ਪੰਚਾਇਤ ਦੀ ਸਹਿਮਤੀ ਤੋਂ ਬਿਨਾਂ ਬੀ. ਡੀ. ਪੀ. ਓ. ਨੇ ਕਰਵਾਈ ਜ਼ਮੀਨ ਦੀ ਬੋਲੀ
Thursday, Jun 15, 2017 - 01:53 AM (IST)
ਰਈਆ/ਬਿਆਸ/ਬਾਬਾ ਬਕਾਲਾ ਸਾਹਿਬ, (ਹਰਜੀਪ੍ਰੀਤ, ਵਿੱਕੀ, ਅਠੌਲਾ)- ਕਸਬਾ ਬਿਆਸ ਦੀ ਪੰਚਾਇਤ ਨੇ ਉਸ ਦੀ ਸਹਿਮਤੀ ਤੋਂ ਬਿਨਾਂ ਬੀ. ਡੀ. ਪੀ. ਓ. ਰਈਆ ਵੱਲੋਂ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਏ ਜਾਣ ਅਤੇ ਪਿੰਡ ਦੇ ਦਲਿਤ ਸਰਪੰਚ ਸੁਰਿੰਦਰਪਾਲ ਸਿੰਘ ਲੱਡੂ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਾਇਆ ਹੈ। ਅੱਜ ਇਥੇ ਇਕ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਸਰਪੰਚ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਮਿਤੀ 30-6-2016 ਨੂੰ ਗ੍ਰਾਮ ਸਭਾ ਬਿਆਸ ਦੇ ਇਜਲਾਸ ਵਿਚ ਲੋਕਾਂ ਨੇ ਮੰਗ ਕੀਤੀ ਕਿ ਪਿੰਡ ਦੇ ਗੰਦੇ ਪਾਣੀ ਤੇ ਮੀਂਹ ਦੇ ਪਾਣੀ ਦੇ ਨਿਕਾਸ ਅਤੇ ਪਿੰਡ ਦੇ ਕੂੜੇ-ਕਰਕਟ ਨੂੰ ਸੁੱਟਣ ਲਈ ਪੰਚਾਇਤੀ ਜ਼ਮੀਨ 'ਚੋਂ ਜਗ੍ਹਾ ਛੱਡੀ ਜਾਵੇ, ਜਿਸ 'ਤੇ ਗ੍ਰਾਮ ਪੰਚਾਇਤ ਨੇ ਮਿਤੀ 19-10-2016 ਨੂੰ ਇਸ ਸਬੰਧੀ ਪਤਾ ਪਾਸ ਕਰ ਕੇ ਬੀ. ਡੀ. ਪੀ. ਓ. ਰਈਆ ਨੂੰ ਭੇਜ ਦਿੱਤਾ, ਜਿਸ ਤੋਂ ਬਾਅਦ ਉਸ ਸਮੇਂ ਦੇ ਡੀ. ਡੀ. ਪੀ. ਓ. ਅੰਮ੍ਰਿਤਸਰ ਨੇ ਪਿੰਡ ਆ ਕੇ ਮੌਕਾ ਵੇਖਿਆ ਅਤੇ ਮਿਤੀ 30-12-2016 ਨੂੰ ਇਸ ਮਤੇ ਨੂੰ ਸਵੀਕਾਰ ਕਰ ਕੇ ਪੰਚਾਇਤ ਨੂੰ ਪ੍ਰਵਾਨਗੀ ਦੇ ਦਿੱਤੀ।
ਇਸ ਤੋਂ ਬਾਅਦ ਗ੍ਰਾਮ ਪੰਚਾਇਤ ਬਿਆਸ ਨੇ ਇਸ ਪੰਚਾਇਤੀ ਜਗ੍ਹਾ ਖਸਰਾ ਨੰਬਰ 83 ਤੇ 89 'ਤੇ ਛੱਪੜ ਦੀ ਪੁਟਾਈ ਕਰਵਾ ਕੇ ਉਸ ਵਿਚ ਪਿੰਡ ਦਾ ਗੰਦਾ ਪਾਣੀ ਛੱਡ ਦਿੱਤਾ, ਬਾਕੀ ਜਗ੍ਹਾ ਵਿਚ ਪਿੰਡ ਦੇ ਲੋਕਾਂ ਨੇ ਕੂੜਾ-ਕਰਕਟ ਸੁੱਟਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਬੀ. ਡੀ. ਪੀ. ਓ. ਰਈਆ ਨੇ ਗ੍ਰਾਮ ਪੰਚਾਇਤ ਬਿਆਸ ਨੂੰ 2-6-2017 ਨੂੰ ਇਕ ਪੱਤਰ ਭੇਜ ਕੇ ਪੰਚਾਇਤੀ ਜ਼ਮੀਨ ਦੀ ਬੋਲੀ ਕਰਨ ਲਈ 6-6-2017 ਨਿਸ਼ਚਿਤ ਕਰ ਦਿੱਤੀ, ਜਿਸ ਸਬੰਧੀ ਸਰਪੰਚ ਗ੍ਰਾਮ ਪੰਚਾਇਤ ਬਿਆਸ ਨੇ ਉਸੇ ਦਿਨ ਹੀ ਮਿਤੀ 2-6-2017 ਨੂੰ ਇਕ ਲਿਖਤੀ ਪੱਤਰ ਬੀ. ਡੀ. ਪੀ. ਓ. ਰਈਆ ਨੂੰ ਖੁਦ ਸੌਂਪਿਆ ਅਤੇ ਦੱਸਿਆ ਕਿ ਖਸਰਾ ਨੰਬਰ 83 ਅਤੇ 89 ਦੀ ਪੰਚਾਇਤੀ ਜ਼ਮੀਨ ਦੀ ਬੋਲੀ ਨਹੀਂ ਕਰਵਾਈ ਜਾ ਸਕਦੀ ਕਿਉਂਕਿ ਇਹ ਪੰਚਾਇਤੀ ਜ਼ਮੀਨ ਪਿੰਡ ਦੇ ਗੰਦੇ ਪਾਣੀ/ਮੀਂਹ ਦੇ ਪਾਣੀ ਅਤੇ ਕੂੜੇ-ਕਰਕਟ ਲਈ ਛੱਡੀ ਹੋਈ ਹੈ।
ਇਸ ਦੌਰਾਨ ਬੀ. ਡੀ. ਪੀ. ਓ. ਨੇ ਆਪਣੇ ਦਫਤਰ ਵਿਚ ਸਰਪੰਚ ਅਤੇ ਪੰਚਾਇਤ ਦੇ ਹੋਰਨਾਂ ਮੈਂਬਰਾਂ ਦੀ ਬੇਇੱਜ਼ਤੀ ਕੀਤੀ ਅਤੇ ਪੰਚਾਇਤੀ ਜ਼ਮੀਨ ਦੀ ਆਪਣੀ ਮਰਜ਼ੀ ਨਾਲ ਬੋਲੀ ਕਰਵਾ ਦਿੱਤੀ। ਇਸ ਸਬੰਧੀ ਗ੍ਰਾਮ ਪੰਚਾਇਤ ਬਿਆਸ ਨੇ ਬੀ. ਡੀ. ਪੀ. ਓ. ਰਈਆ 'ਤੇ ਦੋਸ਼ ਲਾਏ ਕਿ ਉਨ੍ਹਾਂ ਨੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਿਆਂ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਈ ਹੈ ਤੇ ਸਰਪੰਚ ਅਤੇ ਪੰਚਾਇਤ ਦੇ ਹੋਰਨਾਂ ਨੁਮਾਇੰਦਿਆਂ ਨਾਲ ਦੁਰਵਿਵਹਾਰ ਕੀਤਾ ਹੈ। ਗ੍ਰਾਮ ਪੰਚਾਇਤ ਬਿਆਸ ਨੇ ਬੀ. ਡੀ. ਪੀ. ਓ. ਰਈਆ ਤੇ ਇਸ ਖਸਰਾ ਨੰਬਰ ਜਗ੍ਹਾ 'ਤੇ ਅਦਾਲਤੀ ਸਟੇਅ ਹੋਣ ਦੇ ਬਾਵਜੂਦ ਬੋਲੀਕਾਰ ਨੂੰ ਇਸ ਖਸਰਾ ਨੰਬਰ ਪੰਚਾਇਤੀ ਜ਼ਮੀਨ 'ਤੇ ਜਬਰੀ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵੀ ਲਾਏ ਹਨ।
ਪ੍ਰੈੱਸ ਕਾਨਫਰੰਸ ਦੌਰਾਨ ਸੁਰਿੰਦਰਪਾਲ ਸਿੰਘ ਸਰਪੰਚ, ਪਰਮਜੀਤ ਸਿੰਘ ਮੈਂਬਰ ਪੰਚਾਇਤ, ਬੰਟੀ ਸਰੋਆ ਮੈਂਬਰ, ਗਿਆਨ ਚੰਦ, ਨੀਨਾ ਸ਼ਰਮਾ ਤੇ ਸੁਲੇਖਾ ਦੇਵੀ ਹਾਜ਼ਰ ਸਨ। ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਅਤੇ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਮੋਹਾਲੀ ਕੋਲੋਂ ਬੀ. ਡੀ. ਪੀ. ਓ. ਰਈਆ ਖਿਲਾਫ ਕਾਰਵਾਈ ਦੀ ਮੰਗ ਕੀਤੀ। ਸਰਪੰਚ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਬੀ. ਡੀ. ਪੀ. ਓ. ਰਈਆ ਨੇ ਅਨੁਸੂਚਿਤ ਜਾਤੀ ਹੋਣ ਕਾਰਨ ਹੀ ਮੇਰੀ ਜਨਤਕ ਜਗ੍ਹਾ 'ਤੇ ਬੇਇੱਜ਼ਤੀ ਕੀਤੀ ਹੈ, ਮੈਂ ਇਸ ਸਬੰਧੀ ਪੁਲਸ ਦੇ ਉੱਚ ਅਧਿਕਾਰੀਆਂ ਤੇ ਚੇਅਰਮੈਨ ਐੱਸ. ਸੀ. ਕਮਿਸ਼ਨ ਪੰਜਾਬ ਨੂੰ ਲਿਖਤੀ ਸ਼ਿਕਾਇਤ ਵੀ ਭੇਜ ਰਿਹਾ ਹੈ।
ਇਸ ਸਾਰੇ ਮਾਮਲੇ ਸਬੰਧੀ ਜਦ ਅਮਨਦੀਪ ਸਿੰਘ ਬੀ. ਡੀ. ਪੀ. ਓ. ਰਈਆ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾ ਕਿਹਾ ਕਿ ਗ੍ਰਾਮ ਪੰਚਾਇਤ ਬਿਆਸ 7 ਕਿੱਲੇ 5 ਕਨਾਲ ਅਤੇ 7 ਮਰਲੇ ਦੀ ਬੋਲੀ ਨਹੀਂ ਕਰਵਾਉਣੀ ਚਾਹੁੰਦੀ ਸੀ ਪਰ ਮੈਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਸ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾ ਦਿੱਤੀ ਹੈ। ਇਸ ਮਾਮਲੇ ਸਬੰਧੀ ਐਡਵੋਕੇਟ ਦਲਬੀਰ ਸਿੰਘ ਬਾਠ ਨੇ ਕਿਹਾ ਕਿ ਪੰਜਾਬ ਵਿਲੇਜ ਕਾਮਨਲੈਂਡ ਐਕਟ ਅਤੇ ਰੂਲਜ਼ ਮੁਤਾਬਿਕ ਪਿੰਡ ਦੀ ਗ੍ਰਾਮ ਪੰਚਾਇਤ ਕਾਨੂੰਨੀ ਤੌਰ 'ਤੇ ਦੱਸੇ ਹੋਏ ਕੰਮਾਂ ਲਈ 100 ਏਕੜ ਤੱਕ, ਪੰਚਾਇਤੀ ਜ਼ਮੀਨ ਦੀ ਵਰਤੋਂ ਐਕਟ ਦੇ ਰੂਲ 3-ਏ ਅਨੁਸਾਰ ਅਤੇ ਪੰਚਾਇਤ ਸੰਮਤੀ 500 ਕਿੱਲੇ ਤੱਕ ਦੀ ਪੰਚਾਇਤੀ ਜ਼ਮੀਨ ਦੀ ਵਰਤੋਂ ਆਪਣੀ ਮਰਜ਼ੀ ਮੁਤਾਬਿਕ ਕਰ ਸਕਦੀ ਹੈ। ਐਕਟ ਦੇ ਰੂਲ 6 ਮੁਤਾਬਿਕ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਉਣ ਦਾ ਅਧਿਕਾਰ ਸਿਰਫ ਪਿੰਡ ਦੀ ਗ੍ਰਾਮ ਪੰਚਾਇਤ ਨੂੰ ਹੀ ਹੈ।
