ਰੋਡਵੇਜ਼ ਦੀ ਬੱਸ ’ਚੋਂ ਡਿੱਗਣ ਕਾਰਨ ਔਰਤ ਦੀ ਮੌਤ

Thursday, Dec 08, 2022 - 01:30 PM (IST)

ਰੋਡਵੇਜ਼ ਦੀ ਬੱਸ ’ਚੋਂ ਡਿੱਗਣ ਕਾਰਨ ਔਰਤ ਦੀ ਮੌਤ

ਸ਼ਾਹਕੋਟ (ਅਰਸ਼ਦੀਪ, ਤ੍ਰੇਹਨ)-ਅੱਜ ਸ਼ਾਮ ਸਥਾਨਕ ਮੋਗਾ ਰੋਡ ’ਤੇ ਪੰਜਾਬ ਰੋਡਵੇਜ਼ ਦੀ ਬੱਸ ’ਚੋਂ ਡਿੱਗਣ ਕਾਰਨ ਇਕ ਔਰਤ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਔਰਤ ਦੀ ਰਿਸ਼ਤੇਦਾਰ ਜਗਜੀਤ ਕੌਰ ਪਤਨੀ ਅੰਮ੍ਰਿਤਪਾਲ ਸਿੰਘ ਵਾਸੀ ਬਾਜੇਕੇ ਜ਼ਿਲ੍ਹਾ ਮੋਗਾ ਨੇ ਦੱਸਿਆ ਕਿ ਉਹ ਤੇ ਉਸ ਦੀ ਜੇਠਾਣੀ ਸੁਰਿੰਦਰ ਕੌਰ ਪਤਨੀ ਵਰਿੰਦਰ ਸਿੰਘ ਵਾਸੀ ਬਾਜੇਕੇ ਰੋਡਵੇਜ਼ ਦੀ ਬੱਸ ’ਚ ਧਰਮਕੋਟ ਜਾ ਰਹੀਆਂ ਸਨ ਤੇ ਬੱਸ ਦੀ ਬਾਰੀ ਦੇ ਨਾਲ ਦੀ ਸੀਟ ’ਤੇ ਬੈਠੀਆਂ ਸਨ। ਉਨ੍ਹਾਂ ਦੱਸਿਆ ਕਿ ਬੱਸ ਦੀ ਰਫ਼ਤਾਰ ਬਹੁਤ ਤੇਜ਼ ਸੀ, ਜਦ ਬੱਸ ਸ਼ਾਹਕੋਟ-ਮੋਗਾ ਨੈਸ਼ਨਲ ਹਾਈਵੇਅ ’ਤੇ ਪਰਜੀਆਂ ਵਾਲੇ ਮੋੜ ਦੇ ਨਜ਼ਦੀਕ ਪਹੁੰਚੀ ਤਾਂ ਅਚਾਨਕ ਬੱਸ ਦੇ ਅੱਗੇ ਇਕ ਮੋਟਰਸਾਈਕਲ ਆਉਣ ਕਾਰਨ ਬੱਸ ਡਰਾਈਵਰ ਨੇ ਅਚਾਨਕ ਬਰੇਕ ਲਾ ਦਿੱਤੀ, ਜਿਸ ਕਾਰਨ ਉਸ ਦੀ ਜੇਠਾਣੀ ਸੁਰਿੰਦਰ ਕੌਰ ਬੱਸ ਦੀ ਸੀਟ ਤੋਂ ਉੱਛਲ ਕੇ ਬਾਰੀ ’ਚੋਂ ਬਾਹਰ ਡਿੱਗ ਗਈ ਤੇ ਜ਼ਖ਼ਮੀ ਹੋ ਗਈ।

ਇਹ ਖ਼ਬਰ ਵੀ ਪੜ੍ਹੋ : ਨਕੋਦਰ ’ਚ ਵਾਪਰੀ ਵੱਡੀ ਵਾਰਦਾਤ, ਗੋਲ਼ੀਆਂ ਮਾਰ ਕੇ ਕੱਪੜਾ ਵਪਾਰੀ ਨੂੰ ਉਤਾਰਿਆ ਮੌਤ ਦੇ ਘਾਟ

ਜ਼ਖ਼ਮੀ ਸੁਰਿੰਦਰ ਕੌਰ ਨੂੰ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰ ਨੇ ਜਾਂਚ ਉਪਰੰਤ ਸੁਰਿੰਦਰ ਕੌਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਹਾਦਸੇ ਦਾ ਪਤਾ ਲੱਗਣ ’ਤੇ ਐੱਸ. ਐੱਚ. ਓ. ਸ਼ਾਹਕੋਟ ਗੁਰਿੰਦਰਜੀਤ ਸਿੰਘ ਨਾਗਰਾ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਸੁਰਿੰਦਰ ਕੌਰ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬੱਸ ਕਬਜ਼ੇ ’ਚ ਲੈ ਲਈ ਗਈ ਹੈ ਤੇ ਮ੍ਰਿਤਕ ਔਰਤ ਦੇ ਪਰਿਵਾਰ ਦੇ ਬਿਆਨਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਬੱਸ ਦਾ ਡਰਾਈਵਰ ਘਟਨਾ ਤੋਂ ਬਾਅਦ ਫਰਾਰ ਹੋ ਗਿਆ ਹੈ।


author

Manoj

Content Editor

Related News