ਨਹਾਉਣ ਲਈ ਪਾਣੀ ਗਰਮ ਕਰਦੀ ਔਰਤ ਨਾਲ ਵਾਪਰ ਗਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ
Thursday, Feb 16, 2023 - 03:12 AM (IST)
ਜਲੰਧਰ (ਮਹੇਸ਼)– ਜ਼ਿਲ੍ਹਾ ਦਿਹਾਤ ਪੁਲਸ ਦੇ ਥਾਣਾ ਪਤਾਰਾ ਅਧੀਨ ਪੈਂਦੇ ਪਿੰਡ ਬੋਲੀਨਾ ਦੋਆਬਾ ਵਿਚ ਆਪਣੇ ਹੀ ਘਰ ਦੀ ਛੱਤ ’ਤੇ ਪਾਣੀ ਗਰਮ ਕਰਦੇ ਸਮੇਂ ਅੱਗ ਦੀ ਲਪੇਟ ਵਿਚ ਆਈ ਔਰਤ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਪਤਾਰਾ ਦੇ ਏ. ਐੱਸ. ਆਈ. ਰਾਮ ਪ੍ਰਕਾਸ਼ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਸ਼ਾਂਤੀ ਦੇਵੀ (72) ਪਤਨੀ ਚਮਨ ਲਾਲ ਵਾਸੀ ਪਿੰਡ ਬੋਲੀਨਾ ਦੋਆਬਾ ਵਜੋਂ ਹੋਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਾਂਤੀ ਦੇਵੀ ਦੇ ਬੇਟੇ ਹਰਜਿੰਦਰ ਕੁਮਾਰ ਬਾਘਾ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਘਰ ਦੇ ਉੱਪਰ ਵਾਲੇ ਹਿੱਸੇ ਵਿਚ ਰਹਿੰਦੇ ਹਨ ਅਤੇ ਉਹ ਆਪਣੇ ਪਰਿਵਾਰ ਨਾਲ ਹੇਠਾਂ ਰਹਿੰਦਾ ਹੈ।
ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਬੱਚਿਆਂ ਦੀ ਲੜਾਈ ਨੇ ਧਾਰਿਆ ਖ਼ੂਨੀ ਰੂਪ, ਛਾਤੀ 'ਚ ਇੱਟ ਮਾਰ ਕੇ ਕੀਤਾ ਨੌਜਵਾਨ ਦਾ ਕਤਲ
ਉਸ ਨੇ ਦੱਸਿਆ ਕਿ ਮੰਗਲਵਾਰ ਦੇਰ ਸ਼ਾਮ ਨੂੰ ਉਸ ਦੀ ਮਾਂ ਸ਼ਾਂਤੀ ਦੇਵੀ ਨਹਾਉਣ ਲਈ ਇੱਟਾਂ ਦੇ ਬਣਾਏ ਚੁੱਲ੍ਹੇ ’ਤੇ ਪਾਣੀ ਗਰਮ ਕਰ ਰਹੀ ਸੀ। ਇਸ ਦੌਰਾਨ ਉਹ ਅਚਾਨਕ ਫੈਲੀ ਭਿਆਨਕ ਅੱਗ ਦੀ ਲਪੇਟ ਵਿਚ ਆ ਕੇ ਬੁਰੀ ਤਰ੍ਹਾਂ ਝੁਲਸ ਗਈ, ਜਿਸ ਤੋਂ ਬਾਅਦ ਉਹ ਉਸ ਨੂੰ ਰਾਮਾ ਮੰਡੀ ਦੇ ਗੁੱਡਵਿਲ ਹਸਪਤਾਲ ਵਿਚ ਲੈ ਗਏ। ਡਾਕਟਰਾਂ ਨੇ ਚੈੱਕ ਕਰਨ ਤੋਂ ਬਾਅਦ ਦੱਸਿਆ ਕਿ ਸ਼ਾਂਤੀ ਦੇਵੀ 80 ਫੀਸਦੀ ਝੁਲਸ ਚੁੱਕੀ ਹੈ, ਜਿਸ ਕਾਰਨ ਉਸ ਦੀ ਹਾਲਤ ਕਾਫੀ ਨਾਜ਼ੁਕ ਸੀ। ਡਾਕਟਰਾਂ ਨੇ ਸ਼ਾਂਤੀ ਦੇਵੀ ਨੂੰ ਹਸਪਤਾਲ ਵਿਚ ਦਾਖਲ ਕਰ ਕੇ ਉਸਦਾ ਇਲਾਜ ਸ਼ੁਰੂ ਕੀਤਾ। ਕੁਝ ਘੰਟੇ ਬਾਅਦ ਸ਼ਾਂਤੀ ਦੇਵੀ ਨੇ ਦਮ ਤੋਡ਼ ਦਿੱਤਾ। ਏ. ਐੱਸ. ਆਈ. ਰਾਮ ਪ੍ਰਕਾਸ਼ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕਾ ਦੇ ਬੇਟੇ ਹਰਜਿੰਦਰ ਕੁਮਾਰ ਬਾਘਾ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਸਿਵਲ ਹਸਪਤਾਲ ਤੋਂ ਉਸਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ।
ਨੋਟ - ਇਸ ਖ਼ਬਰ ਬਾਰੇ ਕੁਮੈੰਟ ਬਾਕਸ ਵਿਚ ਦਿਓ ਆਪਣੀ ਰਾਏ।