ਚੱਲਦੀ ਟ੍ਰੇਨ ’ਚੋਂ ਉੱਤਰਦੇ ਵਾਪਰਿਆ ਭਾਣਾ, ਔਰਤ ਉੱਪਰੋਂ ਲੰਘੇ ਟ੍ਰੇਨ ਦੇ 5 ਡੱਬੇ

Wednesday, Mar 01, 2023 - 11:43 PM (IST)

ਚੱਲਦੀ ਟ੍ਰੇਨ ’ਚੋਂ ਉੱਤਰਦੇ ਵਾਪਰਿਆ ਭਾਣਾ, ਔਰਤ ਉੱਪਰੋਂ ਲੰਘੇ ਟ੍ਰੇਨ ਦੇ 5 ਡੱਬੇ

ਲੁਧਿਆਣਾ (ਗੌਤਮ) : ‘ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ’, ਇਹ ਕਹਾਵਤ ਬੁੱਧਵਾਰ ਨੂੰ ਧੱਕਾ ਕਾਲੋਨੀ ਦੀ ਰਹਿਣ ਵਾਲੀ ਬੰਤੋ ’ਤੇ ਸੱਚ ਹੋਈ, ਜੋ ਚੱਲਦੀ ਟ੍ਰੇਨ ’ਚੋਂ ਉੱਤਰਦੇ ਸਮੇਂ ਥੱਲੇ ਆ ਗਈ ਅਤੇ ਉਸ ਉੱਪਰੋਂ 5 ਡੱਬੇ ਵੀ ਗੁਜ਼ਰ ਗਏ ਪਰ ਉਹ ਪਲੇਟਫਾਰਮ ਦੀ ਕੰਧ ਨਾਲ ਚਿੰਬੜ ਕੇ ਬੈਠੀ ਰਹੀ। ਲੋਕਾਂ ਦੇ ਰੌਲਾ ਪਾਉਣ ’ਤੇ ਟ੍ਰੇਨ ਰੁਕੀ ਤਾਂ ਆਰ. ਪੀ. ਐੱਫ. ਦੇ ਏ. ਐੱਸ. ਆਈ. ਕਪਿਲ ਦੇਵ ਅਤੇ ਵਿਨੋਦ ਨੇ ਲੋਕਾਂ ਦੀ ਮਦਦ ਨਾਲ ਉਸ ਨੂੰ ਬਾਹਰ ਕੱਢਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਔਰਤ ਆਪਣੀਆਂ ਹੋਰ ਸਾਥਣਾਂ ਨਾਲ ਕਟਿਹਾਰ ਐਕਸਪ੍ਰੈੱਸ ’ਚ ਜਲੰਧਰ ਵੱਲੋਂ ਆ ਰਹੀ ਸੀ। ਟ੍ਰੇਨ ਜਿਉਂ ਹੀ ਪਲੇਟਫਾਰਮ ਨੰ. 1 ਦੇ ਆਊਟਰ ’ਤੇ ਪੁੱਜੀ ਤਾਂ ਟ੍ਰੇਨ ਦੀ ਸਪੀਡ ਘੱਟ ਹੋਣ ’ਤੇ ਔਰਤ ਨੇ ਚੱਲਦੀ ਟ੍ਰੇਨ ’ਚੋਂ ਉੱਤਰਨ ਦਾ ਯਤਨ ਕੀਤਾ ਤਾਂ ਉਹ ਟ੍ਰੇਨ ਦੇ ਥੱਲੇ ਆ ਗਈ, ਜਦੋਂ ਤੱਕ ਲੋਕਾਂ ਦਾ ਰੌਲਾ ਸੁਣ ਕੇ ਡਰਾਈਵਰ ਨੇ ਟ੍ਰੇਨ ਰੋਕੀ ਤਾਂ 5 ਕੋਚ ਵੀ ਗੁਜ਼ਰ ਚੁੱਕੇ ਸਨ। ਇਸ ਦੌਰਾਨ ਆਰ. ਪੀ. ਐੱਫ. ਦੇ ਜਵਾਨ ਵੀ ਮੌਕੇ ’ਤੇ ਪੁੱਜ ਗਏ ਤੇ ਉੱਥੇ 3 ਲੇਬਰ ਲੜਕਿਆਂ ਦੀ ਮਦਦ ਨਾਲ ਔਰਤ ਨੂੰ ਬਚਾ ਲਿਆ ਗਿਆ। ਹਾਦਸੇ ਤੋਂ ਬਾਅਦ ਔਰਤ ਦੀ ਜਾਨ ਬਚ ਗਈ ਪਰ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ।

ਜਾਣਕਾਰੀ ਮੁਤਾਬਕ ਜ਼ਖ਼ਮੀ ਔਰਤ ਆਪਣੀਆਂ ਸਾਥਣਾਂ ਨਾਲ ਟ੍ਰੇਨ ’ਚ ਸਾਮਾਨ ਵੇਚਣ ਦਾ ਕੰਮ ਕਰਦੀ ਹੈ ਅਤੇ ਉਹ ਜੰਮੂ ਤੋਂ ਵਾਪਸ ਆ ਰਹੀ ਸੀ। ਲੁਧਿਆਣਾ ਆਊਟਰ ’ਤੇ ਟ੍ਰੇਨ ਦੇ ਪੁੱਜਦੇ ਹੀ ਬਾਕੀ ਔਰਤਾਂ ਕੋਚ ਦੇ ਗੇਟ ’ਤੇ ਪੁੱਜ ਗਈਆਂ, ਜਿਉਂ ਹੀ ਉਕਤ ਔਰਤ ਚੱਲਦੀ ਟ੍ਰੇਨ ’ਚੋਂ ਥੱਲੇ ਉੱਤਰਨ ਲੱਗੀ ਤਾਂ ਉਹ ਹਾਦਸੇ ਦਾ ਸ਼ਿਕਾਰ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਦਾ 22 ਦਿਨਾਂ ਦਾ ਬਜਟ ਸੈਸ਼ਨ, 13 ਦਿਨ ਛੁੱਟੀਆਂ, ਜਾਣੋ ਬਾਕੀ ਦਿਨਾਂ 'ਚ ਕੀ ਹੋਵੇਗਾ

PunjabKesari

ਬਚਾਅ ਕਾਰਜਾਂ ’ਚ ਜੁਟੇ 3 ਨੌਜਵਾਨ ਵਾਲ-ਵਾਲ ਬਚੇ

ਇਸ ਦੌਰਾਨ ਬਚਾਅ ਕਾਰਜਾਂ ’ਚ ਜੁਟੇ 3 ਨੌਜਵਾਨ ਵੀ ਵਾਲ-ਵਾਲ ਬਚ ਗਏ, ਜਦੋਂ ਉਹ ਆਰ. ਪੀ. ਐੱਫ. ਦੇ ਨਾਲ ਮਿਲ ਕੇ ਔਰਤ ਨੂੰ ਬਾਹਰ ਕੱਢ ਰਹੇ ਸਨ ਤਾਂ ਜਿਉਂ ਹੀ ਉਨ੍ਹਾਂ ਨੇ ਔਰਤ ਨੂੰ ਟ੍ਰੈਕ ’ਚੋਂ ਬਾਹਰ ਕੀਤਾ ਤਾਂ ਡਰਾਈਵਰ ਨੇ ਟ੍ਰੇਨ ਚਲਾ ਦਿੱਤੀ ਪਰ ਲੋਕਾਂ ਦੇ ਰੌਲਾ ਪਾਉਣ ’ਤੇ ਟ੍ਰੇਨ ’ਚ ਸਵਾਰ ਲੋਕਾਂ ਨੇ ਚੇਨ ਖਿੱਚ ਦਿੱਤੀ, ਜਿਸ ਕਾਰਨ ਇਕ ਵੱਡਾ ਹਾਦਸਾ ਹੋਣੋਂ ਬਚ ਗਿਆ।

ਇਸੇ ਪੁਆਇੰਟ ’ਤੇ ਹੁੰਦੇ ਹਨ ਹਾਦਸੇ

ਲੇਬਰ ਦਾ ਕੰਮ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਆਮ ਕਰਕੇ ਇਸੇ ਪੁਆਇੰਟ ’ਤੇ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਹਨ। ਕਾਰਨ ਇਹ ਹੈ ਕਿ ਇੱਥੇ ਟ੍ਰੇਨ ਦੀ ਸਪੀਡ ਘੱਟ ਹੁੰਦੀ ਹੈ ਅਤੇ ਲੋਕ ਟਿਕਟ ਚੈੱਕਰਾਂ ਤੋਂ ਬਚਣ ਅਤੇ ਜਲਦੀ ਪਲੇਟਫਾਰਮ ਤੋਂ ਨਿਕਲਣ ਦੇ ਯਤਨ ’ਚ ਚੱਲਦੀ ਟ੍ਰੇਨ ’ਚੋਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਹਨ, ਜਿਸ ਕਾਰਨ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਹਨ। ਜਦੋਂ ਕਦੇ ਪੁਲਸ ਮੁਲਾਜ਼ਮ ਤਾਇਨਾਤ ਹੁੰਦੇ ਹਨ ਤਾਂ ਲੋਕ ਚੱਲਦੀ ਟ੍ਰੇਨ ਤੋਂ ਥੱਲੇ ਨਹੀਂ ਉੱਤਰਦੇ।

ਇਹ ਵੀ ਪੜ੍ਹੋ : ਅਜਬ-ਗਜ਼ਬ : ਇੰਡੋਨੇਸ਼ੀਆ ’ਚ ਅੱਜ ਵੀ ਮੌਜੂਦ ਹੈ 3,000 ਸਾਲ ਪੁਰਾਣਾ ਲੌਂਗ ਦਾ ਦਰੱਖਤ

ਐਂਬੂਲੈਂਸ ਦੇ ਇੰਤਜ਼ਾਰ ’ਚ ਤੜਫਦੀ ਰਹੀ ਔਰਤ

ਹਾਦਸੇ ਤੋਂ ਬਾਅਦ ਔਰਤ ਨੂੰ ਮਦਦ ਲਈ ਰੇਹੜੇ ’ਤੇ ਪਾ ਕੇ ਲਿਜਾਇਆ ਗਿਆ ਅਤੇ ਪੁਲਸ ਨੇ ਐਂਬੂਲੈਂਸ ਨੂੰ ਸੂਚਿਤ ਕੀਤਾ ਪਰ ਕਰੀਬ ਪੌਣੇ ਘੰਟੇ ਤੱਕ ਵੀ ਜਦੋਂ ਐਂਬੂਲੈਂਸ ਨਾ ਪੁੱਜੀ ਤਾਂ ਔਰਤ ਦੇ ਨਾਲ ਦੇ ਲੋਕ ਉਸ ਨੂੰ ਈ-ਰਿਕਸ਼ਾ ’ਚ ਹੀ ਪਾ ਕੇ ਹਸਪਤਾਲ ਲੈ ਗਏ। ਪਹਿਲਾਂ ਵੀ ਐਂਬੂਲੈਂਸ ਦੇ ਨਾ ਪੁੱਜਣ ਕਾਰਨ ਜ਼ਖ਼ਮੀ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਪਰ ਅਧਿਕਾਰੀਆਂ ਵੱਲੋਂ ਐਂਬੂਲੈਂਸ ਦੇ ਪ੍ਰਬੰਧ ਨੂੰ ਲੈ ਕੇ ਕੋਈ ਠੋਸ ਕਦਮ ਨਹੀਂ ਚੁੱਕਿਆ ਜਾਂਦਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News