ਚੰਡੀਗੜ੍ਹ ''ਚ ਮੀਂਹ ਤੋਂ ਬਾਅਦ ਤਾਪਮਾਨ ''ਚ ਭਾਰੀ ਗਿਰਾਵਟ, ਵਧੇਗੀ ਠੰਡ
Friday, Nov 16, 2018 - 01:10 PM (IST)

ਚੰਡੀਗੜ੍ਹ (ਰੋਹਿਲਾ) : ਬੁੱਧਵਾਰ ਰਾਤ ਸ਼ਹਿਰ 'ਚ ਪਏ ਮੀਂਹ ਤੋਂ ਬਾਅਦ ਠੰਡ ਵਧ ਗਈ। ਸ਼ਹਿਰ ਦੇ ਕਈ ਸੈਕਟਰਾਂ 'ਚ ਗੜੇ ਵੀ ਪਏ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪਹਾੜਾਂ 'ਚ ਹੋਈ ਬਰਫਬਾਰੀ ਕਾਰਨ ਚੰਡੀਗੜ੍ਹ 'ਚ ਮੀਂਹ ਪਿਆ ਹੈ। ਹੁਣ ਆਉਣ ਵਾਲੇ ਦਿਨਾਂ 'ਚ ਠੰਡ ਆਪਣਾ ਕਹਿਰ ਦਿਖਾਏਗੀ। ਵੀਰਵਾਰ ਨੂੰ ਸ਼ਹਿਰ ਦੇ ਤਾਪਮਾਨ 'ਚ 4 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਬੀਤੇ ਦਿਨ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਘੱਟ ਤੋਂ ਘੱਟ ਤਾਪਮਾਨ 13.8 ਡਿਗਰੀ ਸੈਲਸੀਅਸ ਰਿਹਾ।
ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ ਦੋ-ਤਿੰਨ ਦਿਨਾਂ ਤਕ ਤਾਪਮਾਨ 'ਚ ਹੋਰ ਗਿਰਾਵਟ ਆਏਗੀ। ਨਵੰਬਰ 'ਚ ਅੱਠ ਸਾਲਾਂ 'ਚ ਸਭ ਤੋਂ ਜ਼ਿਆਦਾ ਮੀਂਹ ਪਿਆ। ਅਕਸਰ ਨਵੰਬਰ 'ਚ ਹਲਕੀ ਬੂੰਦਾਬਾਂਦੀ ਨਾਲ ਹੀ ਠੰਡ ਸ਼ੁਰੂ ਹੋ ਜਾਂਦੀ ਹੈ। ਇਸ ਸਾਲ ਨਵੰਬਰ 'ਚ ਪਏ ਮੀਂਹ ਨੇ ਪਿਛਲੇ ਅੱਠ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਬੁੱਧਵਾਰ ਨੂੰ ਸ਼ਹਿਰ 'ਚ 5.3 ਐੱਮ. ਐੱਮ. ਮੀਂਹ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਵੀ 3 ਨਵੰਬਰ ਨੂੰ 3.1 ਐੱਮ. ਐੱਮ. ਮੀਂਹ ਪਿਆ ਸੀ। ਕੁੱਲ ਮਿਲਾ ਕੇ ਇਸ ਮਹੀਨੇ 'ਚ 8. 4 ਐੱਮ. ਐੱਮ. ਮੀਂਹ ਪਿਆ ਹੈ, ਜੋ ਪਿਛਲੇ ਅੱਠ ਸਾਲਾਂ 'ਚ ਸਭ ਤੋਂ ਜ਼ਿਆਦਾ ਹੈ।