ਕਪੂਰਥਲਾ: 8 ਮਹੀਨੇ ਪਹਿਲਾਂ ਹੋਈ 'ਲਵ ਮੈਰਿਜ' ਦਾ ਖ਼ੌਫਨਾਕ ਅੰਤ, ਵਿਆਹੁਤਾ ਨੇ ਦਿੱਤੀ ਜਾਨ
Monday, Aug 10, 2020 - 09:55 PM (IST)
ਕਪੂਰਥਲਾ (ਓਬਰਾਏ)— ਕਪੂਰਥਲਾ ਜ਼ਿਲ੍ਹੇ 'ਚ 8 ਮਹੀਨੇ ਪਹਿਲਾਂ ਮੁੰਬਈ ਤੋਂ 'ਲਵ ਮੈਰਿਜ' ਕਰਵਉਣ ਆਈ ਲੜਕੀ ਵੱਲੋਂ ਸ਼ੱਕੀ ਹਾਲਾਤ 'ਚ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਪੂਰਥਲਾ ਦੇ ਬੇਗੋਵਾਲ ਪੁਲਸ ਨੇ ਇਕ ਸੁਸਾਈਡ ਨੋਟ ਦੇ ਆਧਾਰ 'ਤੇ ਫਿਲਹਾਲ 174 ਦੀ ਕਾਰਵਾਈ ਕੀਤੀ ਹੈ ਜਦਕਿ ਮੁੰਬਈ ਤੋਂ ਆਏ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ 'ਤੇ ਕਤਲ ਦੇ ਦੋਸ਼ ਲਗਾਏ ਹਨ।
ਫੇਸਬੁੱਕ 'ਤੇ ਹੋਇਆ ਸੀ ਪਿਆਰ
ਮਿਲੀ ਜਾਣਕਾਰੀ ਮੁਤਾਬਕ ਮੁੰਬਈ ਦੀ ਦੀਪਮਾਲਾ ਨੂੰ ਕਪੂਰਥਲਾ ਦੇ ਪਿੰਡ ਹਬੀਬਵਾਲਾ ਦੇ ਬਲਵਿੰਦਰ ਸਿੰਧਘ ਨਾਲ ਫੇਸਬੁੱਕ ਜ਼ਰੀਏ ਪਿਆਰ ਹੋ ਗਿਆ ਸੀ। ਹੌਲੀ-ਹੌਲੀ ਦੋਹਾਂ ਦਾ ਪਿਆਰ ਵਿਆਹ ਤੱਕ ਪਹੁੰਚ ਗਿਆ। ਦੀਪਮਾਲਾ ਦੇ ਪਰਿਵਾਰ ਵਾਲੇ 'ਲਵ ਮੈਰਿਜ' ਕਰਵਾਉਣ ਨੂੰ ਨਹੀਂ ਮੰਨਦੇ ਸਨ। ਪਰਿਵਾਰ ਵੱਲੋਂ 'ਲਵ ਮੈਰਿਜ' ਨਾ ਕਰਵਾਉਣ ਤੋਂ ਬਾਅਦ ਦੀਪਮਾਲਾ ਨੇ ਮੁੰਬਈ ਤੋਂ ਭੱਜ ਕੇ ਪੰਜਾਬ-ਚੰਡੀਗੜ੍ਹ ਹਰਿਆਣਾ ਕੋਰਟ 'ਚ ਆ ਕੇ ਵਿਆਹ ਕਰ ਲਿਆ ਅਤੇ ਕਪੂਰਥਲਾ ਵਿਖੇ ਸਹੁਰੇ ਪਰਿਵਾਰ 'ਚ ਰਹਿਣ ਲੱਗ ਗਈ।
ਭਰਾ ਨੂੰ ਫੋਨ 'ਤੇ ਕਿਹਾ-ਮੇਰੇ ਲਈ ਤੁਸੀਂ ਰੋਏ, ਇਸ ਲਈ ਭਗਵਾਨ ਮੈਨੂੰ ਸਜ਼ਾ ਦੇ ਰਿਹੈ
ਦੀਪਮਾਲਾ ਦੇ ਪੇਕੇ ਪਰਿਵਾਰ ਮੁਤਾਬਕ ਪਹਿਲਾਂ ਤਾਂ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਤਾਲਾਬੰਦੀ ਦੌਰਾਨ ਦੋਹਾਂ 'ਚ ਕੁਝ ਤਕਰਾਰ ਹੋਣ ਲੱਗ ਗਈ ਸੀ। ਦੀਪਮਾਲਾ ਦੇ ਭਰਾ ਸੰਤੋਸ਼ ਨੇ ਦੱਸਿਆ ਕਿ ਉਸ ਦੇ ਕੋਲ ਇਕ ਆਡੀਓ ਵੀ ਹੈ, ਜੋ ਉਸ ਦੀ ਭੈਣ ਦੀਪਮਾਲਾ ਦੀ ਹੈ। ਉਸ ਦੇ ਮੁਤਾਬਕ ਦੀਪਮਾਲਾ ਨੇ ਫੋਨ 'ਤੇ ਦੱਸਿਆ ਸੀ ਕਿ ਜੋ ਉਸ ਨੇ ਆਪਣੇ ਪਰਿਵਾਰ ਦੀ ਮਰਜ਼ੀ ਤੋਂ ਬਗੈਰ ਇਹ ਵਿਆਹ ਕੀਤਾ ਸੀ, ਤਾਂ ਭਗਵਾਨ ਉਸ ਦੀ ਹੀ ਸਜ਼ਾ ਦੇ ਰਿਹਾ ਹੈ। ਦੀਪਮਾਲਾ ਨੇ ਭਰਾ ਨੂੰ ਕਿਹਾ ਤੁਸੀਂ ਮੇਰੇ ਲਈ ਰੋਏ, ਹੋ ਇਸ ਲਈ ਭਗਵਾਨ ਹੁਣ ਮੈਨੂੰ ਸਜ਼ਾ ਦੇ ਰਿਹਾ ਹੈ। ਦੀਪਮਾਲਾ ਦੇ ਭਰਾ ਮੁਤਾਬਕ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਦੀਪਮਾਲਾ ਨੂੰ ਪਰੇਸ਼ਾਨ ਕਰਦਾ ਸੀ। ਜਦੋਂ ਉਹ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਤਾਂ ਫੋਨ 'ਤੇ ਉਨ੍ਹਾਂ ਨਾਲ ਵੀ ਗਲਤ ਢੰਗ ਨਾਲ ਪੇਸ਼ ਆਉਂਦੇ ਸਨ।
ਪੇਕੇ ਪਰਿਵਾਰ ਨੇ ਦੱਸਿਆ ਕਿ ਬੀਤੇ ਦਿਨੀਂ ਪੁਲਸ ਸਟੇਸ਼ਨ ਤੋਂ ਫੋਨ ਆਇਆ ਸੀ ਕਿ ਉਨ੍ਹਾਂ ਦੀ ਲੜਕੀ ਨੇ ਖ਼ੁਦਕੁਸ਼ੀ ਕਰ ਲਈ ਹੈ। ਖਬਰ ਮਿਲਣ ਤੋਂ ਬਾਅਦ ਤੁਰੰਤ ਫਲਾਈਟ ਲੈ ਕੇ ਇਥੇ ਪਹੁੰਚੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਦੀਪਮਾਲਾ ਨੇ ਕੋਈ ਜ਼ਹਿਰੀਲੀ ਵਸਤੂ ਖਾ ਕੇ ਆਪਣੀ ਜੀਵਨਲੀਲਾ ਖ਼ਤਮ ਕੀਤੀ ਹੈ ਪਰ ਦੀਪਮਾਲਾ ਦੇ ਮੱਥੇ 'ਤੇ ਜ਼ਖ਼ਮ ਦੇ ਨਿਸ਼ਾਨ ਸਨ, ਜਿਸ ਕਰਕੇ ਉਸ ਦੀ ਹੱਤਿਆ ਹੋਣ ਦਾ ਸ਼ੱਕ ਹੈ।
ਕੀ ਕਹਿਣਾ ਥਾਣਾ ਬੈਗੋਵਾਲ ਦੇ ਐੱਸ. ਐੱਚ. ਓ. ਦਾ
ਉਧਰ ਕਪੂਰਥਲਾ ਦੇ ਥਾਣਾ ਬੇਗੋਵਾਲ ਦੇ ਐੱਸ. ਐੱਚ. ਓ. ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਕ ਸੁਸਾਈਡ ਨੋਟ ਹਾਸਲ ਕੀਤਾ ਹੈ, ਜਿਸ ਦੇ ਆਧਾਰ 'ਤੇ ਪੁਲਸ ਨੇ ਫਿਲਹਾਲ 174 ਦੇ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਕਾਰਵਾਈ ਕੀਤੀ ਜਾਵੇਗੀ।