ਨਾਜਾਇਜ਼ ਸ਼ਰਾਬ ਦੀਅਾਂ 21 ਪੇਟੀਅਾਂ ਬਰਾਮਦ, ਸਮੱਗਲਰ ਫਰਾਰ
Monday, Jul 23, 2018 - 08:10 AM (IST)

ਮਲੋਟ (ਜੁਨੇਜਾ) - ਥਾਣਾ ਸਿਟੀ ਪੁਲਸ ਨੇ ਇਕ ਸਕਾਰਪੀਓ ਕਾਰ ’ਚੋਂ ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ, ਜਦਕਿ ਸ਼ਰਾਬ ਸਮੱਗਲਰ ਫਰਾਰ ਹੋਣ ’ਚ ਕਾਮਯਾਬ ਹੋ ਗਏ। ਥਾਣਾ ਸਿਟੀ ਦੇ ਮੁੱਖ ਅਫ਼ਸਰ ਜਸਵੀਰ ਸਿੰਘ ਨੇ ਦੱਸਿਆ ਕਿ ਹੌਲਦਾਰ ਕੁਲਦੀਪ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਕਿ ਲਵਿਸ਼ ਕੁਮਾਰ ਵਾਸੀ ਵਾਰਡ ਨੰ. 5 ਮਲੋਟ, ਸੰਨੀ ਖੁੰਗਰ ਵਾਸੀ ਵਾਰਡ ਨੰ. 8 ਮਲੋਟ ਇਕ ਕਾਲੇ ਰੰਗ ਦੀ ਸਕਾਰਪੀਓ ਕਾਰ (ਨੰਬਰ ਪੀ ਬੀ 22 ਐੱਚ 2829) ਰਾਹੀਂ ਹਰਿਆਣਾ ਤੋਂ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਲਿਆ ਕੇ ਮਲੋਟ ਸ਼ਹਿਰ ’ਚ ਵੇਚਣ ਦਾ ਧੰਦਾ ਕਰਦੇ ਹਨ। ਬੀਤੀ ਰਾਤ ਉਹ ਹਰਿਆਣਾ ਤੋਂ ਸ਼ਰਾਬ ਲਿਆ ਰਹੇ ਸਨ ਕਿ ਉਕਤ ਕਾਰ ਦਾਨੇਵਾਲਾ ਨੇਡ਼ੇ ਹਾਦਸੇ ਦਾ ਸ਼ਿਕਾਰ ਹੋ ਕੇ ਖਤਾਨਾਂ ਵਿਚ ਚਲੀ ਗਈ, ਜੇਕਰ ਹੁਣ ਕਾਰਵਾਈ ਕੀਤੀ ਜਾਵੇ ਤਾਂ ਇਹ ਵਿਅਕਤੀ ਰੰਗੇ ਹੱਥੀਂ ਕਾਬੂ ਆ ਸਕਦੇ ਹਨ। ਪੁਲਸ ਪਾਰਟੀ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਉਕਤ ਕਾਰ ’ਚੋਂ ਨਾਜਾਇਜ਼ ਸ਼ਰਾਬ ਦੀਅਾਂ 21 ਪੇਟੀਆਂ ਬਰਾਮਦ ਹੋਈਅਾਂ, ਜਦਕਿ ਸ਼ਰਾਬ ਸਮੱਗਲਰ ਫਰਾਰ ਹੋਣ ’ਚ ਸਫਲ ਹੋ ਗਏ। ਫਰਾਰ ਹੋਏ ਉਕਤ ਸਮੱਗਲਰਾਂ ਵਿਰੁੱਧ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।