ਮਾਰਚ ਮਹੀਨੇ ਠੰਡ ਦਾ ਨਜ਼ਾਰਾ, 5 ਡਿਗਰੀ ਡਿੱਗਿਆ ਪਾਰਾ

Wednesday, Mar 06, 2024 - 01:19 PM (IST)

ਮਾਰਚ ਮਹੀਨੇ ਠੰਡ ਦਾ ਨਜ਼ਾਰਾ, 5 ਡਿਗਰੀ ਡਿੱਗਿਆ ਪਾਰਾ

ਚੰਡੀਗੜ੍ਹ (ਪਾਲ) : ਸ਼ਹਿਰ 'ਚ ਮੰਗਲਵਾਰ ਨੂੰ ਮੌਸਮ ਸਾਫ਼ ਰਿਹਾ ਪਰ ਹਵਾ 'ਚ ਠੰਡਕ ਰਹੀ। ਪਿਛਲੇ ਦਿਨੀਂ ਪਏ ਮੀਂਹ ਦਾ ਤਾਪਮਾਨ ’ਤੇ ਵੱਡਾ ਅਸਰ ਪੈ ਰਿਹਾ ਹੈ। ਦਿਨ ਦੇ ਤਾਪਮਾਨ 'ਚ 5 ਡਿਗਰੀ ਅਤੇ ਰਾਤ ਦੇ ਤਾਪਮਾਨ ''ਚ ਵੀ 5 ਡਿਗਰੀ ਦੀ ਗਿਰਾਵਟ ਦਰਜ ਹੋਈ। ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 19.7 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 5 ਡਿਗਰੀ ਘੱਟ ਸੀ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 5 ਡਿਗਰੀ ਹੇਠਾਂ ਆ ਕੇ 7.6 ਦਰਜ ਕੀਤਾ ਗਿਆ।

ਮੌਸਮ ਵਿਭਾਗ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ 5 ਸਾਲ ਬਾਅਦ ਮਾਰਚ ਮਹੀਨੇ 'ਚ ਇੰਨਾ ਘੱਟ ਤਾਪਮਾਨ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 1 ਮਾਰਚ 2019 ਨੂੰ ਘੱਟੋ-ਘੱਟ ਤਾਪਮਾਨ 7 ਡਿਗਰੀ ਦਰਜ ਕੀਤਾ ਗਿਆ ਸੀ। ਇਹ 14 ਸਾਲਾਂ ਵਿਚ ਦੂਜੀ ਵਾਰ ਹੈ ਜਦੋਂ ਮਾਰਚ ’ਚ ਏਨਾ ਘੱਟ ਤਾਪਮਾਨ ਦਰਜ ਹੋਇਆ ਹੈ। ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਏ. ਕੇ. ਸਿੰਘ ਦਾ ਕਹਿਣਾ ਹੈ ਕਿ ਪਿਛਲੇ ਹਫ਼ਤੇ ਪਏ ਮੀਂਹ ਦਾ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੂੰ ਪੋਸਟ ਇਫੈਕਟ ਕਿਹਾ ਜਾਂਦਾ ਹੈ।

ਜਦੋਂ ਵੀ ਅਜਿਹੀ ਗਤੀਵਿਧੀ ਹੁੰਦੀ ਹੈ, ਤਾਪਮਾਨ ਪਹਿਲਾਂ ਵੱਧਦਾ ਹੈ ਅਤੇ ਫਿਰ ਡਿੱਗਦਾ ਹੈ। ਪਹਾੜਾਂ ਅਤੇ ਆਸ-ਪਾਸ ਦੇ ਇਲਾਕਿਆਂ 'ਚ ਗੜ੍ਹੇਮਾਰੀ ਅਤੇ ਮੀਂਹ ਕਾਰਨ ਤਾਪਮਾਨ 'ਚ ਕਮੀ ਆਈ ਹੈ। ਜਦੋਂ ਢਲਾਣਾਂ 'ਤੇ ਡਿੱਗੀ ਬਰਫ਼ ਖ਼ਿਸਕਣੀ ਸ਼ੁਰੂ ਹੋ ਜਾਂਦੀ ਹੈ, ਉਸ ਸਮੇਂ ਇਹ ਠੰਡੀ ਹਵਾ ਵਗਦੀ ਹੈ। ਅਜਿਹੀ ਸੂਰਤ ’ਚ ਠੰਢ ਜ਼ਿਆਦਾ ਮਹਿਸੂਸ ਹੁੰਦੀ ਹੈ। ਦੋ ਦਿਨਾਂ ’ਚ ਮੁੜ ਮੌਸਮ 'ਚ ਬਦਲਾਅ ਆਵੇਗਾ। ਤਾਪਮਾਨ ਵਧਣਾ ਸ਼ੁਰੂ ਹੋ ਜਾਵੇਗਾ।


author

Babita

Content Editor

Related News