ਅਕਾਲੀ ਵਿਧਾਇਕ ਦੇ ਘਰ ਦੇ ਬਾਹਰੋਂ ਔਰਤ ਨਾਲ ਲੁੱਟ-ਖੋਹ
Friday, Nov 24, 2017 - 05:10 AM (IST)

ਜਲੰਧਰ, (ਰਾਜੇਸ਼, ਸੁਧੀਰ)- ਆਦਮਪੁਰ ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂੰ ਦੀ ਮਾਂ ਤੋਂ ਲੁਟੇਰਿਆਂ ਵਲੋਂ ਲੁੱਟ ਕਰਨ ਤੋਂ ਬਾਅਦ ਅੱਜ ਉਨ੍ਹਾਂ ਦੇ ਘਰ ਨੇੜੇ ਲੁਟੇਰਾ ਔਰਤ ਤੋਂ ਪਰਸ ਖੋਹ ਕੇ ਲੈ ਗਿਆ। ਵਾਰਦਾਤ ਕਰਨ ਵਾਲਾ ਲੁਟੇਰਾ ਇਕ ਹੀ ਸੀ। ਮਾਂ ਦੇ ਨਾਲ ਹੋਈ ਲੁੱਟ ਤੋਂ ਬਾਅਦ ਪਵਨ ਟੀਨੂੰ ਨੇ ਇਲਾਕੇ ਵਿਚ ਹੋਈ ਲੁੱਟ ਦੀ ਵਾਰਦਾਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਖੁਦ ਮੌਕੇ 'ਤੇ ਜਾ ਕੇ ਲੁੱਟ ਦੀ ਸ਼ਿਕਾਰ ਔਰਤ ਦਾ ਹਾਲ ਪੁੱਛਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਭਾਰਗੋ ਕੈਂਪ ਦੀ ਪੁਲਸ ਮੌਕੇ 'ਤੇ ਪਹੁੰਚੀ ਤੇ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇਖੀ, ਜਿਸ 'ਚ ਲੁਟੇਰਿਆਂ ਦੀ ਤਸਵੀਰ ਆ ਗਈ। ਲੁੱਟ ਦਾ ਸ਼ਿਕਾਰ ਔਰਤ ਨੇ ਅਰਵਿੰਦ ਕੌਰ ਪਤਨੀ ਜੋਗਿੰਦਰ ਪਾਲ ਨੇ ਦੱਸਿਆ ਕਿ ਉਹ ਗੁਰਦੁਆਰੇ ਤੋਂ ਮੱਥਾ ਟੇਕ ਕੇ ਰਿਕਸ਼ੇ 'ਤੇ ਘਰ ਮੁੜ ਰਹੀ ਸੀ। ਸਾਹਿਬਜ਼ਾਦਾ ਅਜੀਤ ਨਗਰ ਮਿੱਠਾਪੁਰ ਰੋਡ ਵਿਖੇ ਮੋਟਰਸਾਈਕਲ 'ਤੇ ਆਇਆ ਲੁਟੇਰਾ ਉਸ ਦੇ ਹੱਥੋਂ ਪਰਸ ਖੋਹ ਕੇ ਫਰਾਰ ਹੋ ਗਿਆ। ਔਰਤ ਅਨੁਸਾਰ ਪਰਸ 'ਚ 1 ਹਜ਼ਾਰ ਰੁਪਏ ਸਨ।
ਪੁਲਸ ਨੇ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਜਾਂਚ ਕੀਤੀ ਤਾਂ ਮੋਟਰਸਾਈਕਲ ਸਵਾਰ ਲੁਟੇਰੇ ਉਸ ਥਾਂ 'ਤੇ ਵਾਰਦਾਤ ਕਰਦੇ ਨਜ਼ਰ ਆਏ। ਘਟਨਾ ਦੀ ਸੂਚਨਾ ਤੋਂ ਬਾਅਦ ਅਕਾਲੀ ਦਲ ਵਿਧਾਇਕ ਮੌਕੇ 'ਤੇ ਘਟਨਾ ਵਾਲੀ ਥਾਂ 'ਤੇ ਪਹੁੰਚੇ ਤਾਂ ਘਟਨਾ ਦੀ ਨਿੰਦਾ ਕੀਤੀ। ਪਤਾ ਲੱਗਾ ਹੈ ਕਿ ਕੁਝ ਦਿਨ ਪਹਿਲਾਂ ਲੁਟੇਰੇ ਪਵਨ ਟੀਨੂੰ ਦੀ ਮਾਤਾ ਤੋਂ ਵੀ ਪਰਸ ਖੋਹ ਕੇ ਲੈ ਗਏ ਸਨ, ਜਿਸ 'ਚ ਉਹ ਜ਼ਖਮੀ ਹੋ ਗਈ ਸੀ।