ਹੜ੍ਹ ਦਾ ਕਹਿਰ, ਮੁਰਦੇ ਨੂੰ ਸ਼ਮਸ਼ਾਨ ਵੀ ਹੋਇਆ ਨਾ ਨਸੀਬ, ਸੜਕ 'ਤੇ ਕੀਤਾ ਸਸਕਾਰ (ਵੀਡੀਓ)
Tuesday, Aug 20, 2019 - 07:15 PM (IST)
ਜਲੰਧਰ (ਮਨਜੀਤ) —ਪੰਜਾਬ 'ਚ ਆਏ ਹੜ੍ਹਾਂ ਨੇ ਲੋਕਾਂ ਲਈ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ। ਇਕ ਪਾਸੇ ਜਿੱਥੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ, ਉਥੇ ਹੀ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ। ਸਤਲੁਜ ਦਰਿਆ 'ਚ ਆਏ ਹੜ੍ਹ ਨੇ ਲੋਹੀਆਂ 'ਚ ਇਕ ਮਹਿਲਾ ਦੀ ਜਾਨ ਲੈ ਲਈ। ਲੋਹੀਆਂ ਖਾਸ ਨੇੜੇ ਪੈਂਦੇ ਪਿੰਡ ਗਿੱਦੜਪਿੰਡੀ ਦੀ 40 ਸਾਲਾ ਦਲਜੀਤ ਕੌਰ ਦੀ ਸਦਮੇ ਨਾਲ ਮੌਤ ਹੋ ਗਈ। ਉਕਤ ਮਹਿਲਾ ਨੂੰ ਪੂਰੇ ਪਿੰਡ 'ਚ ਪਾਣੀ ਭਰਿਆ ਹੋਣ ਕਰਕੇ ਸ਼ਮਸ਼ਾਨਘਾਟ ਵੀ ਨਸੀਬ ਨਾ ਹੋਇਆ ਅਤੇ ਪਰਿਵਾਰ ਵੱਲੋਂ ਉਸ ਦਾ ਅੰਤਿਮ ਸੰਸਕਾਰ ਸੜਕ 'ਤੇ ਹੀ ਕਰ ਦਿੱਤਾ ਗਿਆ। ਹੜ੍ਹ ਦਾ ਪਾਣੀ ਚਾਰੋਂ ਪਾਸੇ ਫੈਲਣ ਕਰਕੇ ਗਿੱਦੜਪਿੰਡੀ ਪਿੰਡ ਵੀ ਪਾਣੀ ਦੀ ਲਪੇਟ 'ਚ ਆਇਆ ਅਤੇ ਇਥੋਂ ਦੇ ਸ਼ਮਸ਼ਾਨਘਾਟ 'ਚ ਵੀ ਪਾਣੀ ਭਰ ਚੁੱਕਾ ਸੀ।
ਜਾਣਕਾਰੀ ਦਿੰਦੇ ਹੋਏ ਦਲਜੀਤ ਕੌਰ ਦੇ ਪਤੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਹੜ੍ਹ ਦੇ ਪਾਣੀ ਦੇ ਘਰ 'ਚ ਦਾਖਲ ਹੋਣ ਕਰਕੇ ਉਕਤ ਮਹਿਲਾ ਨੂੰ ਡੂੰਘਾ ਸਦਮਾ ਲੱਗ ਗਿਆ ਸੀ। ਇਸੇ ਕਰਕੇ ਉਕਤ ਮਹਿਲਾ ਦੀ ਹਾਲਤ ਖਰਾਬ ਹੋ ਗਈ ਅਤੇ ਉਸ ਨੂੰ ਜਲੰਧਰ ਦੇ ਇਕ ਹਸਪਤਾਲ 'ਚ ਦਾਖਲ ਕਰਵਾਇਆ ਸੀ।
ਇਸੇ ਦੌਰਾਨ ਅੱਜ ਇਲਾਜ ਉਸ ਦੀ ਮੌਤ ਹੋ ਗਈ। ਅੱਜ ਜਦੋਂ ਉਸ ਦੀ ਲਾਸ਼ ਪਰਿਵਾਰ ਵੱਲੋਂ ਗਿੱਦੜਪਿੰਡੀ ਵਿਖੇ ਲਿਜਾਈ ਗਈ ਤਾਂ ਅੰਤਿਮ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਪਰਿਵਾਰ ਨੂੰ ਸੜਕ 'ਤੇ ਹੀ ਅੰਤਿਮ ਸੰਸਕਾਰ ਕਰਨਾ ਪਿਆ।