ਜਲੰਧਰ ''ਚ ਸੱਟੇਬਾਜ਼ ਮੋਨੂ ਦੇ ਘਰ ਰੇਡ: ਪ੍ਰਾਈਵੇਟ ਗੱਡੀ ''ਚ ਦੋਸ਼ੀਆਂ ਨੂੰ ਲੈ ਕੇ ਫ਼ਰਾਰ ਹੋਈ ਪੁਲਸ
Sunday, Oct 11, 2026 - 03:17 AM (IST)
ਜਲੰਧਰ (ਸੁਨੀਲ ਮਹਾਜਨ) — ਸ਼ਹਿਰ ਦੇ ਫਗਵਾੜਾ ਗੇਟ 'ਚ ਸੱਟੇਬਾਜ਼ੀ ਦੇ ਮਾਮਲੇ 'ਚ ਦੋ ਦਿਨ ਪਹਿਲਾਂ ਪੁਲਸ ਵੱਲੋਂ ਮੋਨੂ ਨਾਮੀ ਵਿਅਕਤੀ ਦੇ ਘਰ ਰੇਡ ਕੀਤੀ ਗਈ ਸੀ, ਜਿੱਥੋਂ ਪੁਲਸ ਨੇ ਇੱਕ ਕੰਪਿਊਟਰ, 4 ਮੋਬਾਈਲ ਫੋਨ, ਦਸਤਾਵੇਜ਼ ਅਤੇ ਹੋਰ ਸਮਾਨ ਬਰਾਮਦ ਕਰਕੇ 14 ਲੋਕਾਂ ਨੂੰ ਹਿਰਾਸਤ 'ਚ ਲਿਆ ਸੀ। ਪਰ ਹੁਣ ਥਾਣਾ ਨੰਬਰ 3 ਦੀ ਪੁਲਸ ਵੱਲੋਂ ਮੋਨੂ ਸਮੇਤ ਹੋਰ ਦੋਸ਼ੀਆਂ ਨੂੰ ਮੈਡੀਕਲ ਲਈ ਪ੍ਰਾਈਵੇਟ ਗੱਡੀ 'ਚ ਲੈ ਕੇ ਜਾਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਸ ਦੀ ਕਾਰਵਾਈ 'ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।
ਪ੍ਰਾਈਵੇਟ ਗੱਡੀ ਦੇ ਮਾਲਕ ਜਸ਼ਨਦੀਪ ਸਿੰਘ ਨੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਆਪਣੀ ਭੜਾਸ ਕੱਢਦਿਆਂ ਦੱਸਿਆ ਕਿ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਤੋਂ ਇੱਕ ਦੋਸ਼ੀ ਨੂੰ ਲੈ ਕੇ ਜਾਣ ਲਈ ਗੱਡੀ ਮੰਗੀ ਸੀ। ਪਰ ਕੁਝ ਸਮੇਂ ਬਾਅਦ ਆਏ ਹੋਰ ਪੁਲਸ ਕਰਮਚਾਰੀਆਂ ਨੇ ਉਨ੍ਹਾਂ ਦੇ ਡਰਾਈਵਰ ਨੂੰ ਹੀ ਗੱਡੀ 'ਚੋਂ ਹੇਠਾਂ ਉਤਾਰ ਦਿੱਤਾ ਅਤੇ ਖ਼ੁਦ ਗੱਡੀ ਲੈ ਕੇ ਚਲੇ ਗਏ।
ਜਸ਼ਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਗੱਡੀ ਵਿੱਚ ਜ਼ਰੂਰੀ ਕਾਗਜ਼ਾਤ ਰੱਖੇ ਹੋਏ ਸਨ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਗੱਡੀ ਨਾਲ ਕੋਈ ਵੀ ਅਣਹੋਣੀ ਘਟਨਾ ਵਾਪਰਦੀ ਹੈ ਜਾਂ ਕੋਈ ਨੁਕਸਾਨ ਹੁੰਦਾ ਹੈ, ਤਾਂ ਉਸ ਲਈ ਪੁਲਸ ਪ੍ਰਸ਼ਾਸਨ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਵੇਗਾ।
ਪੀੜਤ ਜਸ਼ਨਦੀਪ ਅਨੁਸਾਰ ਜਦੋਂ ਉਨ੍ਹਾਂ ਨੇ ਮੀਡੀਆ ਨੂੰ ਬਿਆਨ ਦੇਣ ਦੀ ਗੱਲ ਕਹੀ ਤਾਂ ਕਾਂਸਟੇਬਲ ਅਮਰਜੀਤ ਨੇ ਉਨ੍ਹਾਂ ਨੂੰ ਬਿਆਨ ਦੇਣ ਦੀ ਖੁੱਲ੍ਹ ਦਿੱਤੀ। ਦੂਜੇ ਪਾਸੇ, ਜਦੋਂ ਪੱਤਰਕਾਰ ਨੇ ਥਾਣਾ ਨੰਬਰ 3 ਦੇ ਐੱਸ.ਐੱਚ.ਓ. ਜਗਦੀਸ਼ ਲਾਲ ਨਾਲ ਫੋਨ 'ਤੇ ਗੱਲ ਕੀਤੀ ਤਾਂ ਪਹਿਲਾਂ ਤਾਂ ਉਨ੍ਹਾਂ ਨੇ ਪੁਲਸ ਵੱਲੋਂ ਪ੍ਰਾਈਵੇਟ ਗੱਡੀ ਦੀ ਵਰਤੋਂ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਪਰ ਜਦੋਂ ਪੱਤਰਕਾਰ ਨੇ ਪੀੜਤ ਦੀ ਵੀਡੀਓ ਮੌਜੂਦ ਹੋਣ ਦੀ ਗੱਲ ਕਹੀ ਤਾਂ ਥਾਣਾ ਇੰਚਾਰਜ ਮਾਮਲੇ 'ਚ 'ਸਹਿਯੋਗ' ਕਰਨ ਦੀਆਂ ਦੁਹਾਈਆਂ ਦੇਣ ਲੱਗੇ। ਫ਼ਿਲਹਾਲ ਪ੍ਰਾਈਵੇਟ ਗੱਡੀ ਵਿੱਚ ਦੋਸ਼ੀਆਂ ਨੂੰ ਲੈ ਕੇ ਜਾਣ ਅਤੇ ਕਾਰ ਮਾਲਕ ਵੱਲੋਂ ਜਤਾਈ ਗਈ ਚਿੰਤਾ ਕਾਰਨ ਇਹ ਮਾਮਲਾ ਪੂਰੇ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
