213 ਪੇਟੀਆਂ ਨਾਜਾਇਜ਼ ਸ਼ਰਾਬ ਦਾ ਟੈਂਪੂ ਫੜਿਆ

Monday, Dec 11, 2017 - 08:01 AM (IST)

ਸਮਰਾਲਾ  (ਬੰਗੜ, ਗਰਗ) - ਸਮਰਾਲਾ ਪੁਲਸ ਵਲੋਂ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਤਹਿਤ ਨਾਜਾਇਜ਼ ਸ਼ਰਾਬ ਦਾ ਭਰਿਆ ਇਕ ਟੈਂਪੂ ਫੜਿਆ ਗਿਆ, ਜਦਕਿ ਮੌਕੇ ਤੋਂ ਟੈਂਪੂ ਚਾਲਕ ਫਰਾਰ ਹੋਣ ਵਿਚ ਸਫਲ ਹੋ ਗਿਆ, ਜਿਸ ਨੂੰ ਬਾਅਦ ਵਿਚ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ। ਟੈਂਪੂ ਵਿਚੋਂ 213 ਪੇਟੀਆਂ ਅੰਗਰੇਜ਼ੀ ਸ਼ਰਾਬ ਦੀਆਂ ਫੜੀਆਂ ਗਈਆਂ। ਥਾਣਾ ਸਮਰਾਲਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਐੱਚ. ਓ. ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਨੀਲੋਂ ਪੁਲ 'ਤੇ ਕੀਤੀ ਗਈ ਨਾਕਾਬੰਦੀ ਦੌਰਾਨ ਸਮਰਾਲਾ ਵਲੋਂ ਇਕ ਟਾਟਾ 407 ਟੈਂਪੂ (ਪੀ. ਬੀ. 10 ਐੱਫ. ਐੱਫ.-8878) ਆਉਂਦਾ ਦਿਖਾਈ ਦਿੱਤਾ। ਪੁਲਸ ਵਲੋਂ ਉਸਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਚਾਲਕ ਨਾਕੇ ਤੋਂ 100 ਗਜ਼ ਪਿੱਛੇ ਹੀ ਟੈਂਪੂ ਛੱਡ ਕੇ ਭੱਜ ਗਿਆ। ਪੁਲਸ ਨੇ ਜਦੋਂ ਟੈਂਪੂ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 213 ਪੇਟੀਆਂ ਸ਼ਰਾਬ ਦੀਆਂ ਬਰਾਮਦ ਹੋਈਆਂ।
ਪੁਲਸ ਤਫਤੀਸ਼ ਦੌਰਾਨ ਇਹ ਸ਼ਰਾਬ ਨਾਜਾਇਜ਼ ਪਾਈ ਗਈ। ਪੁਲਸ ਵਲੋਂ ਲਈ ਗਈ ਤਲਾਸ਼ੀ ਦੌਰਾਨ ਫਰਾਰ ਹੋਏ ਸਮੱਗਲਰ ਦਾ ਸ਼ਨਾਖਤੀ ਕਾਰਡ ਟੈਂਪੂ ਵਿਚੋਂ ਬਰਾਮਦ ਕਰ ਲਿਆ ਗਿਆ, ਜਿਸਦੇ ਆਧਾਰ 'ਤੇ ਕੀਤੀ ਗਈ ਪੁਲਸ ਕਾਰਵਾਈ ਦੌਰਾਨ ਸੁਨੀਲ ਕੁਮਾਰ ਪੁੱਤਰ ਦਿਨੇਸ਼ ਕੁਮਾਰ ਵਾਸੀ ਪਿੰਡ ਮੇਹਰਬਾਨ ਨੂੰ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ।
ਥਾਣਾ ਮੁਖੀ ਨੇ ਕਿਹਾ ਕਿ ਨਸ਼ਾ ਸਮੱਗਲਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ ਤੇ ਆਉਣ ਵਾਲੇ ਦਿਨਾਂ ਵਿਚ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਦੌਰਾਨ ਨਸ਼ਿਆਂ ਦੇ ਵੱਡੇ ਸਮੱਗਲਰ ਜਲਦੀ ਹੀ ਸਲਾਖਾਂ ਦੇ ਪਿੱਛੇ ਹੋਣਗੇ।


Related News