ਸਪਾਰਕਿੰਗ ਹੋਣ ਨਾਲ 10 ਏਕੜ ਕਣਕ ਸੜ ਕੇ ਸੁਆਹ
Friday, Apr 20, 2018 - 04:37 AM (IST)

ਪੱਟੀ, (ਸੌਰਭ)- ਪਿੰਡ ਸਭਰਾ ਵਿਖੇ ਬਿਜਲੀ ਦੀਆਂ ਤਾਰਾਂ ਸਪਾਰਕਿੰਗ ਹੋਣ ਨਾਲ 10 ਏਕੜ ਕਣਕ ਸੜ ਕੇ ਸੁਆਹ ਹੋ ਗਈ। ਜਾਣਕਾਰੀ ਦਿੰਦਿਆਂ ਕਿਸਾਨ ਰਣਜੀਤ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਸਭਰਾ ਨੇ ਦੱਸਿਆ ਕਿ ਸਾਡੀ 5 ਏਕੜ ਕਣਕ ਦੀ ਫਸਲ ਬਿਜਲੀ ਦੀਆਂ ਤਾਰਾਂ ਸਪਾਰਕਿੰਗ ਹੋਣ ਨਾਲ ਸੜ ਕੇ ਸੁਆਹ ਹੋ ਗਈ ਹੈ। ਇਸੇ ਤਰ੍ਹਾਂ ਪੀੜਤ ਕਿਸਾਨ ਮੰਗਲ ਸਿੰਘ ਪੁੱਤਰ ਧਰਮ ਸਿੰਘ ਵਾਸੀ ਸਭਰਾ ਨੇ ਦੱਸਿਆ ਕਿ ਸਾਡੀ 5 ਏਕੜ ਪੱਕੀ ਹੋਈ ਫਸਲ ਵੀ ਬਿਜਲੀ ਦੀਆਂ ਤਾਰਾਂ 'ਚ ਸਪਾਰਕਿੰਗ ਹੋਣ ਨਾਲ ਸੜ ਗਈ। ਉਨ੍ਹਾਂ ਕਿਹਾ ਕਿ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਸਾਡਾ ਕਾਫੀ ਨੁਕਸਾਨ ਹੋ ਗਿਆ। ਉਨ੍ਹਾਂ ਨੇ ਘਟਨਾ ਸਬੰਧੀ ਜ਼ਿਲਾ ਪ੍ਰਸ਼ਾਸਨ ਤੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਦੌਰਾਨ ਤਹਿਸੀਲਦਾਰ ਪੱਟੀ ਸਰਬਜੀਤ ਸਿੰਘ ਥਿੰਦ ਅਤੇ ਪੁਲਸ ਅਧਿਕਾਰੀਆਂ ਨੇ ਮੌਕੇ 'ਤੇ ਜਾ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਸਾਰੀ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਬਣਦਾ ਯੋਗ ਮੁਆਵਜ਼ਾ ਛੇਤੀ ਹੀ ਸਰਕਾਰ ਵੱਲੋਂ ਜਾਰੀ ਕਰਵਾ ਦਿੱਤਾ ਜਾਵੇਗਾ। ਮੌਕੇ 'ਤੇ ਪਹੁੰਚੀ ਥਾਣਾ ਸਦਰ ਪੱਟੀ ਦੀ ਪੁਲਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।