ਬਿਨਾਂ ਫਾਰਮਸਿਸਟ ਤੋਂ ਚੱਲ ਰਿਹਾ ਮੈਡੀਕਲ ਸਟੋਰ ਸੀਲ

Thursday, Aug 02, 2018 - 03:03 AM (IST)

ਬਿਨਾਂ ਫਾਰਮਸਿਸਟ ਤੋਂ ਚੱਲ ਰਿਹਾ ਮੈਡੀਕਲ ਸਟੋਰ ਸੀਲ

ਮਲੋਟ,   (ਜੁਨੇਜਾ)-  ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸਿਹਤ ਵਿਭਾਗ ਨੇ ਡਰੱਗਜ਼ ਅਤੇ ਕਾਸਮੈਟਿਕ ਐਕਟ ਦੀ ਉਲੰਘਣਾ ਕਰ ਕੇ ਚੱਲ ਰਹੇ ਦੋ ਮੈਡੀਕਲ ਸਟੋਰਾਂ ਨੂੰ ਮੰਗਲਵਾਰ ਨੂੰ ਸੀਲ ਕੀਤਾ ਸੀ ਅਤੇ ਅੱਜ ਫਿਰ ਕਾਰਵਾਈ ਜਾਰੀ ਰੱਖਦਿਅਾਂ ਇਕ ਹੋਰ ਸਟੋਰ ਨੂੰ ਸੀਲ ਕਰ ਦਿੱਤਾ ਹੈ। 
 ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਐੱਮ. ਕੇ. ਅਰਵਿੰਦ ਕੁਮਾਰ ਦੇ ਨਿਰਦੇਸ਼ਾਂ ’ਤੇ ਵਿਭਾਗ ਦੇ ਡਰੱਗਜ਼ ਇੰਸਪੈਕਟਰ ਰਮਨਦੀਪ ਗੁਪਤਾ ਦੀ ਅਗਵਾਈ ਵਾਲੀ ਟੀਮ ਨੇ ਅੱਜ ਇਕ ਹੋਰ ਮੈਡੀਕਲ ਸਟੋਰ ਸੀਲ ਕੀਤਾ ਹੈ। ਸਿਵਲ ਸਰਜਨ ਡਾ. ਸੁਖਪਾਲ ਸਿੰਘ ਨੇ ਦੱਸਿਆ ਕਿ ਅੱਜ ਪਿੰਡ ਮੱਲਕਟੋਰਾ ਵਿਖੇ ਇੰਚਾਰਜ ਐੱਸ. ਆਈ. ਨਾਰਕੋਟਿਕ ਸੈੱਲ ਮਲੋਟ ਦੇ ਨਾਲ ਸਿਹਤ ਵਿਭਾਗ ਦੀ ਟੀਮ ਨੇ ਮੈਡੀਕਲ ਸਟੋਰ ਦੀ ਚੈਕਿੰਗ ਕੀਤੀ ਅਤੇ ਇੱਥੇ ਵੀ ਫਾਰਮਾਸਿਸਟ ਮੌਕੇ ’ਤੇ ਮੌਜੂਦ ਨਹੀਂ ਸੀ ਅਤੇ ਜਾਂਚ ਦੌਰਾਨ ਇਸ ਸਟੋਰ ’ਚ ਦਵਾਈਅਾਂ ਦੀ ਖਰੀਦ-ਵੇਚ ਹੋਣ ਦਾ ਪਤਾ ਲੱਗਣ ’ਤੇ ਇਸ ਨੂੰ ਸੀਲ ਕਰ ਦਿੱਤਾ ਗਿਆ। 
 ਸਿਹਤ ਵਿਭਾਗ ਦੀ ਟੀਮ ਵੱਲੋਂ ਇਸੇ ਤਰ੍ਹਾਂ ਐੱਸ. ਐੱਚ. ਓ. ਸਿਟੀ ਤਜਿੰਦਰਪਾਲ ਸਿੰਘ ਦੇ ਸਹਿਯੋਗ ਨਾਲ ਕੋਟਲੀ ਰੋਡ ਸ੍ਰੀ ਮੁਕਸਤਰ ਸਾਹਿਬ ਵਿਖੇ ਵੀ ਇਕ ਮੈਡੀਕਲ ਸਟੋਰ ਦੀ ਚੈਕਿੰਗ ਕੀਤੀ ਗਈ। ਸਿਵਲ ਸਰਜਨ  ਨੇ ਸਮੂਹ ਮੈਡੀਕਲ ਸਟੋਰਾਂ ਦੇ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਸਟੋਰ ’ਚ ਫਾਰਮਾਸਿਸਟ ਲਾਜ਼ਮੀ ਤੌਰ ’ਤੇ ਤਾਇਨਾਤ ਹੋਵੇ ਅਤੇ ਜੇਕਰ ਕੋਈ ਵੀ ਮੈਡੀਕਲ ਸਟੋਰ ਬਿਨਾਂ ਫਾਰਮਾਸਿਸਟ ਤੋਂ ਚੱਲਦਾ ਪਾਇਆ ਗਿਆ ਤਾਂ ਉਸ ਵਿਰੁੱਧ ਡਰੱਗਜ਼ ਅਤੇ ਕਾਸਮੈਟਿਕ ਐਕਟ-1940 ਤਹਿਤ ਕਾਰਵਾਈ ਕੀਤੀ ਜਾਵੇਗੀ।   


Related News