ਲੁਧਿਆਣਾ: ਔਰਤ ਦੀ ਘਰ 'ਚੋਂ ਮਿਲੀ ਲਾਸ਼, ਪੁਲਸ ਨੂੰ ਕਤਲ ਦਾ ਸ਼ੱਕ
Sunday, Nov 10, 2019 - 06:28 PM (IST)

ਲੁਧਿਆਣਾ (ਜਗਰੂਪ)— ਲੁਧਿਆਣਾ ਦੇ ਕੰਗਨਵਾਲ ਚੌਕੀ ਨੇੜੇ ਪੈਂਦੇ ਟੰਡਾਰੀ ਕਲਾ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਔਰਤ ਦੀ ਲਾਸ਼ ਕਿਰਾਏ ਦੇ ਮਕਾਨ 'ਚੋਂ ਬਰਾਮਦ ਕੀਤੀ। ਮ੍ਰਿਤਕ ਔਰਤ ਦੀ ਪਛਾਣ ਸ਼ੀਤਲ ਦੇਵੀ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਪਤੀ ਦੇ ਨਾਲ ਸਰਦਾਰ ਸਰਬਜੀਤ ਸਿੰਘ ਗਿਰਚਾ ਦੇ ਮਕਾਨ 'ਚ ਕਿਰਾਏ 'ਤੇ ਰਹਿੰਦੀ ਸੀ। ਦੋਵੇਂ ਦੋ ਦਿਨਾਂ ਹੀ ਇਸ ਮਕਾਨ 'ਚ ਰਹਿਣ ਲਏ ਆਏ ਸਨ ਅਤੇ ਸਰਬਜੀਤ ਸਿੰਘ ਵੱਲੋਂ ਦੋਹਾਂ ਦਾ ਕੋਈ ਆਈ. ਡੀ. ਪਰੂਫ ਵੀ ਨਹੀਂ ਲਿਆ ਗਿਆ ਸੀ।
ਮਿਲੀ ਜਾਣਕਾਰੀ ਮੁਤਾਬਕ ਜਿਸ ਸਮੇਂ ਔਰਤ ਦਾ ਕਤਲ ਕੀਤਾ ਗਿਆ, ਉਸ ਸਮੇਂ ਉਸ ਦਾ ਪਤੀ ਘਰ 'ਚ ਮੌਜੂਦ ਨਹੀਂ ਸੀ। ਵਾਰਦਾਤ ਦਾ ਪਤਾ ਅੱਜ ਸਵੇਰੇ ਕਰੀਬ 6 ਵਜੇ ਉਸ ਸਮੇਂ ਲੱਗਾ ਜਦੋਂ ਨਾਲ ਦੇ ਕਮਰੇ 'ਚ ਰਹਿ ਰਹੀ ਇਕ ਔਰਤ ਨੇ ਖਿੜਕੀ 'ਚੋਂ ਦੇਖਿਆ ਕਿ ਸ਼ੀਤਲ ਦੇਵੀ ਜ਼ਮੀਨ 'ਤੇ ਡਿੱਗੀ ਹੋਈ ਸੀ। ਉਸ ਨੇ ਮੁਹੱਲੇ ਵਾਲਿਆਂ ਨੂੰ ਦੱਸਣ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਪਾ ਕੇ ਕੰਗਨਵਾਲ ਚੌਕੀ ਸੀ. ਏ. 2 ਦੇ ਇੰਚਾਰਜ ਪਰਵੀਨ ਰਣਦੇਵ ਪੁਲਸ ਪਾਰਟੀ ਦੇ ਨਾਲ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲਿਆ। ਪੁਲਸ ਦਾ ਕਹਿਣਾ ਹੈ ਕਿ ਔਰਤ ਦਾ ਕਤਲ ਗਲਾ ਘੁੱਟ ਕੇ ਕੀਤਾ ਗਿਆ ਹੈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।