ਚਰਨਜੀਤ ਚੰਨੀ ਦੇ ਨਾਅਰੇ ਲਾਉਣ ਵਾਲਿਆਂ ਨੂੰ ਰਾਜਾ ਵੜਿੰਗ ਨੇ ਸਟੇਜ ਤੋਂ ਦਿੱਤੀ ਨਸੀਹਤ

Sunday, Aug 02, 2026 - 04:31 PM (IST)

ਚਰਨਜੀਤ ਚੰਨੀ ਦੇ ਨਾਅਰੇ ਲਾਉਣ ਵਾਲਿਆਂ ਨੂੰ ਰਾਜਾ ਵੜਿੰਗ ਨੇ ਸਟੇਜ ਤੋਂ ਦਿੱਤੀ ਨਸੀਹਤ

ਬਰਨਾਲਾ (ਵੈੱਬ ਡੈਸਕ): ਅੱਜ ਕਾਂਗਰਸ ਪਾਰਟੀ ਵੱਲੋਂ 'ਹਰ ਬੂਥ, ਕਾਂਗਰਸ ਮਜ਼ਬੂਤ' ਮੁਹਿੰਮ ਤਹਿਤ ਬਰਨਾਲਾ ਵਿਚ ਕਰਵਾਏ ਗਏ ਸਮਾਗਮ ਦੌਰਾਨ ਅੱਜ ਉਸ ਵੇਲੇ ਮਾਹੌਲ ਗਰਮਾ ਗਿਆ, ਜਦੋਂ ਕੁਝ ਲੋਕਾਂ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ ਗਈ। ਉੱਥੇ ਮੌਜੂਦ ਹੋਰ ਵਰਕਰਾਂ ਦੀ ਨਾਅਰੇ ਲਾਉਣ ਵਾਲਿਆਂ ਨਾਲ ਬਹਿਸਬਾਜ਼ੀ ਵੀ ਹੋਈ। ਇਸ ਦੌਰਾਨ ਰਾਜਾ ਵੜਿੰਗ ਨੇ ਪਾਰਟੀ ਦੇ ਸਾਰੇ ਵਰਕਰਾਂ ਨੂੰ ਇਕਜੁੱਟ ਰਹਿਣ ਦੀ ਨਸੀਹਤ ਦਿੱਤੀ ਹੈ। 

ਇਸ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਹਾਜ਼ਰ ਵਰਕਰਾਂ ਨੂੰ ਕਿਹਾ ਕਿ ਤੁਸੀਂ ਇਕ-ਦੂਜੇ ਦੇ ਭਰਾ ਹੋ। ਉਨ੍ਹਾਂ ਨੇ ਅੱਜ ਦੀ ਨਾਅਰੇਬਾਜ਼ੀ ਵਾਲੇ ਘਟਨਾਕ੍ਰਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਸਭ ਨਾਲ ਕਾਂਗਰਸ ਦਾ ਨੁਕਸਾਨ ਹੁੰਦਾ ਹੈ। ਇਸ ਸਭ ਨਾਲ ਲੋਕਾਂ ਵਿਚ ਗਲਤ ਸੁਨੇਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਸਾਡੇ ਵਿਚ ਮਾੜੀ-ਮੋਟੀ ਖਟਾਸ ਹੈ, ਹੋ ਸਕਦਾ ਹੈ ਕਿ ਅਗਲੇ 4-5 ਦਿਨਾਂ ਵਿਚ ਦੂਰ ਹੋ ਜਾਵੇ, ਪਰ ਜਿਹੜੀਆਂ ਗੰਢਾਂ ਥੱਲੇ ਪੈ ਜਾਣਗੀਆਂ, ਉਹ ਦੂਰ ਨਹੀਂ ਹੋਣਗੀਆਂ। ਉਨ੍ਹਾਂ ਨੇ ਸਾਰੇ ਵਰਕਰਾਂ ਨੂੰ ਇਕਜੁੱਟ ਰਿਹ ਕੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਅਤੇ ਲੋਕਾਂ ਦੇ ਹੱਕ ਦੀ ਲੜਾਈ ਲੜਣ ਦੀ ਅਪੀਲ ਕੀਤੀ। ਵੜਿੰਗ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਸਾਨੂੰ ਆਪਸ ਵਿਚ ਲੜਵਾਉਣਾ ਚਾਹੁੰਦੀਆਂ ਹਨ, ਇਹ ਉਨ੍ਹਾਂ ਦਾ ਏਜੰਡਾ ਹੈ, ਜਿਸ ਨਾਲ ਕਾਂਗਰਸ ਪਾਰਟੀ ਦਾ ਨੁਕਸਾਨ ਹੋ ਰਿਹਾ ਹੈ। 

ਪਿਛਲੀਆਂ ਚੋਣਾਂ ਦਾ ਜ਼ਿਕਰ ਕਰਦਿਆਂ ਵੜਿੰਗ ਨੇ ਕਿਹਾ ਕਿ ਉਸ ਵੇਲੇ ਉਨ੍ਹਾਂ ਦੇ ਪੋਸਟਰ ਉੱਪਰ 2 ਹੀ ਤਸਵੀਰਾਂ ਸਨ, ਇਕ ਚਰਨਜੀਤ ਸਿੰਘ ਚੰਨੀ ਦੀ ਤੇ ਦੂਜੀ ਉਨ੍ਹਾਂ ਦੀ ਆਪਣੀ, ਕਿਉਂਕਿ ਉਹ ਸਾਡੇ ਮੁੱਖ ਮੰਤਰੀ ਸਨ। ਉਨ੍ਹਾਂ ਮੰਚ ਤੋਂ ਦੁਹਰਾਇਆ ਕਿ ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਰੰਧਾਵਾ, ਬ੍ਰਹਮ ਮਹਿੰਦਰਾ, ਕਾਲਾ ਢਿੱਲੋਂ ਸਾਰੇ ਸਾਡੇ ਸਿਰ ਦਾ ਤਾਜ ਹਨ। ਆਪਣੇ ਸੰਬੋਧਨ ਦੌਰਾਨ ਵੜਿੰਗ ਨੇ ਇਹ ਵੀ ਆਖ਼ਿਆ ਕਿ ਉਹ ਬੂਥ ਪ੍ਰਧਾਨ ਤੋਂ ਪੰਜਾਬ ਪ੍ਰਧਾਨ ਬਣੇ ਹਨ। ਬਹੁਤ ਸਾਰੇ ਲੀਡਰਾਂ ਨਾਲ ਉਨ੍ਹਾਂ ਦੀ ਇਹੋ ਲੜਾਈ ਹੈ ਕਿ ਉਹ ਆਮ ਲੋਕਾਂ ਨੂੰ ਅੱਗੇ ਲਿਆਉਣਾ ਚਾਹੁੰਦੇ ਹਨ। 

ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਪਿਛਲੀ ਵਾਰ ਅਸੀਂ ਸਿਰਫ਼ 18 ਸੀਟਾਂ ਹੀ ਜਿੱਤ ਸਕੇ ਸੀ, ਉਦੋਂ ਤਾਂ ਮੇਰਾ ਕੋਈ ਰੌਲ਼ਾ ਨਹੀਂ ਸੀ। ਜਦੋਂ ਸਾਰੇ ਛੱਡ ਕੇ ਭੱਜ ਰਹੇ ਸੀ, ਉਦੋਂ ਉਨ੍ਹਾਂ ਨੇ ਕਾਂਗਰਸ ਦੇ 7 ਐੱਮ. ਪੀ. ਜਿਤਾਏ। ਵੜਿੰਗ ਨੇ ਇਹ ਵੀ ਕਿਹਾ ਕਿ ਉਸ ਵੇਲੇ ਪਾਰਟੀ ਹੋਰ ਸੀਟਾਂ ਵੀ ਜਿੱਤ ਸਕਦੀ ਸੀ, ਪਰ ਕਿਸੇ ਮਜਬੂਰੀ ਕਾਰਨ ਇੱਕ-ਅੱਧੀ ਟਿਕਟ ਗਲਤ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਪ੍ਰਧਾਨ ਹੋਣ ਕਾਰਨ ਮੰਚ 'ਤੇ ਖੜ੍ਹ ਕੇ ਮਜਬੂਰੀਆਂ ਜ਼ਾਹਿਰ ਨਹੀਂ ਕਰ ਸਕਦੇ। 

ਵੜਿੰਗ ਨੇ ਕਿਹਾ ਕਿ 1995 ਵਿਚ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਗਿੱਦੜਬਾਹਾ ਤੋਂ ਬੇਅੰਤ ਸਿੰਘ ਵੀ ਜ਼ਿਮਨੀ ਚੋਣ ਨਹੀਂ ਜਿੱਤ ਸਕੇ। ਪਰ ਉਹ ਪਹਿਲੀ ਵਾਰ ਹੀ ਮਨਪ੍ਰੀਤ ਸਿੰਘ ਬਾਦਲ ਨੂੰ 19 ਹਜ਼ਾਰ ਵੋਟਾਂ ਨਾਲ ਹਰਾ ਕੇ ਆਏ ਹਨ। ਪਾਰਟੀ ਨੇ ਉਨ੍ਹਾਂ ਨੂੰ ਹਰਸਿਮਰਤ ਕੌਰ ਬਾਦਲ, ਰਵਨੀਤ ਸਿੰਘ ਬਿੱਟੂ ਦੇ ਖ਼ਿਲਾਫ਼ ਵੀ ਲੜਾਇਆ, ਪਰ ਉਹ ਹਰ ਵਾਰ ਡਟ ਕੇ ਚੋਣ ਲੜੇ। ਉਨ੍ਹਾਂ ਕਿਹਾ ਕਿ ਕਈ ਲੋਕ ਬਿਨਾਂ ਗੱਲੋਂ ਹੀ ਉਨ੍ਹਾਂ ਦਾ ਵਿਰੋਧ ਕਰਦੇ ਰਹਿੰਦੇ ਹਨ। ਵੜਿੰਗ ਨੇ ਕਿਹਾ ਕਿ ਅੰਦਰੋ-ਅੰਦਰੀ ਦੂਜਿਆਂ ਤੋਂ ਸੜਣ ਵਾਲੇ ਕਦੇ ਵੀ ਕਾਬਿਲ ਨਹੀਂ ਹੁੰਦੇ। 
 


author

Anmol Tagra

Content Editor

Related News