ਡਿਲਿਵਰੀ ਤੋਂ 3 ਦਿਨਾਂ ਬਾਅਦ ਔਰਤ ਦੀ ਮੌਤ, ਪਰਿਵਾਰ ਵੱਲੋਂ ਹਸਪਤਾਲ ''ਚ ਹੰਗਾਮਾ
Saturday, Aug 17, 2019 - 10:53 AM (IST)

ਨਕੋਦਰ (ਪਾਲੀ)— ਸਥਾਨਕ ਸਿਵਲ ਹਸਪਤਾਲ 'ਚ ਦਾਖਲ ਇਕ ਔਰਤ ਦੀ ਡਿਲਿਵਰੀ ਤੋਂ ਤਿੰਨ ਦਿਨ ਬਾਅਦ ਬੀਤੇ ਦਿਨ ਅਚਾਨਕ ਸਿਹਤ ਖਰਾਬ ਹੋਣ ਉਪਰੰਤ ਭੇਦ-ਭਰੇ ਹਾਲਾਤ 'ਚ ਮੌਤ ਹੋ ਗਈ। ਔਰਤ ਦੀ ਮੌਤ ਤੋਂ ਭੜਕੇ ਪਰਿਵਾਰਕ ਮੈਂਬਰਾਂ ਨੇ ਡਾਕਟਰ 'ਤੇ ਇਲਾਜ ਦੌਰਾਨ ਅਣਗਹਿਲੀ ਵਰਤਣ ਦਾ ਦੋਸ਼ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਸਿਵਲ ਹਸਪਤਾਲ 'ਚ ਪ੍ਰਦਰਸ਼ਨ ਦੀ ਸੂਚਨਾ ਮਿਲਦੇ ਤੁਰੰਤ ਸਿਟੀ ਥਾਣਾ ਮੁਖੀ ਮੁਹੰਮਦ ਜਮੀਲ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਭੜਕੇ ਲੋਕਾਂ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ। ਮ੍ਰਿਤਕ ਔਰਤ ਦੀ ਪਛਾਣ ਜਸਵੀਰ ਕੌਰ (26) ਪਤਨੀ ਜਸਵੰਤ ਸਿੰਘ ਵਾਸੀ ਪਿੰਡ ਗੋਰਸੀਆਂ ਵਜੋਂ ਹੋਈ। ਮ੍ਰਿਤਕਾ ਦੇ ਪਤੀ ਜਸਵੰਤ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਮੈਂ ਆਪਣੀ ਗਰਭਵਤੀ ਪਤਨੀ ਨੂੰ ਡਿਲਿਵਰੀ ਲਈ ਨਕੋਦਰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ। ਬੀਤੀ 14 ਅਗਸਤ ਨੂੰ ਵੱਡੇ ਆਪਰੇਸ਼ਨ ਨਾਲ ਬੱਚੀ ਨੇ ਜਨਮ ਲਿਆ। ਆਪਰੇਸ਼ਨ ਉਪਰੰਤ ਪਤਨੀ ਅਤੇ ਬੱਚੀ ਦੋਵੇਂ ਠੀਕ-ਠਾਕ ਸਨ।
ਬੀਤੇ ਦਿਨ ਸਵੇਰੇ ਪਤਨੀ ਨੇ ਖਾਣਾ ਵੀ ਖਾਧਾ ਅਤੇ ਦੁਪਹਿਰੇ ਪੱਟੀ ਕਰਨ ਲਈ ਵੀਲ਼੍ਹ ਚੇਅਰ 'ਤੇ ਲੈ ਕੇ ਗਏ ਉਪਰੰਤ ਅਚਾਨਕ ਮੇਰੀ ਪਤਨੀ ਦੀ ਹਾਲਤ ਖਰਾਬ ਹੋ ਗਈ। ਡਾਕਟਰ ਨੇ ਮੈਨੂੰ ਪਰਚੀ 'ਤੇ ਟੀਕਾ ਲਿਖ ਕੇ ਦਿੱਤਾ ਪਰ ਟੀਕਾ ਬਾਹਰੋਂ ਮੈਡੀਕਲ ਦੀਆਂ ਦੁਕਾਨਾਂ ਤੋਂ ਨਹੀਂ ਮਿਲਿਆ। ਡਾਕਟਰ ਨੇ ਇਸ ਦੌਰਾਨ ਆਪਣੇ ਕੋਲੋਂ ਜੋ ਟੀਕਾ ਲਗਾਇਆ ਉਸ ਨਾਲ ਮੇਰੀ ਪਤਨੀ ਦੀ ਮੌਤ ਹੋ ਗਈ। ਮ੍ਰਿਤਕਾ ਦੇ ਪਤੀ ਨੇ ਡਾਕਟਰ 'ਤੇ ਦੋਸ਼ ਲਗਾਉਂਦਿਆਂ ਕਿਹਾ ਮੇਰੀ ਪਤਨੀ ਦੀ ਮੌਤ ਇਲਾਜ ਦੌਰਾਨ ਵਰਤੀ ਅਣਗਹਿਲੀ ਅਤੇ ਗਲਤ ਟੀਕਾ ਲਗਾਉਣ ਨਾਲ ਹੋਈ।
ਇਲਾਜ ਦੌਰਾਨ ਕੋਈ ਅਣਗਹਿਲੀ ਨਹੀਂ ਹੋਈ : ਐੱਸ. ਐੱਮ. ਓ.
ਉਧਰ ਜਦੋਂ ਡਾ. ਭੁਪਿੰਦਰ ਕੌਰ ਐੱਸ. ਐੱਮ. ਓ. ਸਿਵਲ ਹਸਪਤਾਲ ਨਕੋਦਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਸਵੀਰ ਕੌਰ ਦੇ 14 ਅਗਸਤ ਨੂੰ ਵੱਡੇ ਆਪਰੇਸ਼ਨ ਦੌਰਾਨ ਬੱਚੀ ਪੈਦਾ ਹੋਈ ਸੀ। ਜਸਵੀਰ ਕੌਰ ਦੀ ਡਰੈਸਿੰਗ ਉਪਰੰਤ ਅਚਾਨਕ ਹਾਲਤ ਖਰਾਬ ਹੋਣ ਨਾਲ ਦਿਲ ਦੀ ਧੜਕਣ ਅਤੇ ਪਲਸ ਰੁਕ ਗਈ 'ਤੇ ਦੌਰਾ ਪੈ ਗਿਆ। ਡਾਕਟਰ ਅਤੇ ਸਟਾਫ ਨੇ ਉਸ ਨੁੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਸ ਦੀ ਮੌਤ ਹੋ ਗਈ। ਉਨ੍ਹਾਂ ਸਪੱਸ਼ਟ ਕਿਹਾ ਕਿ ਇਲਾਜ ਦੌਰਾਨ ਨਾ ਤਾਂ ਕੋਈ ਅਣਗਹਿਲੀ ਅਤੇ ਨਾ ਹੀ ਕੋਈ ਗਲਤ ਟੀਕਾ ਲਾਇਆ ਗਿਆ ਹੈ। ਪਰਿਵਾਰ ਬੇਵਜ੍ਹਾ ਡਾਕਟਰ 'ਤੇ ਦੋਸ਼ ਲਗਾ ਰਿਹਾ ਹੈ।
ਪੋਸਟਮਾਰਟਮ ਰਿਪੋਰਟ ਉਪਰੰਤ ਕੀਤੀ ਜਾਵੇਗੀ ਕਾਰਵਾਈ : ਸਿਟੀ ਥਾਣਾ ਮੁਖੀ
ਸਿਟੀ ਥਾਣਾ ਮੁਖੀ ਮੁਹੰਮਦ ਜਮੀਲ ਨੇ ਕਿਹਾ ਕਿ ਮ੍ਰਿਤਕਾ ਜਸਵੀਰ ਕੌਰ ਦੇ ਪਤੀ ਜਸਵੰਤ ਸਿੰਘ ਦੇ ਬਿਆਨ ਕਲਮਬੱਧ ਕੀਤੇ ਗਏ ਹਨ। ਉਸ 'ਤੇ ਕਾਰਵਾਈ ਕਰਨ ਲਈ ਪਹਿਲਾਂ ਮ੍ਰਿਤਕਾ ਦਾ ਪੋਸਟਮਾਰਟਮ ਸਿਵਲ ਹਸਪਤਾਲ ਜਲੰਧਰ ਤੋਂ ਕਰਵਾਇਆ ਜਾਵੇਗਾ। ਰਿਪੋਰਟ ਆਉਣ ਉਪਰੰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।