ਠੇਕੇ ਤੋਂ ਸ਼ਰਾਬ ਉਧਾਰ ਨਾ ਮਿਲਣ ’ਤੇ ਕੀਤੀ ਪੱਥਰਬਾਜ਼ੀ, 10 ਨਾਮਜ਼ਦ
Saturday, Apr 17, 2021 - 04:52 PM (IST)
ਮੋਗਾ (ਅਜ਼ਾਦ) : ਪਿੰਡ ਰਾਜੇਆਣਾ ’ਚ ਸ਼ਰਾਬ ਠੇਕੇਦਰ ਦੇ ਕਰਿੰਦੇ ਵੱਲੋਂ ਉਧਾਰ ਵਿਚ ਸ਼ਰਾਬ ਨਾ ਦੇਣ ’ਤੇ ਸ਼ਰਾਬ ਲੈਣ ਆਏ ਨੌਜਵਾਨਾਂ ਵੱਲੋਂ ਠੇਕੇ ’ਤੇ ਪੱਥਰਬਾਜ਼ੀ ਕੀਤੇ ਜਾਣ ਦਾ ਪਤਾ ਲੱਗਾ ਹੈ। ਇਸ ਪੱਥਰਬਾਜ਼ੀ ਨਾਲ ਗੱਡੀ ਦਾ ਸ਼ੀਸ਼ਾ ਵੀ ਟੁੱਟ ਗਿਆ। ਇਸ ਸਬੰਧ ਵਿਚ ਗੋਰਾ ਸਿੰਘ, ਸੁੱਖਾ ਸਿੰਘ ਪਿੰਡ ਰਾਜੇਆਣਾ ਅਤੇ 7-8 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਗੁਰਦੀਪ ਸਿੰਘ ਵਾਸੀ ਬਾਘਾ ਪੁਰਾਣਾ ਨੇ ਕਿਹਾ ਕਿ ਉਸ ਦੇ ਕੋਲ ਪਿੰਡ ਰਾਜੇਆਣਾ ਦਾ ਠੇਕਾ ਹੈ। ਮੈਨੂੰ ਠੇਕੇ ’ਤੇ ਕੰਮ ਕਰਨ ਵਾਲੇ ਮੁੰਡੇ ਨੇ ਫੋਨ ’ਤੇ ਦੱਸਿਆ ਕਿ ਕੁੱਝ ਨੌਜਵਾਨ ਮੁੰਡੇ ਠੇਕੇ ’ਤੇ ਉਧਾਰ ਸ਼ਰਾਬ ਲੈਣ ਦੇ ਲਈ ਆਏ ਸਨ, ਜਿਸ ਨੂੰ ਦੇਣ ਤੋਂ ਉਸ ਨੇ ਮਨ੍ਹਾਂ ਕਰ ਦਿੱਤਾ। ਇਸ ਕਾਰਨ ਉਨ੍ਹਾਂ ਗੁੱਸੇ ਵਿਚ ਆ ਕੇ ਉਕਤ ਨੌਜਵਾਨਾਂ ਨੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ।
ਜਦ ਗੁਰਦੀਪ ਸਿੰਘ ਆਪਣੀ ਗੱਡੀ ’ਤੇ ਪਿੰਡ ਰਾਜੇਆਣਾ ਪਹੁੰਚਿਆ ਅਤੇ ਪੱਥਰਬਾਜ਼ੀ ਕਰਨ ਵਾਲੇ ਨੌਜਵਾਨਾਂ ਨੂੰ ਰੋਕਿਆ, ਪਰ ਉਨ੍ਹਾਂ ਉਸ ਵੱਲ ਵੀ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਣ ਗੱਡੀ ਦਾ ਅਗਲਾ ਸ਼ੀਸ਼ਾ ਟੁੱਅ ਗਿਆ, ਜਦੋਂ ਅਸੀਂ ਰੌਲਾ ਪਾਇਆ ਤਾਂ ਸਾਰੇ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਥਾਣਾ ਬਾਘਾ ਪੁਰਾਣਾ ਦੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ, ਗ੍ਰਿਫ਼ਤਾਰੀ ਬਾਕੀ ਹੈ।