ਤੇਜ਼ ਰਫ਼ਤਾਰ ਕਾਰ ਦੀ ਟੱਕਰ ਕਾਰਨ ਔਰਤ ਦੀ ਮੌਤ
Saturday, Dec 30, 2023 - 01:11 PM (IST)

ਖਰੜ (ਰਣਬੀਰ) : ਖਰੜ-ਮੋਰਿੰਡਾ ਰੋਡ ਬਿਜਲੀ ਬੋਰਡ ਦਫ਼ਤਰ ਨੇੜੇ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਇਕ ਔਰਤ ਦੀ ਮੌਤ ਹੋ ਗਈ। ਸਿਟੀ ਪੁਲਸ ਨੇ ਇਸ ਸਬੰਧੀ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਲੌਂਗੀ ਆਜ਼ਾਦ ਨਗਰ ਦੇ ਰਹਿਣ ਵਾਲੇ ਮੁਹੰਮਦ ਇਰਫ਼ਾਨ ਨੇ ਦੱਸਿਆ ਕਿ ਉਸ ਦੀ ਮਾਂ ਜਹਾਆਰਾ ਬੇਗਮ (48) ਓਮੇਗਾ ਸਿਟੀ ਖਰੜ ਦੇ ਇਕ ਘਰ ਅੰਦਰ ਸਾਫ ਸਫਾਈ ਦਾ ਕੰਮ ਕਰਦੀ ਸੀ।
ਬੀਤੇ ਬੁੱਧਵਾਰ ਉਕਤ ਥਾਂ ਸੜਕ ਪਾਰ ਕਰਦੇ ਸਮੇਂ ਉਸ ਦੀ ਮਾਂ ਨੂੰ ਤੇਜ਼ ਰਫ਼ਤਾਰ ਕਾਰ ਚਾਲਕ ਨੇ ਲਾਪਰਵਾਹੀ ਨਾਲ ਗੱਡੀ ਚਲਾਉਂਦਿਆਂ ਟੱਕਰ ਮਾਰ ਦਿੱਤੀ। ਨਾਜ਼ੁਕ ਹਾਲਤ ’ਚ ਉਸ ਦੀ ਮਾਂ ਨੂੰ ਸਿਵਲ ਹਸਪਤਾਲ ਖਰੜ ਲਿਜਾਇਆ ਗਿਆ ਪਰ ਉਥੇ ਪੁੱਜਦਿਆਂ ਹੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ ਤੋਂ ਫ਼ਰਾਰ ਦੱਸੇ ਜਾ ਰਹੇ ਪੀ. ਬੀ.-76-ਬੀ-1159 ਕਾਰ ਦੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।