ਪ੍ਰੇਮੀ ਦਾ ਵਿਆਹ ਰੁਕਵਾਉਣ ਲਈ ਸ਼ਰੇਆਮ ਡਟੀ ਗਰਭਵਤੀ ਪ੍ਰੇਮਿਕਾ, ਦਿੱਤੀ ਵੱਡੀ ਧਮਕੀ
Saturday, Apr 25, 2020 - 02:40 PM (IST)
ਲੁਧਿਆਣਾ : ਜਵਾਹਰ ਨਗਰ ਇਲਾਕੇ 'ਚ ਸ਼ੁੱਕਰਵਾਰ ਨੂੰ 32 ਸਾਲਾ ਇਕ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਦੇ ਘਰ ਦੇ ਬਾਹਰ ਧਰਨਾ ਲਗਾ ਦਿੱਤਾ। ਪ੍ਰੇਮਿਕਾ ਦਾ ਕਹਿਣਾ ਹੈ ਕਿ ਉਹ ਉਸ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ ਅਤੇ ਪ੍ਰੇਮੀ ਚੋਰੀ-ਛਿੱਪੇ ਕਿਸੇ ਹੋਰ ਨਾਲ ਵਿਆਹ ਕਰਨ ਵਾਲਾ ਹੈ, ਜੋ ਕਿ 2 ਦਿਨ ਬਾਅਦ ਤੈਅ ਹੈ। ਪ੍ਰੇਮਿਕਾ ਦਾ ਦੋਸ਼ ਹੈ ਕਿ ਪਿਛਲੇ 4 ਸਾਲਾਂ ਤੋਂ ਉਹ ਪਤੀ-ਪਤਨੀ ਵਾਂਗ ਰਹਿ ਰਹੇ ਹਨ ਅਤੇ 3 ਮਹੀਨੇ ਦੀ ਉਹ ਗਰਭਵਤੀ ਹੈ। ਹੈਬੋਵਾਲ ਥਾਣਾ ਮੁਖੀ ਇੰਸਪੈਕਟਰ ਮੋਹਨ ਲਾਲ ਦਾ ਕਹਿਣਾ ਹੈ ਕਿ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣੋ ਕੀ ਹੈ ਪੂਰਾ ਮਾਮਲਾ
ਲੜਕੀ ਨੇ ਦੱਸਿਆ ਕਿ ਕਰੀਬ 5 ਸਾਲ ਪਹਿਲਾਂ ਫੇਸਬੁਕ ’ਤੇ ਉਸ ਦੀ ਦੋਸਤੀ ਮੁਜ਼ਰਮ ਨਾਲ ਹੋਈ ਸੀ, ਜਿਸ ਦਾ ਉਕਤ ਇਲਾਕੇ 'ਚ ਫੋਟੋ ਸਟੂਡੀਓ ਹੈ। ਦੋਸਤੀ ਜਲਦ ਹੀ ਪ੍ਰੇਮ 'ਚ ਬਦਲ ਗਈ ਅਤੇ ਦੋਹਾਂ ਦਰਮਿਆਨ ਡੂੰਘੇ ਸਬੰਧ ਬਣ ਗਏ। ਇਸੇ ਦੌਰਾਨ ਪ੍ਰੇਮਿਕਾ ਨੇ ਉਸ ਨੂੰ ਦੱਸ ਦਿੱਤਾ ਸੀ ਕਿ ਉਹ ਵਿਆਹੀ ਹੋਈ ਹੈ। ਪ੍ਰੇਮ ਸਬੰਧਾਂ ਦਾ ਪਤਾ ਜਦੋਂ ਪ੍ਰੇਮਿਕਾ ਦੇ ਪਤੀ ਅਤੇ ਘਰ ਵਾਲਿਆਂ ਨੂੰ ਲੱਗਾ ਤਾਂ ਉਨ੍ਹਾਂ ਨੇ ਉਸ ਨਾਲੋਂ ਨਾਤਾ ਤੋੜ ਲਿਆ। ਤਲਾਕ ਦਾ ਫੈਸਲਾ ਆਖਰੀ ਪੜਾਅ ’ਤੇ ਪੁੱਜ ਗਿਆ। ਇਸੇ ਦੌਰਾਨ ਮੁਜ਼ਰਮ ਉਸ ਨੂੰ ਹੈਦਰ ਐਨਕਲੇਵ 'ਚ ਕਿਰਾਏ ਦੇ ਘਰ 'ਚ ਲੈ ਗਿਆ, ਜਿੱਥੇ ਉਹ ਪਤੀ-ਪਤਨੀ ਵਾਂਗ ਰਹਿਣ ਲੱਗੇ। ਮੁਜ਼ਰਮ ਆਪਣੇ ਘਰ ਆਉਂਦਾ-ਜਾਂਦਾ ਰਹਿੰਦਾ ਸੀ। ਉਸ ਦੇ ਪਰਿਵਾਰ ਵਾਲਿਆਂ ਨੂੰ ਦੋਹਾਂ ਦੇ ਸਬੰਧਾਂ ਬਾਰੇ ਪਤਾ ਸੀ। ਉਸ ਨੇ ਦੱਸਿਆ ਕਿ ਉਸ ਦੇ ਗਰਭਵਤੀ ਹੋਣ ਦੀ ਗੱਲ ਜਦੋਂ ਮੁਜ਼ਰਮ ਨੂੰ ਪਤਾ ਲੱਗੀ ਤਾਂ ਉਸ ਨੇ ਉਸ ਤੋਂ ਕੰਨੀ ਕਤਰਾਉਣੀ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਇਸ ਦਾ ਕਾਰਨ ਪੁੱਛਿਆ ਤਾਂ ਮੁਜ਼ਰਮ ਸਾਫ ਮੁੱਕਰ ਗਿਆ ਕਿ ਉਹ ਉਸ ਨਾਲ ਵਿਆਹ ਨਹੀਂ ਕਰ ਸਕਦਾ ਪਰ ਉਹ ਉਸ ਦੇ ਹੋਣ ਵਾਲੇ ਬੱਚੇ ਨੂੰ ਅਪਣਾ ਲਵੇਗਾ। ਇਸ ’ਤੇ ਉਸ ਨੇ ਮੁਜ਼ਰਮ ਦੀ ਭੈਣ ਅਤੇ ਪਰਿਵਾਰ ਦੇ ਹੋਰਨਾ ਮੈਂਬਰਾਂ ਨਾਲ ਵੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਉਮਰ 'ਚ ਵੱਡੀ ਹੈ। ਇਸ ਲਈ ਉਸ ਦਾ ਵਿਆਹ ਨਹੀਂ ਹੋ ਸਕਦਾ। ਇਸ ਤੋਂ ਬਾਅਦ ਮੁਜ਼ਰਮ ਨੇ ਉਸ ਨਾਲ ਮਿਲਣਾ-ਜੁਲਣਾ ਤੱਕ ਛੱਡ ਦਿੱਤਾ। ਲੜਕੀ ਨੇ ਦੱਸਿਆ ਕਿ ਨਿਆਂ ਲੈਣ ਲਈ ਉਹ ਪੁਲਸ ਕਮਿਸ਼ਨਰ ਦੇ ਦਫਤਰ ਪੇਸ਼ ਹੋਈ। ਉਸ ਦੀ ਸ਼ਿਕਾਇਤ ਹੈਬੋਵਾਲ ਪੁਲਸ ਕੋਲ ਭੇਜ ਦਿੱਤੀ ਗਈ ਪਰ ਪੁਲਸ ਨੇ ਉਸ ’ਤੇ ਕੋਈ ਕਾਰਵਾਈ ਨਹੀਂ ਕੀਤੀ, ਜਦੋਂ ਕਿ ਉਸ ਨੇ ਥਾਣੇ ਦੇ ਕਈ ਚੱਕਰ ਲਗਾਏ। ਕੁਝ ਦਿਨ ਪਹਿਲਾਂ ਉਸ ਨੂੰ ਪਤਾ ਲੱਗਾ ਕਿ ਮੁਜ਼ਰਮ ਉਸ ਤੋਂ ਚੋਰੀ-ਛੁੱਪੇ ਕਿਸੇ ਹੋਰ ਔਰਤ ਨਾਲ ਵਿਆਹ ਕਰ ਰਿਹਾ ਹੈ। ਉਸ ਨੇ ਮੁਜ਼ਰਮ ਨੂੰ ਮਿਲਣ ਦੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਸ ਨੂੰ ਮਿਲਣ ਨਹੀਂ ਦਿੱਤਾ ਗਿਆ।
ਇਨਸਾਫ ਨਾ ਮਿਲਣ ’ਤੇ ਦਿੱਤੀ ਖੁਦਕੁਸ਼ੀ ਦੀ ਧਮਕੀ
ਉਹ ਪਿਛਲੇ 3 ਦਿਨਾਂ ਤੋਂ ਜਵਾਹਰ ਨਗਰ ਦੀਆਂ ਸੜਕਾਂ ’ਤੇ ਧੱਕੇ ਖਾ ਰਹੀ ਹੈ ਅਤੇ ਸੜਕ ’ਤੇ ਹੀ ਰਾਤਾਂ ਗੁਜ਼ਾਰ ਰਹੀ ਹੈ ਪਰ ਉਸ ਦਾ ਦੁੱਖ ਦਰਦ ਸੁਣਨ ਵਾਲਾ ਕੋਈ ਨਹੀਂ ਹੈ। ਉਸ ਨੂੰ ਆਪਣੇ ਅਤੇ ਆਪਣੇ ਹੋਣ ਵਾਲੇ ਬੱਚੇ ਦਾ ਭਵਿੱਖ ਹਨੇਰਮਈ ਨਜ਼ਰ ਆ ਰਿਹਾ ਹੈ। ਮਜਬੂਰ ਹੋ ਕੇ ਉਸ ਨੂੰ ਪ੍ਰੇਮੀ ਦੇ ਘਰ ਦੇ ਬਾਹਰ ਧਰਨਾ ਲਗਾਉਣਾ ਪਿਆ ਤਾਂ ਕਿ ਉਸ ਦੀ ਆਵਾਜ਼ ਉੱਚ ਅਧਿਕਾਰੀਆਂ ਦੇ ਕੰਨਾਂ ਤੱਕ ਪੁੱਜੇ ਅਤੇ ਉਸ ਨੂੰ ਇਨਸਾਫ ਮਿਲ ਸਕੇ। ਉਸ ਨੇ ਖੁਦਕੁਸ਼ੀ ਦੀ ਵੀ ਧਮਕੀ ਦਿੱਤੀ ਹੈ। ਸਾਰੇ ਯਤਨਾਂ ਤੋਂ ਬਾਅਦ ਦੂਜੀ ਧਿਰ ਦਾ ਪੱਖ ਨਹੀਂ ਜਾਣਿਆ ਜਾ ਸਕਿਆ।