ਸਹੁਰਾ ਪਰਿਵਾਰ ਤੋਂ ਪਰੇਸ਼ਾਨ ਮਹਿਲਾ ਨੇ ਕੀਤੀ ਖੁਦਕੁਸ਼ੀ, ਕੇਸ ਦਰਜ

Tuesday, Oct 10, 2017 - 03:55 PM (IST)

ਤਲਵੰਡੀ ਸਾਬੋ (ਮੁਨੀਸ਼) — ਤਲਵੰਡੀ ਸਾਬੋ ਦੇ ਪਿੰਡ ਬਹਿਮਨ ਜੱਸਾ ਸਿੰਘ 'ਚ ਇਕ ਵਿਆਹੁਤਾ ਵਲੋਂ ਆਪਣੇ ਸਹੁਰਾ ਪਰਿਵਾਰ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਮ੍ਰਿਤਕ ਮਹਿਲਾ ਦੀ ਪਛਾਣ ਜਸਵਿੰਦਰ ਕੌਰ ਵਜੋਂ ਹੋਈ ਹੈ, ਜਿਸ ਦਾ ਵਿਆਹ ਕਰੀਬ 10 ਸਾਲ ਪਹਿਲਾਂ ਸਬਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਬਹਿਮਨ ਜੱਸਾ ਸਿੰਘ 'ਚ ਜਗਦੀਸ਼ ਸਿੰਘ ਨਾਲ ਹੋਇਆ ਸੀ, ਜਿਨ੍ਹਾਂ ਦੇ ਵਿਆਹ ਤੋਂ ਬਾਅਦ ਇਕ ਲੜਕਾ ਵੀ ਹੈ, ਵਿਆਹ ਤੋਂ ਕੁਝ ਸਮਾਂ ਬਾਅਦ ਹੀ ਮ੍ਰਿਤਕਾ ਨੂੰ ਵੱਡੀ ਉਮਰ ਦੀ ਦੱਸ ਕੇ ਅਕਸਰ ਘਰ 'ਚ ਝਗੜਾ ਕੀਤਾ ਜਾਂਦਾ ਸੀ, ਇਹ ਹੀ ਨਹੀਂ ਮ੍ਰਿਤਕ ਜਸਵਿੰਦਰ ਦੇ ਗਹਿਣੇ ਉਸ ਦੇ ਪਤੀ ਦੀ ਮਾਮੀ ਨੂੰ ਦੇਣ ਦੇ ਕਾਰਨ ਵੀ ਘਰ 'ਚ ਕਾਫੀ ਝਗੜਾ ਰਹਿੰਦਾ ਸੀ। ਮ੍ਰਿਤਕਾ ਨੂੰ ਸ਼ੱਕ ਸੀ ਕਿ ਉਸ ਦੇ ਪਤੀ ਦੇ ਉਸ ਦੀ ਮਾਮੀ ਨਾਲ ਨਾਜਾਇਜ਼ ਸੰਬੰਧ ਹਨ ਬੇਸ਼ੱਕ ਦੋਨਾਂ 'ਚ ਝਗੜੇ ਦੇ ਕਾਰਨ ਕਈ ਵਾਰ ਪੰਚਾਇਤ 'ਚ ਰਾਜ਼ੀਨਾਮਾ ਵੀ ਹੋਇਆ ਸੀ ਪਰ ਉਸ ਤੋਂ ਬਾਅਦ ਵੀ ਅਕਸਰ ਘਰ 'ਚ ਝਗੜਾ ਹੁੰਦਾ ਰਹਿੰਦਾ ਸੀ। ਬੀਤੇ ਦਿਨ ਵੀ ਕਾਫੀ ਝਗੜਾ ਹੋਣ ਕਾਰਨ ਤੰਗ ਆ ਕੇ ਜਸਵਿੰਦਰ ਨੇ ਜ਼ਹਰਿਲੀ ਵਸਤੂ ਪੀ ਲਈ, ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਪੁਲਸ ਨੂੰ ਬਿਆਨ ਦਰਜ ਕਰਵਾਉਣ ਤੋਂ ਕੁਝ ਸਮਾਂ ਬਾਅਦ ਉਸ ਦੀ ਮੌਤ ਹੋ ਗਈ। ਹੁਣ ਜਸਵਿੰਦਰ ਦੇ ਰਿਸ਼ਤੇਦਾਰ ਉਸ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਦੂਜੇ ਪਾਸੇ ਤਲਵੰਡੀ ਸਾਬੋ ਪੁਲਸ ਨੇ ਮ੍ਰਿਤਕਾ ਦੇ ਮਰਨ ਤੋਂ ਪਹਿਲਾਂ ਦਰਜ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਦ ਕਿ ਮ੍ਰਿਤਕਾ ਦੇ ਸਹੁਰਾ ਪਰਿਵਾਰ ਪਤੀ ਪਤਨੀ ਵਿਚਾਲੇ ਆਪਸੀ ਝਗੜਾ ਦੱਸ ਕੇ ਖੁਦ ਨੂੰ ਬੇਕਸੂਰ ਦੱਸ ਰਹੇ ਹਨ।


Related News