ਔਰਤ ਦੇ ਬਿਆਨ ਸੁਣ ਹੈਰਾਨ ਹੋਈ ਪੁਲਸ, ਪਤੀ ਤੇ ਦੋਸਤਾਂ ਦੀ ਕਰਤੂਤ ਨੇ ਸ਼ਰਮਸਾਰ ਕੀਤੀ ਇਨਸਾਨੀਅਤ
Monday, Jun 19, 2017 - 06:54 PM (IST)
ਡੇਰਾਬੱਸੀ (ਅਨਿਲ) : ਸਥਾਨਕ ਤਹਿਸੀਲ ਰੋਡ 'ਤੇ ਕਿਰਾਏ ਦੇ ਮਕਾਨ 'ਚ ਰਹਿ ਰਹੀ ਇਕ 55 ਸਾਲਾ ਔਰਤ ਨੇ ਸਮੂਹਿਕ ਜਬਰ-ਜ਼ਨਾਹ ਦੇ ਦੋਸ਼ ਲਾਏ ਹਨ। ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ 5 ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਮੈਡੀਕਲ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਫ਼ਤੀਸ਼ੀ ਅਫ਼ਸਰ ਗੁਰਸਿਮਰਨਵੀਰ ਸਿੰਘ ਨੇ ਦੱਸਿਆ ਕਿ ਪੀੜਤਾ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ 12 ਜੂਨ ਨੂੰ ਉਸ ਦੇ ਘਰ 'ਚ ਬੈਠ ਕੇ ਉਸਦੇ ਪਤੀ ਦਲਬੀਰ ਸਿੰਘ ਉਰਫ਼ ਕਾਲਾ ਸਮੇਤ ਦੀਪਕ, ਜਗਦੀਸ਼, ਸੰਦੀਪ ਤੇ ਮਨੋਜ ਨੇ ਸ਼ਰਾਬ ਪੀਤੀ। ਇਸ ਦੌਰਾਨ ਉਨ੍ਹਾਂ ਮੈਨੂੰ ਕੋਈ ਨਸ਼ੀਲੀ ਚੀਜ਼ ਖੁਆ ਕੇ ਬੇਹੋਸ਼ ਕਰ ਦਿੱਤਾ ਤੇ ਮੇਰੇ ਨਾਲ ਵਾਰੀ-ਵਾਰੀ ਜਬਰ-ਜ਼ਨਾਹ ਕੀਤਾ ਅਤੇ ਬੇਹੋਸ਼ੀ ਦੀ ਹਾਲਤ 'ਚ ਛੱਡ ਕੇ ਫ਼ਰਾਰ ਹੋ ਗਏ। ਉਸ ਦਿਨ ਤੋਂ ਬਾਅਦ ਉਸ ਦਾ ਪਤੀ ਵੀ ਘਰ ਨਹੀਂ ਆਇਆ। ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਚਾਰਾਂ ਨੇ ਮੇਰੇ ਪਤੀ ਦੀ ਮਿਲੀਭੁਗਤ ਨਾਲ ਜਬਰ-ਜ਼ਨਾਹ ਕੀਤਾ ਹੈ। ਉਸ ਦੇ ਜਵਾਈ ਨੇ ਆ ਕੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਪੀੜਤਾ ਨੇ ਦੱਸਿਆ ਕਿ ਉਸਦੇ ਦੋ ਲੜਕੇ ਤੇ ਤਿੰਨ ਲੜਕੀਆਂ ਹਨ, ਪਹਿਲੇ ਪਤੀ ਦੀ ਮੌਤ ਤੋਂ ਬਾਅਦ ਮਾਪਿਆਂ ਨੇ ਦਲਬੀਰ ਉਰਫ਼ ਕਾਲਾ ਨਾਲ ਉਸ ਨੂੰ ਬਿਠਾ ਦਿੱਤਾ ਸੀ। ਪੁਲਸ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਪੀੜਤਾ ਦਾ ਮੈਡੀਕਲ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
