ਕੀ ਟਰੂਡੋ 9 ਕਥਿਤ ਅੱਤਵਾਦੀਆਂ ਦੀ ਸੂਚੀ ''ਤੇ ਕਾਰਵਾਈ ਕਰਨਗੇ?
Friday, Feb 23, 2018 - 06:54 AM (IST)

ਅੰਮ੍ਰਿਤਸਰ,ਚੰਡੀਗੜ - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਜਿਥੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਉਥੇ ਕੈਪਟਨ ਵੱਲੋਂ ਟਰੂਡੋ ਨੂੰ ਕੈਨੇਡਾ 'ਚ ਸਰਗਰਮ ਏ-ਕਲਾਸ ਦੇ 9 ਕਥਿਤ ਅੱਤਵਾਦੀਆਂ ਦੀ ਸੂਚੀ ਨੂੰ ਲੈ ਕੇ ਵੀ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਮੁੱਖ ਮੰਤਰੀ ਨੇ ਟਰੂਡੋ ਨਾਲ ਗੱਲਬਾਤ ਦੌਰਾਨ ਕੈਨੇਡਾ ਵਿਚ ਕੁਝ ਅਨਸਰਾਂ ਵੱਲੋਂ ਅੱਤਵਾਦੀ ਸਰਗਰਮੀਆਂ ਨੂੰ ਸਮਰਥਨ ਦੇਣ ਦੀ ਗੱਲ ਕਰਨ ਦੇ ਨਾਲ-ਨਾਲ ਪੰਜਾਬ 'ਚ ਨਫਰਤੀ ਅਪਰਾਧਾਂ ਵਿਚ ਸ਼ਾਮਲ ਵਿਅਕਤੀਆਂ ਦੀ ਸੂਚੀ ਸੌਂਪੀ, ਜੋ ਅੱਤਵਾਦੀ ਕਾਰਵਾਈਆਂ ਲਈ ਵਿੱਤੀ ਸਹਾਇਤਾ ਅਤੇ ਹਥਿਆਰਾਂ ਦੀ ਸਪਲਾਈ ਦੇ ਨਾਲ ਇਨ੍ਹਾਂ ਵਿਅਕਤੀਆਂ ਦੀ ਸਹਾਇਤਾ ਵੀ ਕਰ ਰਹੇ ਹਨ। ਇਸ ਸੂਚੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਸਾਹਮਣੇ ਆਈਆਂ ਹਨ। ਹੁਣ ਸਵਾਲ ਇਹ ਉਠਦਾ ਹੈ ਕਿ ਕੀ ਟਰੂਡੋ ਉਪਰੋਕਤ ਸੂਚੀ 'ਚ ਦੱਸੇ 9 ਕਥਿਤ ਅੱਤਵਾਦੀਆਂ ਵਿਰੁੱਧ ਕਾਰਵਾਈ ਕਰਨਗੇ?
ਵਪਾਰ ਅਤੇ ਸਿੱਖਿਆ ਦੇ ਮੁੱਦੇ 'ਤੇ ਕਰਨੀ ਚਾਹੀਦੀ ਸੀ ਗੱਲ : ਕੁਲਬੀਰ ਸਿੰਘ
ਆਮ ਆਦਮੀ ਪਾਰਟੀ ਦੇ ਮਾਝਾ ਜ਼ੋਨ ਦੇ ਪ੍ਰਧਾਨ ਕੁਲਬੀਰ ਸਿੰਘ ਨੇ ਕਿਹਾ ਕਿ ਹਰ ਦੇਸ਼ ਦਾ ਆਪਣਾ ਕਾਨੂੰਨ ਹੁੰਦਾ ਹੈ, ਫਰਕ ਹੈ ਤਾਂ ਦੋਵਾਂ ਦੇਸ਼ਾਂ ਦੇ ਸਿਸਟਮ ਵਿਚ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਕੈਨੇਡਾ ਦੀ ਸਰਕਾਰ ਆਪਣੇ ਦੇਸ਼ ਵਿਚ ਕਿਸੇ ਵੀ ਤਰ੍ਹਾਂ ਦੀ ਗਲਤ ਕਾਰਵਾਈ ਨੂੰ ਸਮਰਥਨ ਦਿੰਦੀ ਹੋਵੇਗੀ। ਉਨ੍ਹਾਂ ਕੈਪਟਨ ਵੱਲੋਂ ਸੌਂਪੀ ਸੂਚੀ ਬਾਰੇ ਕਿਹਾ ਕਿ ਇਹ ਕੋਈ ਵੱਡਾ ਮੁੱਦਾ ਨਹੀਂ ਸੀ।
ਟਰੂਡੋ ਨੂੰ ਸੌਂਪੀ ਸੂਚੀ ਜਨਤਕ ਕਰੇ ਕੈਪਟਨ : ਪੀਰ ਮੁਹੰਮਦ
ਸਿੱਖ ਸਟੂਡੈਂਟ ਫੈੱਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸਰਕਾਰ ਨੂੰ ਇਸ ਤਰ੍ਹਾਂ ਦੀ ਸੂਚੀ ਦੇਣੀ ਬੰਦ ਕਰਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਵੀ ਕੈਨੇਡਾ ਦੇ ਸੰਸਦ ਮੈਂਬਰ ਰਾਜ ਗਰੇਵਾਲ, ਅਮਰਜੀਤ ਸਿੰਘ ਸੋਹੀ ਤੇ ਹਾਲ ਹੀ 'ਚ 38 ਸਾਲਾਂ ਬਾਅਦ ਵਤਨ ਵਰਤੇ ਪਰਮਜੀਤ ਸਿੰਘ ਰੰਧਾਵਾ ਆਪਣੀ ਆਪ-ਬੀਤੀ ਸੁਣਾ ਚੁੱਕੇ ਹਨ ਅਤੇ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਹੀ ਕਾਲੀ ਸੂਚੀ ਵਿਚ ਸ਼ਾਮਲ ਕਰ ਕੇ ਆਪਣੇ ਦੇਸ਼ ਤੋਂ ਦੂਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਚਾਹੀਦਾ ਹੈ ਕਿ ਪਹਿਲਾਂ ਤਾਂ ਉਹ ਟਰੂਡੋ ਨੂੰ ਸੌਂਪੀ ਸੂਚੀ ਜਨਤਕ ਕਰਨ।
ਕੈਪਟਨ ਵੱਲੋਂ ਸੌਂਪੀ ਸੂਚੀ ਪੰਜਾਬ ਲਈ ਸਹੀ ਕਦਮ : ਚੁੱਘ
ਭਾਜਪਾ ਦੇ ਸੀਨੀਅਰ ਨੇਤਾ ਤਰੁਣ ਚੁੱਘ ਨੇ ਮੁੱਖ ਮੰਤਰੀ ਵੱਲੋਂ ਸੌਂਪੀ ਗਈ ਸੂਚੀ ਨੂੰ ਸਹੀ ਦੱਸਦਿਆਂ ਕਿਹਾ ਕਿ ਦੇਸ਼ ਦੀ ਕਾਨੂੰਨ ਵਿਵਸਥਾ ਦੀ ਜਿਥੇ ਗੱਲ ਆਉਂਦੀ ਹੈ ਤਾਂ ਇਸ ਦੇ ਲਈ ਇਸ ਨੂੰ ਸੁਚਾਰੂ ਬਣਾਈ ਰੱਖਣ ਲਈ ਸਹੀ ਕਦਮ ਚੁੱਕਣਾ ਸਰਕਾਰਾਂ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਪੰਜਾਬ ਜੋ ਕਿ ਸਰਹੱਦੀ ਖੇਤਰ ਨਾਲ ਜੁੜਿਆ ਹੋਇਆ ਹੈ, ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਪੰਜਾਬ ਸਰਕਾਰ 'ਤੇ ਹੈ। ਅਜਿਹੇ 'ਚ ਇਥੇ ਕਿਸੇ ਵੀ ਤਰ੍ਹਾਂ ਦੀਆਂ ਅੱਤਵਾਦੀ ਜਾਂ ਅਪਰਾਧਿਕ ਸਰਗਰਮੀਆਂ ਨੂੰ ਰੋਕਣ ਲਈ ਯਤਨ ਕਰਨਾ ਸਹੀ ਕਦਮ ਹੈ। ਚਾਹੇ ਕੈਨੇਡਾ ਦੀ ਧਰਤੀ ਹੋਵੇ ਜਾਂ ਭਾਰਤ ਦੀ, ਦੋਵਾਂ 'ਤੇ ਹੀ ਅੱਤਵਾਦੀ ਸਰਗਰਮੀਆਂ ਹੋਣਾ ਜਾਂ ਉਨ੍ਹਾਂ ਨੂੰ ਸਮਰਥਨ ਦੇਣਾ ਗਲਤ ਹੈ ਅਤੇ ਇਨ੍ਹਾਂ ਨੂੰ ਰੋਕਣਾ ਲੀਡਰਾਂ ਦਾ ਫਰਜ਼ ਹੈ।
ਟਰੂਡੋ ਨਾਲ ਮੀਟਿੰਗ 'ਚ ਕੈਪਟਨ ਠੋਸ ਮੁੱਦੇ ਨਹੀਂ ਉਠਾ ਸਕੇ : ਮਾਨ
ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮੀਟਿੰਗ 'ਤੇ ਪ੍ਰਤੀਕਿਰਿਆ ਜਤਾਉਂਦਿਆਂ ਕਿਹਾ ਕਿ ਉਹ ਰਾਜ ਦੇ ਠੋਸ ਮੁੱਦੇ ਨਹੀਂ ਉਠਾ ਸਕੇ। ਅੱਜ ਇੱਥੇ ਉਨ੍ਹਾਂ ਕਿਹਾ ਕਿ ਕੈਪਟਨ ਨੇ ਸਿਰਫ਼ ਅੱਤਵਾਦ ਦਾ ਮੁੱਦਾ ਉਠਾ ਕੇ ਸੁਰੱਖਿਆ ਲਈ ਖਤਰਨਾਕ ਦੱਸ ਕੇ ਕੁੱਝ ਵਿਅਕਤੀਆਂ ਦੀ ਇਕ ਸੂਚੀ ਪੇਸ਼ ਕੀਤੀ ਹੈ, ਜਦਕਿ ਪੰਜਾਬ ਤੇ ਕੈਨੇਡਾ ਦਰਮਿਆਨ ਦਸਤਾਰ ਸਮੇਤ ਹੋਰ ਕਈ ਸਿੱਖ ਮੁੱਦੇ ਸਨ, ਜਿਨ੍ਹਾਂ 'ਤੇ ਚਰਚਾ ਕੀਤੀ ਜਾ ਸਕਦੀ ਸੀ। ਆਪਸੀ ਸਹਿਯੋਗ ਲਈ ਵੀ ਦੋਵਾਂ ਰਾਜਾਂ ਦੇ ਕਾਰੋਬਾਰੀ ਸਬੰਧਾਂ 'ਤੇ ਕੋਈ ਠੋਸ ਗੱਲ ਨਹੀਂ ਕੀਤੀ ਗਈ।