ਕੀ ਇਸ ਵਾਰ ਵੀ ਚੁਣੀ ਜਾਵੇਗੀ ‘ਬਜ਼ੁਰਗ ਨੇਤਾਵਾਂ ਦੀ ਲੋਕ ਸਭਾ’
Tuesday, May 07, 2019 - 08:34 PM (IST)

ਜਲੰਧਰ (ਜਸਬੀਰ ਵਾਟਾਂ ਵਾਲੀ) ਦੁਨੀਆਂ ਦੇ ਮੁਕਾਬਲੇ ਭਾਰਤ ਵਿਚ ਨੌਜਵਾਨਾਂ ਦੀ ਆਬਾਦੀ ਭਾਵੇਂ ਕਿ ਸ਼ਿਖਰਾਂ ਛੋਹ ਰਹੀ ਹੈ ਪਰ ਇਸ ਦੇ ਉਲਟ ਸੰਸਦ ਭਵਨ ’ਚ ਸਾਲ ਦਰ ਸਾਲ ਬਜ਼ੁਰਗ ਨੇਤਾਵਾਂ ਦਾ ਹੀ ਗਲਬਾ ਵੱਧ ਰਿਹਾ ਹੈ। ਆਜ਼ਾਦੀ ਤੋਂ ਲੈ ਕੇ ਪਿਛਲੇ ਸਮੇਂ ਤੱਕ ਹੋਈਆਂ 16 ਲੋਕ ਸਭਾ ਚੋਣਾਂ ਦੇ ਅੰਕੜਿਆਂ ’ਤੇ ਝਾਤੀ ਮਾਰੀਏ ਤਾਂ 1952 ਵਿਚ ਚੁਣੀ ਗਈ ਪਹਿਲੀ ਲੋਕ ਸਭਾ ਤੋਂ ਬਾਅਦ ਵਿਚ ਚੁਣੀਆਂ ਗਈਆਂ ਲੋਕ ਸਭਾਵਾਂ ਨਾਲੋਂ ਕਿਤੇ ਵੱਧ ਜਵਾਨ ਸੀ। ਇਸ ਦੌਰਾਨ ਜਿੱਤ ਕੇ ਸੰਸਦ ਭਵਨ ਤੱਕ ਪੁੱਜੇ ਮੈਂਬਰਾਂ ਦੀ ਔਸਤਨ ਉਮਰ 46.5 ਸਾਲ ਸੀ। ਇਸ ਤੋਂ ਬਾਅਦ ਸੰਸਦ ਭਵਨ ਤੱਕ ਪੁੱਜਣ ਵਾਲੇ ਮੈਂਬਰ ਦੀ ਉਮਰ ਵਿਚ ਲਗਾਤਾਰ ਵਾਧਾ ਹੁੰਦਾ ਰਿਹਾ ਅਤੇ 6ਵੀਂ ਲੋਕ ਸਭਾ ਤੱਕ ਪੁੱਜਦਿਆਂ-ਪੁੱਜਦਿਆਂ ਸੰਸਦ ਮੈਂਬਰਾਂ ਦੀ ਔਸਤਨ ਉਮਰ 52 ਸਾਲ ਦੇ ਕਰੀਬ ਪੁੱਜ ਗਈ।
ਇਸ ਤੋਂ ਬਾਅਦ ਗਿਆਰਵੀਂ ਲੋਕ ਸਭਾ ਤੱਕ ਉਮਰ ਦਾ ਇਹ ਅੰਕੜਾ 49, 50, 51 ਅਤੇ 52 ਦੇ ਕਰੀਬ ਘੁੰਮਦਾ ਰਿਹਾ। ਬਾਰ੍ਹਵੀਂ ਲੋਕ ਸਭਾ ਚੋਣ ਦੌਰਾਨ ਇਸ ਅੰਕੜੇ ਨੇ ਇਕ ਵਾਰ ਫਿਰ ਪੁੱਠੀ ਛਾਲ ਮਾਰੀ ਅਤੇ ਹੁਣ ਤੱਕ ਦੀ ਸਭ ਤੋਂ ਵੱਧ ਨੌਜਵਾਨ ਲੋਕ ਸਭਾ ਚੁਣੀ ਗਈ। ਇਸ ਦੌਰਾਨ ਚੁਣੇ ਗਏ ਸੰਸਦ ਮੈਂਬਰਾਂ ਦੀ ਔਸਤਨ ਉਮਰ 46.4 ਸੀ। ਇਸ ਤੋਂ ਬਾਅਦ ਮੁੜ ਕਦੇ ਵੀ ਨੌਜਵਾਨ ਮੈਂਬਰਾਂ ਦੀ ਲੋਕ ਸਭਾ ਨਹੀਂ ਚੁਣੀ ਗਈ ਅਤੇ ਸਾਡੇ ਦੇਸ਼ ਦੀ ਲੋਕ ਸਭਾ ਸਾਲ ਦਰ ਸਾਲ ਬਜ਼ੁਰਗ ਹੁੰਦੀ ਗਈ।
ਇਸ ਤੋਂ ਬਾਅਦ 13ਵੀਂ ਲੋਕ ਸਭਾ ਚੋਣ ਮੌਕੇ ਤਾਂ ਚੁਣੇ ਸੰਸਦ ਮੈਂਬਰਾਂ ਦੀ ਔਸਤਨ ਉਮਰ 55.5 ਤੱਕ ਪੁੱਜ ਗਈ। ਇਸ ਤੋਂ ਬਾਅਦ ਭਾਵੇਂ ਕਿ 14ਵੀਂ ਅਤੇ 15ਵੀਂ ਲੋਕ ਸਭਾ ਦੌਰਾਨ ਸੰਸਦ ਮੈਂਬਰਾਂ ਦੀ ਔਸਤਨ ਉਮਰ ਵਿਚ ਮਾਮੂਲੀ ਘਾਟਾ ਦਰਜ ਕੀਤਾ ਗਿਆ ਪਰ 16ਵੀਂ ਲੋਕ ਸੋਭ ਚੋਣ ਨੇ ਸਾਰੀਆਂ ਕਸਰਾਂ ਪੂਰੀਆਂ ਕਰ ਦਿੱਤੀਆਂ। ਇਸ ਦੌਰਾਨ ਹੁਣ ਤੱਕ ਦੀ ਸਭ ਤੋਂ ਬਜ਼ੁਰਗ ਲੋਕ ਸਭਾ ਚੁਣੀ ਗਈ। ਮੌਜੂਦਾ ਲੋਕ ਸਭਾ 2014 ਦੇ ਸੰਸਦ ਮੈਂਬਰਾਂ ਦੀ ਔਸਤਨ ਉਮਰ 55.64 ਸਾਲ ਹੈ। ਮੌਜੂਦਾ ਚੋਣਾਂ ਸਾਲ 2019 ਦੀ ਗੱਲ ਕਰੀਏ ਤਾਂ ਇਨ੍ਹਾਂ ਚੋਣਾਂ ਦੌਰਾਨ ਵੀ ਜਿਆਦਾਤਰ ਪਾਰਟੀਆਂ ਵੱਲੋਂ ਬਜ਼ੁਰਗ ਅਤੇ ਤਜ਼ਰਬੇਕਾਰ ਸਿਆਸਤਦਾਨਾਂ ਨੂੰ ਹੀ ਟਿਕਟਾਂ ਵੰਡੀਆਂ ਗਈਆਂ ਹਨ। ਅਜਿਹੇ ਹਾਲਾਤ ਵਿਚ ਨੌਜਵਾਨ ਸਿਆਸਤਦਾਨਾਂ ਦਾ ਵੱਡੇ ਪੱਧਰ ’ਤੇ ਜਿੱਤ ਕੇ ਅੱਗੇ ਆਉਣਾ ਹੋਰ ਵੀ ਮੁਸ਼ਕਿਲ ਦਿਖਾਈ ਦੇ ਰਿਹਾ ਹੈ। ਹੁਣ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ, ਕੀ ਹੁਣ ਹੋਰ ਬਜ਼ੁਰਗ ਹੋ ਜਾਵੇਗੀ ਦੇਸ਼ ਦੀ ਆਉਣ ਵਾਲੀ ਲੋਕ ਸਭਾ।