋਂ ਬਾਅਦ ਜਦੋਂ ਰਾਜਾ ਵੜਿੰਗ ਬੋਲਣ ਲਈ ਖੜ੍ਹੇ ਹੋਏ ਤਾਂ ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਕਾਲਾ ਢਿੱਲੋਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਅੱਜ ਵਿਧਾਇਕ ਬਣੇ ਹਨ ਤਾਂ ਇਸ ਵਿਚ ਪਾਰਟੀ ਅਤੇ ਲੀਡਰਸ਼ਿਪ ਦਾ ਵੀ ਵੱਡਾ ਯੋਗਦਾਨ ਹੈ।

'ਕਾਲੇ ਨੂੰ ਵਿਧਾਇਕ ਮੈਂ ਹੀ ਬਣਾਇਆ ਸੀ'

ਰਾਜਾ ਵੜਿੰਗ ਨੇ ਮੰਚ ਤੋਂ ਕਿਹਾ ਕਿ ਕਾਲਾ ਢਿੱਲੋਂ ਉਨ੍ਹਾਂ ਦਾ ਛੋਟਾ ਭਰਾ ਹੈ ਅਤੇ ਉਹ ਵਿਧਾਇਕ ਬਣ ਕੇ ਆਏ, ਇਹ ਕਾਂਗਰਸ ਪਾਰਟੀ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਪ ਚੋਣ ਦੌਰਾਨ ਕਾਲਾ ਢਿੱਲੋਂ ਨੂੰ ਲਗਭਗ 26 ਹਜ਼ਾਰ ਵੋਟਾਂ ਮਿਲੀਆਂ ਸਨ। ਭਾਵੇਂ ਚੋਣ ਮੈਦਾਨ ਵਿਚ ਉਮੀਦਵਾਰ ਵੱਧ ਹੋਣ ਕਾਰਨ ਵੋਟਾਂ ਦਾ ਵੰਡ ਹੋਇਆ ਪਰ ਜਿੱਤ ਕਾਂਗਰਸ ਦੇ ਹੱਕ ਵਿਚ ਆਈ ਅਤੇ ਇਸ ਜਿੱਤ ਨੇ ਪੂਰੇ ਪੰਜਾਬ ਵਿਚ ਪਾਰਟੀ ਦਾ ਮਾਣ ਵਧਾਇਆ। ਉਨ੍ਹਾਂ ਕਿਹਾ ਕਿ ਪਾਰਟੀ ਨੇ ਹਰ ਮੰਚ 'ਤੇ ਇਹ ਗੱਲ ਮੰਨੀ ਹੈ ਕਿ ਕਾਲਾ ਢਿੱਲੋਂ ਨੇ ਬਰਨਾਲਾ ਵਿਚ ਕਾਂਗਰਸ ਦਾ ਝੰਡਾ ਬੁਲੰਦ ਕੀਤਾ ਹੈ ਅਤੇ ਇਸ ਦਾ ਸਿਹਰਾ ਉਨ੍ਹਾਂ ਨੂੰ ਦਿੱਤਾ ਗਿਆ ਹੈ।

'ਲੀਡਰ ਬਣਨ ਤੋਂ ਬਾਅਦ ਕਹਾਣੀਆਂ ਵੀ ਸੁਣਾਈਆਂ ਜਾਂਦੀਆਂ ਹਨ'

ਰਾਜਾ ਵੜਿੰਗ ਨੇ ਆਪਣੇ ਭਾਸ਼ਣ ਦੌਰਾਨ ਹਲਕੇ ਅੰਦਾਜ਼ ਵਿੱਚ ਕਿਹਾ ਕਿ ਜਦੋਂ ਕੋਈ ਵਿਅਕਤੀ ਵਿਧਾਇਕ ਬਣ ਜਾਂਦਾ ਹੈ ਤਾਂ ਉਹ ਆਪਣੇ ਆਪ ਨੂੰ ਵੱਡਾ ਲੀਡਰ ਸਮਝਣ ਲੱਗ ਪੈਂਦਾ ਹੈ ਅਤੇ ਇਧਰ-ਉਧਰੋਂ ਸੁਣੀਆਂ ਗੱਲਾਂ ਨੂੰ ਅੱਗੇ ਦੱਸਣਾ ਵੀ ਸ਼ੁਰੂ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਕਾਲਾ ਢਿੱਲੋਂ ਨੇ ਅੱਜ ਮੰਚ ਤੋਂ ਕੁਝ ਗੱਲਾਂ ਤਾਂ ਕੀਤੀਆਂ ਪਰ ਇਹ ਨਹੀਂ ਦੱਸਿਆ ਕਿ ਚੋਣਾਂ ਦੌਰਾਨ ਉਨ੍ਹਾਂ ਨੂੰ ਲਗਾਤਾਰ ਡੋਰ-ਟੂ-ਡੋਰ ਪ੍ਰਚਾਰ ਕਰਨ ਅਤੇ ਲੋਕਾਂ ਵਿਚ ਰਹਿਣ ਦੀ ਸਲਾਹ ਵੀ ਦਿੱਤੀ ਜਾਂਦੀ ਰਹੀ। ਉਨ੍ਹਾਂ ਇਹ ਵੀ ਕਿਹਾ ਕਿ ਕਈ ਵਾਰ ਲੋਕ ਅੱਧੀਆਂ-ਅਧੂਰੀਆਂ ਗੱਲਾਂ ਸੁਣ ਕੇ ਗਲਤ ਧਾਰਨਾ ਬਣਾ ਲੈਂਦੇ ਹਨ, ਜਿਸ ਨਾਲ ਬੇਲੋੜੇ ਭਰਮ ਪੈਦਾ ਹੁੰਦੇ ਹਨ।

ਸਿਆਸੀ ਸੰਦੇਸ਼ਾਂ ਨੇ ਵਧਾਈਆਂ ਚਰਚਾਵਾਂ

ਕਾਲਾ ਢਿੱਲੋਂ ਅਤੇ ਰਾਜਾ ਵੜਿੰਗ ਦੇ ਮੰਚ ਤੋਂ ਦਿੱਤੇ ਗਏ ਬਿਆਨਾਂ ਤੋਂ ਬਾਅਦ ਕਾਂਗਰਸ ਦੇ ਸਿਆਸੀ ਹਲਕਿਆਂ ਵਿਚ ਚਰਚਾਵਾਂ ਹੋਰ ਤੇਜ਼ ਹੋ ਗਈਆਂ ਹਨ। ਸਿਆਸੀ ਨਿਰੀਖਕਾਂ ਦਾ ਮੰਨਣਾ ਹੈ ਕਿ ਜਨਤਕ ਮੰਚ ਤੋਂ ਹੋਏ ਇਹ ਬਿਆਨ ਪਾਰਟੀ ਦੇ ਅੰਦਰੂਨੀ ਸਮੀਕਰਨਾਂ ਵੱਲ ਇਸ਼ਾਰਾ ਕਰਦੇ ਹਨ। ਭਾਵੇਂ ਦੋਵੇਂ ਆਗੂਆਂ ਨੇ ਪਾਰਟੀ ਦੀ ਮਜ਼ਬੂਤੀ ਦੀ ਗੱਲ ਕੀਤੀ ਪਰ ਉਨ੍ਹਾਂ ਦੇ ਸੰਬੋਧਨਾਂ ਵਿਚ ਆਪਸੀ ਸੰਦੇਸ਼ ਵੀ ਸਪੱਸ਼ਟ ਤੌਰ 'ਤੇ ਨਜ਼ਰ ਆਏ।
ਰਾਜਨੀਤਿਕ ਮਾਹਿਰਾਂ ਦਾ ਕਹਿਣਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਕਾਂਗਰਸ ਲਈ ਸੰਗਠਨਕ ਏਕਤਾ ਸਭ ਤੋਂ ਵੱਡੀ ਲੋੜ ਹੈ। ਅਜਿਹੇ ਵਿਚ ਜਨਤਕ ਮੰਚਾਂ ਤੋਂ ਆਉਣ ਵਾਲੇ ਬਿਆਨਾਂ ਨੂੰ ਪਾਰਟੀ ਵਰਕਰ ਅਤੇ ਸਿਆਸੀ ਵਰਗ ਗੰਭੀਰਤਾ ਨਾਲ ਦੇਖ ਰਹੇ ਹਨ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਪਾਰਟੀ ਹਾਈਕਮਾਨ ਇਸ ਪੂਰੇ ਘਟਨਾਕ੍ਰਮ ਨੂੰ ਕਿਸ ਤਰ੍ਹਾਂ ਲੈਂਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਜ਼ਿਲ੍ਹਾ ਬਰਨਾਲਾ ਦੀ ਕਾਂਗਰਸ ਰਾਜਨੀਤੀ ਵਿਚ ਇਹ ਬਿਆਨ ਕੀ ਪ੍ਰਭਾਵ ਛੱਡਦੇ ਹਨ।


author

Gurminder Singh

Content Editor

Related News