ਬਿਨਾਂ ਸਰਕਾਰੀ ਫੀਸ ਦੇ ਟ੍ਰਾਂਸਫਰ ਹੋ ਰਹੀਆਂ ਗੱਡੀਆਂ
Wednesday, Dec 20, 2017 - 05:09 AM (IST)

ਜਲੰਧਰ, (ਅਮਿਤ)– ਜਲੰਧਰ ਦੇ ਕੁਝ ਵੱਡੇ ਏਜੰਟਾਂ ਵੱਲੋਂ ਟਰਾਂਸਪੋਰਟ ਵਿਭਾਗ ਅੰਦਰ ਵੱਡੇ ਪੱਧਰ 'ਤੇ ਮਨਮਰਜ਼ੀਆਂ ਕੀਤੀਆਂ ਜਾ ਰਹੀਆਂ ਹਨ। ਚਾਹੇ ਟਰਾਂਸਪੋਰਟ ਵਿਭਾਗ ਦੇ ਜਾਅਲੀ ਹਸਤਾਖਰ ਕਰ ਕੇ ਬਿਨੇ ਪੱਤਰ ਜਮ੍ਹਾ ਕਰਵਾਉਣਾ ਹੋਵੇ ਜਾਂ ਫਿਰ ਟਰਾਂਸਪੋਰਟ ਵਿਭਾਗ ਦੀਆਂ ਜਾਅਲੀ ਡਲਿਵਰੀ ਸਲਿਪਾਂ ਛਪਵਾ ਕੇ ਉਨ੍ਹਾਂ ਦਾ ਖੁੱਲ੍ਹੇਆਮ ਇਸਤੇਮਾਲ ਕਰਨਾ ਹੋਵੇ, ਵੱਡੇ ਏਜੰਟਾਂ ਲਈ ਸਭ ਕੁਝ ਸੰਭਵ ਹੈ। ਇਸੇ ਤਹਿਤ ਸ਼ਹਿਰ ਦੇ ਵੱਡੇ ਏਜੰਟਾਂ ਦਾ ਇਕ ਹੋਰ ਵੱਡਾ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਵਿਚ ਬਿਨਾਂ ਸਰਕਾਰੀ ਫੀਸ ਜਮ੍ਹਾ ਕਰਵਾਏ ਹੀ ਗੱਡੀਆਂ ਨੂੰ ਟ੍ਰਾਂਸਫਰ ਕਰ ਕੇ ਆਰ. ਸੀ. ਜਾਰੀ ਕਰਵਾਉਣ ਦਾ ਪਤਾ ਲੱਗਾ ਹੈ। ਯਾਦ ਰਹੇ ਕਿ ਹਾਲ ਹੀ ਵਿਚ 'ਜਗ ਬਾਣੀ' ਵਿਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਸੀ ਕਿ ਕਿਵੇਂ ਆਰ. ਟੀ. ਏ. ਦਫਤਰ ਵਿਚ ਕੰਮ ਕਰਵਾਉਣ ਵਾਲੇ ਏਜੰਟਾਂ ਨੇ ਪੂਰੇ ਪੰਜਾਬ ਦੇ ਆਰ. ਟੀ. ਏ. ਦਫਤਰਾਂ ਦੀਆਂ ਜਾਅਲੀ ਮੋਹਰਾਂ ਤੱਕ ਬਣਾ ਕੇ ਰੱਖੀਆਂ ਹੋਈਆਂ ਹਨ, ਜਿਸ ਦਾ ਇਸਤੇਮਾਲ ਆਰ. ਸੀ. ਦੀ ਵੈਰੀਫਿਕੇਸ਼ਨ ਜਾਂ ਤੱਤਕਾਲ ਕਾਪੀ ਲਈ ਕੀਤਾ ਜਾਂਦਾ ਹੈ।
ਇਸੇ ਤਰ੍ਹਾਂ ਹੀ ਕੁਝ ਵੱਡੇ ਏਜੰਟਾਂ ਵੱਲੋਂ ਕਿਸੇ ਹੋਰ ਜ਼ਿਲੇ ਵਿਚ ਇਕ ਹੀ ਗੱਡੀ ਦੀ ਟ੍ਰਾਂਸਫਰ ਫੀਸ ਜਮ੍ਹਾ ਕਰਵਾ ਕੇ ਕਿਸੇ ਹੋਰ ਵਿਅਕਤੀ ਦੇ ਨਾਂ 'ਤੇ ਉਸ ਗੱਡੀ ਨੂੰ ਬਿਨਾਂ ਸਰਕਾਰੀ ਫੀਸ ਦੇ ਟ੍ਰਾਂਸਫਰ ਕਰਨ ਸਬੰਧੀ ਸਬੂਤ ਮਿਲੇ ਹਨ। ਇਸ ਪੂਰੇ ਗੋਰਖਧੰਦੇ ਵਿਚ ਸਰਕਾਰੀ ਫੀਸ ਨੂੰ ਤਕਨੀਕੀ ਤੌਰ 'ਤੇ ਜਮ੍ਹਾ ਨਾ ਕਰਵਾ ਕੇ ਸਰਕਾਰ ਨੂੰ ਮੋਟਾ ਚੂਨਾ ਲਾਇਆ ਜਾ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਪਿਛਲੇ ਲੰਬੇ ਸਮੇਂ ਤੋਂ ਵੱਡੇ ਏਜੰਟਾਂ ਵੱਲੋਂ ਉਕਤ ਕੰਮ ਕੁਝ ਲਾਲਚੀ ਕਿਸਮ ਦੇ ਕਰਮਚਾਰੀਆਂ ਨਾਲ ਮਿਲ ਕੇ ਕੀਤਾ ਜਾ ਰਿਹਾ ਹੈ ਤੇ ਸ਼ਰੇਆਮ ਕਾਇਦੇ-ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਕੀ ਹੈ ਮਾਮਲਾ, ਕਿਵੇਂ ਆਇਆ ਸਾਹਮਣੇ?
ਆਰ. ਟੀ. ਏ. ਦਫਤਰ ਦੇ ਸੂਤਰਾਂ ਦੀ ਮੰਨੀਏ ਤਾਂ ਇਕ ਇਨੋਵਾ ਗੱਡੀ ਨੰ. ਪੀ ਬੀ 08 ਡੀ ਜੀ 2129 ਜਿਸ ਦੀ ਆਰ. ਸੀ. 1 ਜੂਨ, 2016 ਨੂੰ ਡੀ. ਟੀ. ਓ. ਦਫਤਰ ਜਲੰਧਰ ਤੋਂ ਕਿਸੇ ਗੁਰਦੇਵ ਸਿੰਘ ਦੇ ਨਾਂ 'ਤੇ ਜਾਰੀ ਕੀਤੀ ਗਈ ਸੀ, ਉਸ ਗੱਡੀ ਨੂੰ ਟ੍ਰਾਂਸਫਰ ਕਰਵਾਉਣ ਲਈ ਸ਼ਹਿਰ ਦੇ ਇਕ ਵੱਡੇ ਏਜੰਟ ਨੇ ਅੰਮ੍ਰਿਤਸਰ ਆਰ. ਟੀ. ਏ. ਦਫਤਰ ਤੋਂ ਕਿਸੇ ਗੁਰਪ੍ਰੀਤ ਸਿੰਘ ਦੇ ਨਾਂ 'ਤੇ 3000 ਰੁਪਏ ਦੀ ਫੀਸ ਰਸੀਦ ਨੰ. 9616350919104 ਤੋਂ ਮਿਤੀ 21 ਸਤੰਬਰ 2016 ਨੂੰ ਕੱਟਵਾਈ। ਇਸਦੇ ਨਾਲ ਹੀ 400 ਤੇ 220 ਰੁਪਏ ਦੀਆਂ ਦੋ ਫੀਸਾਂ ਵੀ ਕੱਟਵਾਈਆਂ ਗਈਆਂ। ਇਸ ਗੱਡੀ ਨੂੰ ਜਲੰਧਰ ਆਰ. ਟੀ. ਏ. ਦਫਤਰ ਵਿਚ 20 ਦਸੰਬਰ 2017 ਨੂੰ ਕਿਸੇ ਅਨੀਸ਼ ਕੁਮਾਰ ਗੁਪਤਾ ਦੇ ਨਾਂ 'ਤੇ ਟ੍ਰਾਂਸਫਰ ਕੀਤਾ ਗਿਆ ਅਤੇ ਨਵੀਂ ਆਰ. ਸੀ. ਜਾਰੀ ਕੀਤੀ ਗਈ ਪਰ ਇਸ ਪੂਰੇ ਮਾਮਲੇ ਵਿਚ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਜੋ ਸਾਹਮਣੇ ਆਈ ਕਿ ਅਨੀਸ਼ ਕੁਮਾਰ ਗੁਪਤਾ ਦੇ ਨਾਂ 'ਤੇ ਟ੍ਰਾਂਸਫਰ ਕਰਵਾਉਂਦੇ ਸਮੇਂ ਜਮ੍ਹਾ ਕਰਵਾਈ ਗਈ ਟ੍ਰਾਂਸਫਰ ਫੀਸ ਦਾ ਵਿਭਾਗ ਕੋਲ ਕਿਤੇ ਕੋਈ ਜ਼ਿਕਰ ਹੀ ਨਹੀਂ ਹੈ। ਜੇਕਰ ਵਿਭਾਗ ਦੀ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਟੈਕਸ ਪੇਮੈਂਟ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ ਤਾਂ ਗੁਰਪ੍ਰੀਤ ਸਿੰਘ ਦੇ ਨਾਂ 'ਤੇ ਜਮ੍ਹਾ 3000 ਅਤੇ 620 ਦੀ ਫੀਸ ਨਜ਼ਰ ਆਉਂਦੀ ਹੈ ਅਤੇ ਉਸ ਤੋਂ ਬਾਅਦ ਅਨੀਸ਼ ਕੁਮਾਰ ਗੁਪਤਾ ਦੇ ਨਾਂ 'ਤੇ 1920 ਰੁਪਏ ਦੀ ਫੀਸ ਨਜ਼ਰ ਆਉਂਦੀ ਹੈ, ਜੋ ਕਿ ਆਰ. ਸੀ. ਦੀ ਹਾਈਪੋਥੀਕੇਸ਼ਨ ਚੜ੍ਹਾਉਣ ਲਈ ਜਮ੍ਹਾ ਕਰਵਾਈ ਜਾਂਦੀ ਹੈ।
ਵਿਭਾਗ ਕੋਲ ਕਿਤੇ ਵੀ ਅਨੀਸ਼ ਕੁਮਾਰ ਗੁਪਤਾ ਦੇ ਨਾਂ 'ਤੇ ਗੱਡੀ ਟ੍ਰਾਂਸਫਰ ਕਰਵਾਉਣ ਲਈ ਜਮ੍ਹਾ ਕਰਵਾਈ ਗਈ ਫੀਸ ਦਾ ਕੋਈ ਰਿਕਾਰਡ ਹੀ ਨਹੀਂ ਹੈ, ਜਿਸ ਦਾ ਮਤਲਬ ਇਹੀ ਹੈ ਕਿ ਏਜੰਟਾਂ ਨੇ ਬੜੀ ਸਫਾਈ ਨਾਲ ਬਿਨਾਂ ਸਰਕਾਰੀ ਫੀਸ ਜਮ੍ਹਾ ਕਰਵਾਉਂਦੇ ਹੋਏ ਆਰ. ਸੀ. ਟ੍ਰਾਂਸਫਰ ਕਰਵਾ ਲਈ। ਇੰਨਾ ਹੀ ਨਹੀਂ, ਇਸ ਪੂਰੇ ਮਾਮਲੇ ਵਿਚ ਇਕ ਹੋਰ ਗੱਲ ਜੋ ਹੈਰਾਨ ਕਰਨ ਵਾਲੀ ਸਾਹਮਣੇ ਆਈ ਹੈ ਕਿ ਵਿਭਾਗ ਕੋਲ ਮੌਜੂਦਾ ਰਿਕਾਰਡ ਅਨੁਸਾਰ ਪਹਿਲੀ ਵਾਰ ਇਸ ਗੱਡੀ ਦੇ ਮਾਲਕ ਦਾ ਨਾਂ ਗੁਪਦੇਵ ਸਿੰਘ ਨਜ਼ਰ ਆਉਂਦਾ ਹੈ ਅਤੇ ਦੂਸਰੀ ਵਾਰ ਅਨੀਸ਼ ਕੁਮਾਰ ਪਰ ਜਿਸ ਗੁਰਪ੍ਰੀਤ ਸਿੰਘ ਦੇ ਨਾਂ 'ਤੇ ਅੰਮ੍ਰਿਤਸਰ ਤੋਂ ਟ੍ਰਾਂਸਫਰ ਫੀਸ ਜਮ੍ਹਾ ਕਰਵਾਈ ਗਈ ਸੀ, ਉਸਦਾ ਰਿਕਾਰਡ ਵਿਚ ਕਿਤੇ ਕੋਈ ਜ਼ਿਕਰ ਨਹੀਂ ਹੈ। ਉਹ ਬਹੁਤ ਵੱਡਾ ਸਕੈਂਡਲ ਹੈ, ਜਿਸਦੀ ਜਾਂਚ ਕੀਤੀ ਜਾਣੀ ਜ਼ਰੂਰੀ ਹੈ।
ਹਰ ਆਰ. ਸੀ. ਦੀ ਟ੍ਰਾਂਸਫਰ ਲਈ ਫਿਕਸ ਹੈ ਰਿਸ਼ਵਤ ਦਾ ਰੇਟ
ਟਰਾਂਸਪੋਰਟ ਵਿਭਾਗ ਨਾਲ ਡੀਲ ਕਰਨ ਵਾਲੇ ਸਾਰੇ ਲੋਕਾਂ ਨੂੰ ਇਥੇ ਹੋਣ ਵਾਲੇ ਕੰਮਕਾਜ ਦੇ ਤਰੀਕੇ ਚੰਗੀ ਤਰ੍ਹਾਂ ਪਤਾ ਹਨ। ਦਫਤਰ ਵਿਚ ਸ਼ਾਇਦ ਹੀ ਇਸ ਤਰ੍ਹਾਂ ਦਾ ਕੋਈ ਕੰਮ ਹੁੰਦਾ ਹੈ ਜੋ ਬਿਨਾਂ ਰਿਸ਼ਵਤ ਦੇ ਕੀਤਾ ਜਾਂਦਾ ਹੈ। ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਆਰ. ਸੀ. ਟ੍ਰਾਂਸਫਰ ਵਿਚ ਕਿਵੇਂ ਰਿਸ਼ਵਤ ਲਈ ਜਾ ਸਕਦੀ ਹੈ। ਕਿਉਂਕਿ ਆਰ. ਸੀ. ਦੇ ਪੈਸੇ ਤਾਂ ਵਾਹਨ ਡੀਲਰਾਂ ਕੋਲ ਹੀ ਜਮ੍ਹਾ ਕਰਵਾਏ ਜਾਂਦੇ ਹਨ ਅਤੇ ਉਥੇ ਹੀ ਉਨ੍ਹਾਂ ਨੂੰ ਆਰ. ਸੀ. ਮਿਲ ਜਾਂਦੀ ਹੈ। ਇਸ ਤਰ੍ਹਾਂ ਦਫਤਰ ਵਿਚ ਕਲਰਕ ਵੱਲੋਂ ਕਿਵੇਂ ਰਿਸ਼ਵਤ ਲਈ ਜਾ ਸਕਦੀ ਹੈ ਪਰ ਸੱਚਾਈ ਇਹ ਹੈ ਕਿ ਆਰ. ਸੀ. ਸਿੱਧਾ ਦਫਤਰ ਤੋਂ ਬਣੇ ਜਾਂ ਫਿਰ ਵਾਹਨ ਡੀਲਰ ਤੋਂ। ਆਰ. ਸੀ. ਦੀ ਟ੍ਰਾਂਸਫਰ ਲਈ ਰਿਸ਼ਵਤ ਦਾ ਰੇਟ ਫਿਕਸ ਹੈ। ਸਿਰਫ ਸਿਫਾਰਿਸ਼ ਅਤੇ ਉੱਚ ਪੱਧਰ ਦੇ ਅਧਿਕਾਰੀਆਂ ਦੇ ਕੰਮ ਵਿਚ ਰਿਸ਼ਵਤ ਨਹੀਂ ਲਈ ਜਾਂਦੀ ਹੈ ਅਤੇ ਬਾਕੀਆਂ ਵਿਚ ਰਿਸ਼ਵਤ ਲੈਣਾ ਜ਼ਰੂਰੀ ਹੈ।
ਕੀ ਹੈ ਆਰ. ਸੀ. ਟ੍ਰਾਂਸਫਰ ਦੀ ਰਿਸ਼ਵਤ ਦਾ ਰੇਟ?
-ਸਕੂਟਰ ਟ੍ਰਾਂਸਫਰ- 100 ਰੁਪਏ
-ਸਕੂਟਰ ਟ੍ਰਾਂਸਫਰ, ਡੁਪਲੀਕੇਟ ਆਰ. ਸੀ. ਫਾਈਨਾਂਸ ਚੜ੍ਹਾਉਣੀ- 300 ਰੁਪਏ
-ਕਾਰ ਟ੍ਰਾਂਸਫਰ, ਡੁਪਲੀਕੇਟ ਆਰ. ਸੀ. ਫਾਈਨਾਂਸ ਚੜ੍ਹਾਉਣੀ– 600 ਰੁਪਏ
ਇਕ ਕਲਰਕ ਕੋਲ ਹੈ 78 ਸੀਰੀਜ਼ ਦਾ ਕੰਮ
ਟਰਾਂਸਪੋਰਟ ਵਿਭਾਗ ਵਿਚ ਹਰ ਕਲਰਕ ਨੂੰ ਵੱਖ-ਵੱਖ ਕੰਮ ਦਿੱਤੇ ਜਾਂਦੇ ਹਨ। ਮੌਜੂਦਾ ਸਮੇਂ ਅੰਦਰ ਕਈ ਕਲਰਕਾਂ ਕੋਲ ਆਰ. ਸੀ. ਦੀ ਵੱਖ-ਵੱਖ ਸੀਰੀਜ਼ ਦਾ ਕੰਮ ਸੌਂਪਿਆ ਗਿਆ ਹੈ। ਇਕ ਕਲਰਕ ਦੇ ਕੋਲ ਕੁਲ 78 ਸੀਰੀਜ਼ ਦਾ ਕੰਮ ਦਿੱਤਾ ਗਿਆ ਹੈ। ਯਾਦ ਰਹੇ ਕਿ ਇਕ ਸੀਰੀਜ਼ ਵਿਚ ਕੁੱਲ 9999 ਨੰਬਰ ਹੁੰਦੇ ਹਨ। ਇਸ ਹਿਸਾਬ ਵਿਚ ਉਕਤ ਕਲਰਕ ਕੋਲ ਕੁੱਲ 7 ਲੱਖ 79 ਹਜ਼ਾਰ 922 ਆਰ. ਸੀਜ਼ ਦਾ ਕੰਮ ਹੈ।
300 ਰੁਪਏ ਦੇ ਹਿਸਾਬ ਨਾਲ ਬਣਦੀ ਹੈ 23 ਕਰੋੜ ਤੋਂ ਵੱਧ ਰਾਸ਼ੀ ਦੀ ਰਿਸ਼ਵਤ
ਜੇਕਰ ਸਿਰਫ ਇਕ ਕਲਰਕ ਜਿਸਦੇ ਕੋਲ 78 ਸੀਰੀਜ਼ ਦਾ ਕੰਮ ਹੈ, ਦਫਤਰ ਵਿਚ ਚੱਲ ਰਹੇ ਰੁਟੀਨ ਰਿਸ਼ਵਤ ਦੇ ਹਿਸਾਬ ਨਾਲ ਜੇਕਰ ਥੋੜ੍ਹੇ ਪੈਸੇ ਮੰਨਦੇ ਹੋਏ ਔਸਤਨ ਇਕ ਆਰ. ਸੀ. ਲਈ 300 ਰੁਪਏ ਰਿਸ਼ਵਤ ਰਾਸ਼ੀ ਮੰਨ ਲਈ ਜਾਵੇ ਤਾਂ 7 ਲੱਖ 79 ਹਜ਼ਾਰ 922 ਆਰ. ਸੀਜ਼ ਲਈ 23 ਕਰੋੜ 39 ਲੱਖ 76 ਹਜ਼ਾਰ 600 ਰੁਪਏ ਰਿਸ਼ਵਤ ਦੀ ਰਾਸ਼ੀ ਬਣ ਜਾਂਦੀ ਹੈ।
'ਕ' ਅੱਖਰ ਵਾਲਾ ਕਰਿੰਦਾ ਕਰਦੈ ਕਲਰਕ ਦਾ ਸਾਰਾ ਕੰਮ
'ਕ' ਅੱਖਰ ਵਾਲਾ ਕਲਰਕ ਦਾ ਕਰਿੰਦਾ ਹੈ, ਜੋ ਉਕਤ ਸਾਰੇ ਕੰਮ ਨੂੰ ਅੰਜਾਮ ਦੇ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕੁਝ ਸਾਲ ਪਹਿਲਾਂ ਜਦੋਂ ਉਕਤ ਕਰਿੰਦੇ ਕੋਲ ਨਵੀ ਆਰ. ਸੀਜ਼ ਦਾ ਕੰਮ ਸੀ, ਉਸ ਸਮੇਂ ਉਸ ਦੇ ਗਲਤ ਕੰਮ ਕਰਨ 'ਤੇ ਕਿਸੇ ਏਜੰਟ ਵੱਲੋਂ ਕੁੱਟਮਾਰ ਵੀ ਕੀਤੀ ਗਈ ਸੀ।
ਅਧਿਕਾਰੀਆਂ ਦਾ ਢਿੱਲਾ ਰਵੱਈਆ ਏਜੰਟਾਂ ਲਈ ਮਦਦਗਾਰ
ਲੰਬੇ ਸਮੇਂ ਤੋਂ ਵੱਡੇ ਏਜੰਟ ਇਸ ਤਰ੍ਹਾਂ ਗਲਤ ਕੰਮਾਂ ਨੂੰ ਅੰਜਾਮ ਦੇਣ ਵਿਚ ਲੱਗੇ ਹੋਏ ਹਨ। ਵਿਭਾਗ ਦੇ ਅਧਿਕਾਰੀਆਂ ਦਾ ਢਿੱਲਾ ਰਵੱਈਆ ਇਸ ਤਰ੍ਹਾਂ ਦੇ ਏਜੰਟਾਂ ਲਈ ਮਦਦਗਾਰ ਸਾਬਿਤ ਹੋ ਰਿਹਾ ਹੈ। ਅੱਜ ਤੱਕ ਕਿਸੇ ਵੀ ਵੱਡੇ ਏਜੰਟ ਜਾਂ ਸਰਕਾਰੀ ਕਰਮਚਾਰੀ ਖਿਲਾਫ ਗਲਤ ਕੰਮ ਕਰਨ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ ਜਾ ਸਕੀ ਹੈ, ਜਿਸ ਨਾਲ ਵੱਡੇ ਏਜੰਟਾਂ ਦੇ ਹੌਸਲੇ ਕਾਫੀ ਬੁਲੰਦ ਹੋ ਚੁੱਕੇ ਹਨ ਅਤੇ ਉਹ ਰੋਜ਼ਾਨਾ ਇਸ ਤਰਾਂ ਦੇ ਨਾਜਾਇਜ਼ ਕੰਮਾਂ ਨੂੰ ਅੰਜਾਮ ਦੇਣ ਵਿਚ ਲੱਗੇ ਹੋਏ ਹਨ।