ਨਸ਼ੇ ਵਾਲੀਆਂ ਗੋਲੀਆਂ ਦੇ ਮਾਮਲੇ ਵਿਚ ਇਕ ਔਰਤ ਨੂੰ 10 ਸਾਲ ਕੈਦ
Monday, Nov 13, 2023 - 06:28 PM (IST)
.ਫਰੀਦਕੋਟ (ਜਗਦੀਸ਼ ਸਹਿਗਲ) : ਸਥਾਨਕ ਐਡੀਸ਼ਨਲ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਨੇ ਲਗਭਗ ਤਿੰਨ ਸਾਲ ਪਹਿਲਾਂ ਥਾਣਾ ਜੈਤੋ ਵੱਲੋਂ ਗੈਰ ਕਾਨੂੰਨੀ ਤੌਰ ’ਤੇ ਨਸ਼ੇ ਵਾਲੀਆਂ ਗੋਲੀਆਂ ਦੀ ਵਿੱਕਰੀ ਕਰਨ ਦੇ ਮਾਮਲੇ ਵਿਚ ਨਾਮਜ਼ਦ ਕੀਤੀ ਇਕ ਔਰਤ ਨੂੰ ਦੋਸ਼ੀ ਕਰਾਰ ਦਿੱਤਾ ਹੈ । ਮਾਣਯੋਗ ਅਦਾਲਤ ਵੱਲੋਂ ਦੋਸ਼ੀ ਨੂੰ ਸੁਣਵਾਈ ਦੌਰਾਨ ਅਦਾਲਤ ਵਿਚ ਪੁਲਸ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਅਤੇ ਗਵਾਹਾਂ ਦੇ ਆਧਾਰ ਤੇ 10 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨਾ ਭਰਨ ਦਾ ਆਦੇਸ਼ ਦਿੱਤਾ ਹੈ, ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਉਸ ਨੂੰ ਤਿੰਨ ਸਾਲ ਹੋਰ ਵੱਖਰੀ ਸਜ਼ਾ ਭੁਗਤਣੀ ਪਵੇਗੀ । ਜਾਣਕਾਰੀ ਅਨੁਸਾਰ ਇਸ ਮਾਮਲੇ ਵਿਚ ਜਦ ਥਾਣਾ ਜੈਤੋ ਦੇ ਪੁਲਸ ਅਧਿਕਾਰੀ 21 ਦਸੰਬਰ 2020 ਨੂੰ ਗਸ਼ਤ ਵਾ ਚੈਕਿੰਗ ਦੌਰਾਨ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਸ਼ਹਿਰ ਜੈਤੋ, ਸੇਵੇਵਾਲਾ, ਚੰਦਭਾਨ ਆਦਿ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਸ ਪਾਰਟੀ ਸੇਵੇਵਾਲਾ ਬੱਸ ਅੱਡਾ ਤੇ ਨੇੜੇ ਪਟਰੋਲ ਪੰਪ ਪਾਸ ਪੁੱਜੀ ਤਾਂ ਇਕ ਔਰਤ ਆਉਂਦੀ ਦਿਖਾਈ ਦਿੱਤੀ ਜਿਸ ਦੇ ਸੱਜੇ ਹੱਥ ਵਿਚ ਇਕ ਕਾਲੇ ਰੰਗ ਦਾ ਮੋਮੀ ਲਿਫਾਫਾ ਫੜਿਆ ਹੋਇਆ ਸੀ ਜਦ ਇਸ ਔਰਤ ਦੀ ਤਲਾਸ਼ੀ ਲਈ ਤਾਂ ਇਸ ਵਿਚ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸੀ ।
ਥਾਣਾ ਜੈਤੋਂ ਦੇ ਪੁਲਸ ਅਧਿਕਾਰੀਆਂ ਵੱਲੋਂ ਔਰਤ ਮਨਜੀਤ ਕੌਰ ਉਰਫ ਮੁੰਨੀ ਪਤਨੀ ਅੰਗਰੇਜ਼ ਸਿੰਘ ਵਾਸੀ ਨੇੜੇ ਕਾਲੀ ਮਾਤਾ ਮੰਦਰ ਰੇਗਰ ਬਸਤੀ ਜੈਤੋ ਨੂੰ ਨਸ਼ੇ ਵਾਲੀਆ ਗੋਲੀਆਂ ਸਮੇਤ ਕਾਬੂ ਕਰਕੇ ਉਸ ਦੇ ਖ਼ਿਲਾਫ ਮਾਮਲਾ ਦਰਜ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਸ ’ਤੇ ਇਸ ਮਾਮਲੇ ਵਿਚ ਮਾਨਯੋਗ ਅਦਾਲਤ ਵੱਲੋਂ ਅੰਤਿਮ ਸੁਣਵਾਈ ਤੋਂ ਬਾਅਦ ਉਕਤ ਫ਼ੈਸਲਾ ਸੁਣਾਇਆ ਹੈ।