ਜਨਾਨੀਆਂ ਅਤੇ ਬੱਚਿਆਂ ਦੀ ਦਲੇਰੀ ਕਾਰਣ ਲੁੱਟ-ਖੋਹ ਕਰਨ ਆਏ ਲੁਟੇਰੇ ਖ਼ਾਲੀ ਹੱਥ ਭੱਜੇ

Thursday, Jan 21, 2021 - 05:19 PM (IST)

ਜਨਾਨੀਆਂ ਅਤੇ ਬੱਚਿਆਂ ਦੀ ਦਲੇਰੀ ਕਾਰਣ ਲੁੱਟ-ਖੋਹ ਕਰਨ ਆਏ ਲੁਟੇਰੇ ਖ਼ਾਲੀ ਹੱਥ ਭੱਜੇ

ਮੱਖੂ (ਵਾਹੀ) - ਮੱਖੂ ਵਿਖੇ ਬੀਤੀ ਦੇਰ ਸ਼ਾਮ ਵੇਲੇ ਬੱਚੇ ਨੂੰ ਟਿਊਸ਼ਨ ਪੜ੍ਹਾਉਣ ਦੇ ਬਹਾਨੇ ਲੁੱਟ ਖੋਹ ਕਰਨ ਆਏ ਲੁਟੇਰਿਆਂ ਨੂੰ ਘਰ ’ਚ ਮੌਜੂਦ ਜਨਾਨੀਆਂ ਅਤੇ ਬੱਚਿਆਂ ਦੀਆਂ ਦਲੇਰੀ ਕਾਰਣ ਖਾਲੀ ਹੱਥ ਵਾਪਸ ਮੁੜਨਾ ਪਿਆ। ਜਸਮੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮੱਖੂ ਦੇ ਘਰ ਬੀਤੀ ਦੇਰ ਸ਼ਾਮ 7.30 ਵਜੇ ਦੇ ਲੁਟੇਰਾ ਗਿਰੋਹ ਦੇ ਕਰੀਬ 3-4 ਵਿਅਕਤੀ, 1 ਜਨਾਨੀ ਅਤੇ ਛੋਟੇ ਬੱਚੇ ਨੂੰ ਨਾਲ ਲੈ ਕੇ ਘਰ ’ਚ ਦਾਖਲ ਹੋ ਗਏ। ਬੱਚੇ ਨੂੰ ਟਿਊਸ਼ਨ ਪੜ੍ਹਾਉਣ ਸਬੰਧੀ ਜਦੋਂ ਲੁਟੇਰਿਆਂ ਨੇ ਪੁੱਛਿਆ ਤਾਂ ਘਰ ’ਚ ਮੌਜੂਦ ਜਨਾਨੀਆਂ ਨੇ ਕਿਹਾ ਕਿ ਨਾਲ ਦੇ ਘਰ ਵਾਲੇ ਟਿਊਸ਼ਨ ਪੜ੍ਹਾਉਂਦੇ ਹਨ। ਉਸ ਵਕਤ ਬੱਚੇ ਲਈ ਟਿਊਸ਼ਨ ਪੁੱਛਣ ਆਈ ਜਨਾਨੀ ਨੇ ਘਰ ਵਾਲਿਆਂ ਤੋਂ ਪਾਣੀ ਦੀ ਮੰਗ ਕੀਤੀ।

ਉਸ ਸਮੇਂ ਘਰ ’ਚ ਨੂੰਹ, ਸੱਸ ਅਤੇ ਛੋਟੇ ਬੱਚੇ ਸਨ। ਨੂੰਹ ਪਾਣੀ ਲੈਣ ਲਈ ਚੱਲੀ ਗਈ ਤਾਂ ਨਾਲ ਆਏ ਵਿਅਕਤੀ ਵੀ ਘਰ ਦੇ ਅੰਦਰ ਆ ਗਏ ਅਤੇ ਪਿਸਤੋਲ 7-8 ਸਾਲ ਦੇ ਬੱਚੇ ਦੇ ਸਿਰ ’ਤੇ ਲਗਾ ਦਿੱਤਾ। ਘਰ ਦੀਆਂ ਜਨਾਨੀਆਂ ਅਤੇ ਬੱਚਿਆਂ ਨੇ ਦਲੇਰੀ ਵਰਤਦੇ ਹੋਏ ਭੱਜ ਕੇ ਘਰ ਦੀ ਛੱਤ ’ਤੇ ਚੜ੍ਹ ਕੇ ਰੌਲਾ ਪਾ ਦਿੱਤਾ ਅਤੇ ਦੂਸਰੀ ਜਨਾਨੀ ਨੇ ਲੁੱਟ ਖੋਹ ਕਰਨ ਆਈ ਜਨਾਨੀ ਨੂੰ ਫੜ ਲਿਆ। ਬੱਚੇ ਨੇ ਸਿਰ ’ਤੇ ਰੱਖੇ ਪਿਸਤੋਲ ਨੂੰ ਹੱਥ ਮਾਰ ਕੇ ਪਾਸੇ ਸੁੱਟ ਦਿੱਤਾ। ਮੁਹੱਲੇ ’ਚ ਰੌਲਾ ਪੈਣ ਕਾਰਣ ਲੁਟੇਰੇ ਉਸ ਘਰ ਵਿਚੋਂ ਭੱਜ ਗਏ ਅਤੇ ਜਾਂਦੇ ਹੋਏ ਘਰ ਵਾਲਿਆਂ ਦਾ ਮੋਬਾਇਲ ਲੈ ਗਏ। ਇਸ ਤਰ੍ਹਾਂ ਘਰ ਦੀਆਂ ਜਨਾਨੀਆਂ ਅਤੇ ਬੱਚਿਆਂ ਦੀ ਦਲੇਰੀ ਨਾਲ ਲੁੱਟ-ਖੋਹ ਹੋਣ ਤੋਂ ਬਚਾਅ ਹੋ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਮੱਖੂ ਦੀ ਪੁਲਸ ਨੇ ਮੌਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ।

ਵਰਣਨਯੋਗ ਹੈ ਕਿ ਇਸੇ ਇਲਾਕੇ ’ਚ ਕੁਝ ਸਮਾਂ ਪਹਿਲਾਂ ਵੀ ਲੁਟੇਰਿਆਂ ਵੱਲੋਂ ਸੁਨਿਆਰੇ ਘਰ ’ਚ ਸਵੇਰੇ ਤੜਕੇ ਪੁਲਸ ਮੁਲਾਜ਼ਮ ਬਣ ਕੇ ਲੁੱਟ-ਖੋਹ ਕੀਤੀ ਗਈ ਸੀ, ਜਿਸ ਸਬੰਧੀ ਪੁਲਸ ਦੇ ਹੱਥ ਅਜੇ ਤੱਕ ਖਾਲੀ ਹਨ। ਸ਼ਹਿਰ ’ਚ ਚੋਰਾਂ ਵੱਲੋਂ ਕਈ ਦੁਕਾਨਾਂ ’ਤੇ ਚੋਰੀ ਵੀ ਕੀਤੀ ਗਈ ਸੀ। ਲੁੱਟਾਂ-ਖੋਹਾਂ ਅਤੇ ਚੋਰੀਆਂ ਕਰਨ ਵਾਲੇ ਕਿਸੇ ਵਿਅਕਤੀ ਨੂੰ ਨਾ ਫੜਨ ਕਰਕੇ ਪੁਲਸ ਪ੍ਰਸ਼ਾਸਨ ’ਤੇ ਕਈ ਤਰ੍ਹਾਂ ਦੇ ਸਵਾਲੀਆਂ ਨਿਸ਼ਾਨ ਖੜੇ ਹੋ ਰਹੇ ਹਨ। ਸ਼ਹਿਰ ’ਚ ਆਏ ਦਿਨ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਹੋਣ ਕਾਰਣ ਸ਼ਹਿਰ ਵਾਸੀਆਂ ’ਚ ਖੋਫ਼ ਦਾ ਮਾਹੌਲ ਬਣਿਆ ਹੋਇਆ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਲੁਟੇਰੇ ਅਤੇ ਚੋਰ ਪੁਲਸ ਪ੍ਰਸ਼ਾਸਨ ਤੋਂ ਬੇਖੋਫ਼ ਹੋ ਕੇ ਲੁੱਟਾਂ-ਖੋਹਾਂ ਅਤੇ ਚੋਰੀਆਂ ਦੀਆਂ ਵਾਰਦਾਤਾਂ ਕਰ ਰਹੇ ਹਨ। ਪੁਲਸ ਪ੍ਰਸ਼ਾਸਨ ਸਾਰਾ ਤਮਾਸ਼ਾ ਦੇਖ ਰਿਹਾ ਹੈ।


author

rajwinder kaur

Content Editor

Related News