ਡਿਲਵਰੀ ਤੋਂ ਬਾਅਦ ਔਰਤ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਸਟਾਫ ਨੂੰ ਠਹਿਰਾਇਆ ਜਿੰਮੇਵਾਰ
Friday, Jul 28, 2017 - 12:49 PM (IST)
ਪਠਾਨਕੋਟ—ਪਠਾਨਕੋਟ ਸਿਵਲ ਹਸਪਤਾਲ 'ਚ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਦੀ ਮੌਤ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਡਿਊਟੀ 'ਤੇ ਤਾਇਨਾਤ ਸਟਾਫ ਨੂੰ ਜਿੰਮੇਵਾਰ ਠਹਿਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਨੇ ਐੱਸ. ਐੱਮ. ਓ. ਨੂੰ ਸ਼ਿਕਾਇਤ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮ੍ਰਿਤਕ ਔਰਤ ਦੀ ਇਹ ਦੂਜੀ ਡਿਲਵਰੀ ਸੀ। ਪਰਿਵਾਰ ਨੇ ਦੋਸ਼ ਲਾਇਆ ਕਿ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਾਂ ਦੀ ਮੌਤ ਹਸਪਤਾਲ ਸਟਾਫ ਦੀ ਜਿੰਮੇਵਾਰੀ ਅਤੇ ਦੇਖਭਾਲ ਨਾ ਕਰਨ ਕਾਰਨ ਹੋਈ ਹੈ, ਜਿਸਦੀ ਸ਼ਿਕਾਇਤ ਮ੍ਰਿਤਕ ਪਰਿਵਾਰ ਨੇ ਸਿਵਲ ਹਸਪਤਾਲ ਦੇ ਪ੍ਰਬੰਧਕ ਨੂੰ ਕੀਤੀ ਹੈ।
ਜਾਣਕਾਰੀ ਮਿਲੀ ਹੈ ਕਿ ਇਸ ਡਿਲਵਰੀ ਤੋਂ ਬਾਅਦ ਔਰਤ ਨੇ ਬੇਟੇ ਨੂੰ ਜਨਮ ਦਿੱਤਾ, ਜੋ ਹਸਪਤਾਲ ਦੇ ਡਾਕਟਰਾਂ ਅਨੁਸਾਰ ਪੂਰੀ ਤਰ੍ਹਾਂ ਠੀਕ ਅਤੇ ਸਿਹਤਮੰਦ ਹੈ। ਮ੍ਰਿਤਕ ਔਰਤ ਦੀ ਪਹਿਚਾਣ ਰੇਨੂੰ ਬਾਲਾ (28) ਵਾਸੀ ਪਿੰਡ ਪਰਮਾਨੰਦ ਤੋਂ ਹੋਈ ਹੈ। ਮ੍ਰਿਤਕ ਦੇ ਪਤੀ ਸੰਜੀਵ ਕੁਮਾਰ ਅਨੁਸਾਰ ਦੇਰ ਰਾਤ ਉਸ ਦੀ ਪਤਨੀ ਦੀ ਹਾਲਤ ਵਿਗੜਦੀ ਜਾ ਰਹੀ ਸੀ। ਕਈ ਵਾਰ ਨਰਸ ਨੂੰ ਬੁਲਾਇਆ ਗਿਆ ਅਤੇ ਉਸ ਨੂੰ ਡਾਕਟਰ ਨੂੰ ਬੁਲਾਉਣ ਲਈ ਕਿਹਾ ਪਰ ਉਨ੍ਹਾਂ ਨੇ ਉਸਦੀ ਇਕ ਨਾ ਸੁਣੀ। ਰਾਤ ਕਰੀਬ ਸਾਢੇ 3 ਵਜੇ ਉਸਦੀ ਪਤਨੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਹਸਪਤਾਲ ਦੀ ਇਕ ਡਾਕਟਰ ਮੌਕੇ 'ਤੇ ਪਹੁੰਚ ਗਈ। ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਐੱਸ. ਐੱਮ. ਓ. ਨੂੰ ਕੀਤੀ।
ਹਸਪਤਾਲ ਪ੍ਰਬੰਧਨ ਕਰ ਰਿਹਾ ਹੈ ਜਾਂਚ
ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਭੂਪਿੰਦਰ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਉਕਤ ਔਰਤ ਦੀ ਮੌਤ ਨੂੰ ਲੈ ਕੇ ਹਸਪਤਾਲ ਪ੍ਰਬੰਧਕ ਜਾਂਚ ਕਰ ਰਿਹਾ ਹੈ। ਰਾਤ ਦੇ ਸਟਾਫ ਅਨੁਸਾਰ ਔਰਤ ਦੀ ਮੌਤ ਅਚਾਨਕ ਦਿਲ ਦੀ ਧੜਕਣ ਵੱਧਣ ਤੋਂ ਬਾਅਦ ਕੰਟਰੋਲ ਨਾ ਹੋਣ ਕਾਰਨ ਹੋਈ ਹੈ। ਇਸਦੇ ਬਾਵਜ਼ੂਦ ਅਜਿਹਾ ਕਿਉਂ ਹੋਇਆ ਅਤੇ ਸਟਾਫ ਵੱਲੋਂ ਜੱਚਾ-ਬੱਚਾ ਦੀ ਦੇਖਰੇਖ ਹੋਈ ਹੈ ਜਾਂ ਨਹੀਂ, ਇਸ ਦੀ ਜਾਂਚ ਕਰਨ ਲਈ ਹਸਪਤਾਲ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਜਾਵੇ। ਜੇਕਰ ਸਟਾਫ ਦੀ ਕੋਈ ਗਲਤੀ ਹੋਈ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
