ਲਾਕਡਾਉਨ ਦੌਰਾਨ ਪਿੰਡਾਂ ਨੂੰ ਗਏ ਮਜ਼ਦੂਰ ਕੀ ਵਾਪਸ ਪਰਤਣਗੇ?

Saturday, May 16, 2020 - 07:25 PM (IST)

ਲਾਕਡਾਉਨ ਦੌਰਾਨ ਪਿੰਡਾਂ ਨੂੰ ਗਏ ਮਜ਼ਦੂਰ ਕੀ ਵਾਪਸ ਪਰਤਣਗੇ?

ਗਡ਼੍ਹਸ਼ੰਕਰ(ਸ਼ੋਰੀ) - ਲਾਕਡਾਉਨ ਕਾਰਨ ਮਜ਼ਦੂਰ ਜਮਾਤ ਨੂੰ ਸਭ ਤੋਂ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਮਜ਼ਦੂਰਾਂ ਦੀ ਮਾਨਸਿਕਤਾ ਹੁੰਦੀ ਹੈ ਕਿ ਇਹ ਲੋਕ ਪੈਸਾ ਕਮਾਉਣ ਲਈ ਆਪਣਾ ਘਰ ਬਾਰ ਛੱਡ ਕੇ ਸ਼ਹਿਰ ਆਉਂਦੇ ਹਨ ਅਤੇ ਜਦ ਕਦੇ ਵੀ ਕੋਈ ਮੁਸ਼ਕਲ ਪੈਦਾ ਹੁੰਦੀ ਹੈ ਤਾਂ ਇਨ੍ਹਾਂ ਦੀ ਸਭ ਤੋਂ ਵੱਡੀ ਪਹਿਲ ਘਰ ਵਾਪਸ ਜਾਣ ਦੀ ਹੁੰਦੀ ਹੈ। ਕੁਝ ਅਜਿਹਾ ਹੀ ਹੋਇਆ ਲਾਕਡਾਉਨ ਕਾਰਨ ਪੈਦਾ ਹੋਈ ਪ੍ਰੇਸ਼ਾਨੀ ਸਮੇਂ। ਘਰ ਵਾਪਸ ਜਾਣ ਲਈ ਮਜ਼ਦੂਰਾਂ ਨੇ ਕਿਉਂ ਜਲਦਬਾਜ਼ੀ ਦਿਖਾਈ, ਇਸ ਦਾ ਵੱਡਾ ਕਾਰਨ ਸ਼ਾਇਦ ਇਹ ਰਿਹਾ ਕਿ ਇਨ੍ਹਾਂ ਨੂੰ ਸਰਕਾਰੀ ਤੰਤਰ ਇਹ ਵਿਸ਼ਵਾਸ ਦਿਵਾਉਣ ਵਿਚ ਸਫ਼ਲ ਨਾ ਹੋ ਸਕਿਆ ਕਿ ਘਬਰਾਓ ਨਾ ਘੱਟੋ ਘੱਟ ਭੁੱਖੇ ਨਹੀਂ ਰਹਿਣ ਦਿੱਤਾ ਜਾਵੇਗਾ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਹਰ ਕਾਰੋਬਾਰ ਮਜ਼ਦੂਰਾਂ ’ਤੇ ਨਿਰਭਰ ਕਰਦਾ ਹੈ। ਜਿਸ ਤਰ੍ਹਾਂ ਲਾਕਡਾਉਨ ਕਾਰਨ ਲੱਖਾਂ ਦੀ ਗਿਣਤੀ ਵਿਚ ਮਜ਼ਦੂਰ ਇੱਧਰ ਤੋਂ ਉਧਰ ਹੋ ਗਏ। ਕਾਰਖਾਨੇ ਅਤੇ ਹੋਰ ਕਾਰੋਬਾਰਾਂ ਨੂੰ ਚਲਾਉਣ ਵਾਲਿਆਂ ਨੂੰ ਚਿੰਤਾ ਸਤਾਉਣ ਲੱਗ ਪਈ ਹੈ ਕਿ ਪਿੰਡਾਂ ਨੂੰ ਗਏ ਹੋਏ ਮਜ਼ਦੂਰ ਵਾਪਸ ਕੰਮ ’ਤੇ ਪਰਤ ਆਉਣਗੇ ਜਾਂ ਨਹੀਂ।
PunjabKesari
ਆਪਣੇ ਪਿੰਡ ਵੱਲ ਨੂੰ ਰਵਾਨਾ ਹੁੰਦਾ ਪ੍ਰਵਾਸੀ ਮਜ਼ਦੂਰ ਪਰਿਵਾਰ।(ਸ਼ੋਰੀ)
 

 ਮਿਥਲੇਸ਼ ਕੁਮਾਰ

ਮਿਥਲੇਸ਼ ਕੁਮਾਰ ਅਨੁਸਾਰ ਮਜ਼ਦੂਰਾਂ ਨੂੰ ਸਭ ਤੋਂ ਜ਼ਿਆਦਾ ਘਾਟ ਇਸ ਗੱਲ ਦੀ ਰਡ਼ਕੀ ਕਿ ਸਰਕਾਰਾਂ ਨੇ ਆਵਾਜਾਈ ਦੇ ਸਾਧਨ ਰਾਤੋ ਰਾਤ ਬੰਦ ਕਰ ਦਿੱਤੇ। ਉੱਪਰ ਤੋਂ ਮਜ਼ਦੂਰਾਂ ਨੂੰ ਇਹ ਭਰੋਸਾ ਤੱਕ ਦੇਣ ਵਿਚ ਸਰਕਾਰਾਂ ਅਸਫ਼ਲ ਰਹੀਆਂ ਕਿ ਘਬਰਾਓ ਨਾ ਅਸੀਂ ਤੁਹਾਨੂੰ ਭੁੱਖੇ ਨਹੀਂ ਮਰਨ ਦਿੰਦੇ।     

ਡਾ. ਰਾਮ ਕ੍ਰਿਸ਼ਨ ਸੰਦਲ

ਡਾ. ਰਾਮ ਕ੍ਰਿਸ਼ਨ ਸੰਦਲ ਅਨੁਸਾਰ ਮਜ਼ਦੂਰਾਂ ਵਿਚ ਸਿਰਫ ਅਨਪਡ਼੍ਹ ਲੋਕ ਹੀ ਨਹੀਂ ਹੁੰਦੇ ਬਲਕਿ ਚੰਗੇ ਸਿੱਖਿਅਤ ਵੀ ਹੁੰਦੇ ਹਨ। ਇਹ ਉਹ ਲੋਕ ਹੁੰਦੇ ਹਨ ਜੋ ਘਰ ਦੀ ਆਰਥਕ ਮੰਦੀ ਕਾਰਨ ਦੂਜੇ ਰਾਜਾਂ ਵਿਚ ਕੰਮ ਕਰਨ ਲਈ ਚਲੇ ਜਾਂਦੇ ਹਨ। ਪਰ ਜਿਸ ਤਰ੍ਹਾਂ ਸਰਕਾਰੀ ਪ੍ਰਬੰਧਾਂ ਦੀਆਂ ਕਮੀਆਂ ਇਨ੍ਹਾਂ ਲੋਕਾਂ ਨੇ ਝੱਲੀਆਂ, ਉਸਨੂੰ ਦੇਖ ਕੇ ਲੱਗਦਾ ਨਹੀਂ ਕਿ ਜਲਦੀ ਕੰਮ ’ਤੇ ਵਾਪਸ ਆ ਜਾਣਗੇ ।     

 ਸੁਰਿੰਦਰ ਬਾਂਸਲ    

ਸੁਰਿੰਦਰ ਬਾਂਸਲ ਦਾ ਕਹਿਣਾ ਹੈ ਕਿ ਅਚਾਨਕ ਤਾਲਾਬੰਦੀ ਨੇ ਮਜ਼ਦੂਰਾਂ ਨੂੰ ਵੱਡਾ ਝਟਕਾ ਦਿੱਤਾ, ਕੋਈ ਪੈਦਲ, ਕੋਈ ਸਾਈਕਲ ’ਤੇ ਆਪਣੇ ਪਿੰਡ ਨੂੰ ਗਿਆ। ਜ਼ਿੰਦਗੀ ਦੀ ਇਸ ਕਠਿਨਾਈ ਨੂੰ ਹੰਢਾਉਣ ਵਾਲੇ ਮਜ਼ਦੂਰ ਜਲਦੀ ਵਾਪਸ ਨਹੀਂ ਆਉਣਗੇ, ਘੱਟੋ ਘੱਟ ਇਸ ਸਾਲ ਤਾਂ ਬਿਲਕੁਲ ਵੀ ਨਹੀਂ । 

ਸੁਖਵਿੰਦਰ ਸਿੰਘ ਸੈਣੀ                  

 ਅਮਰੀਕਾ ਰਹਿੰਦੇ ਸੁਖਵਿੰਦਰ ਸਿੰਘ ਸੈਣੀ ਦਾ ਕਹਿਣਾ ਹੈ ਕਿ ਪੰਜਾਬ ਵਿਚ ਕਿੰਨੇ ਲੋਕ ਮਹਾਰਾਸ਼ਟਰ ਵਿਚ ਮਜ਼ਦੂਰੀ ਦਾ ਕੰਮ ਕਰਦੇ ਹਨ, ਜੋ ਤਾਲਾਬੰਦੀ ਕਾਰਨ ਵਾਪਸ ਘਰ ਆ ਗਏ। ਕੀ ਇਹ ਲੋਕ ਵਾਪਸ ਕੰਮ ’ਤੇ ਨਹੀਂ ਜਾਣਗੇ, ਜ਼ਰੂਰ ਜਾਣਗੇ ਪਰ ਉਸ ਸਮੇਂ ਜਾਣਗੇ ਜਦ ਇਨ੍ਹਾਂ ਨੂੰ ਲੱਗੇਗਾ ਕਿ ਉੱਥੇ ਸੁਰੱਖਿਅਤ ਹਨ ਅਤੇ ਇਹ ਸੁਰੱਖਿਆ ਦੀ ਭਾਵਨਾ ਸਰਕਾਰਾਂ ਨੂੰ ਪੈਦਾ ਕਰਨੀ ਪਵੇਗੀ।

ਸਰਬਜੀਤ ਸਿੰਘ ਮਿੰਟੂ

ਹੋਟਲ ਅਤੇ ਰੈਸਟੋਰੈਂਟ ਕਾਰੋਬਾਰ ਨਾਲ ਜੁਡ਼ੇ ਸਰਬਜੀਤ ਸਿੰਘ ਮਿੰਟੂ ਦਾ ਕਹਿਣਾ ਹੈ ਕਿ ਘਰਾਂ ਨੂੰ ਵਾਪਸ ਗਏ ਮਜ਼ਦੂਰ ਤੁਰੰਤ ਕੰਮ ’ਤੇ ਆ ਜਾਣਗੇ ਅਜਿਹਾ ਸੰਭਵ ਨਹੀਂ ਹੈ। ਜਦ ਵੀ ਹੋਟਲ ਤੇ ਰੈਸਟੋਰੈਂਟ ਖੁੱਲ੍ਹਣਗੇ ਤਾਂ ਵੇਟਰਾਂ ਅਤੇ ਬਾਵਰਚੀਆਂ ਦੀ ਭਾਰੀ ਕਮੀ ਹੋਵੇਗੀ ਅਤੇ ਪ੍ਰੇਸ਼ਾਨੀ ਕਈ ਮਹੀਨੇ ਤੱਕ ਚੱਲਦੀ ਰਹੇਗੀ।

ਕੁਲਦੀਪ ਸਿੰਘ ਰਾਣਾ

ਭੱਠਾ ਮਜ਼ਦੂਰ ਯੂਨੀਅਨ ਦੇ ਉਪ ਪ੍ਰਧਾਨ ਕੁਲਦੀਪ ਸਿੰਘ ਰਾਣਾ ਦਾ ਕਹਿਣਾ ਹੈ ਕਿ ਪੰਜਾਬ ਵਿਚ ਕਾਰਖਾਨੇ ਤਾਂ ਵੈਸੇ ਹੀ ਘੱਟ ਹਨ ਤੇ ਜਿਹਡ਼ੇ ਹਨ ਉੱਥੇ ਬਾਹਰੀ ਰਾਜਾਂ ਦੇ ਮਜ਼ਦੂਰ ਕੰਮ ਕਰਦੇ ਹਨ। ਇਨ੍ਹਾਂ ਮਜ਼ਦੂਰਾਂ ਵਿਚੋਂ ਕਾਫੀ ਆਪਣੇ ਘਰਾਂ ਨੂੰ ਜਾ ਚੁੱਕੇ ਹਨ ਤੇ ਜੋ ਰਹਿ ਗਏ, ਉਹ ਆਵਾਜਾਈ ਦੇ ਸਾਧਨ ਖੁੱਲ੍ਹਣ ਦੀ ਉਡੀਕ ਵਿਚ ਹਨ। ਇਸ ਲਈ ਕਾਰੋਬਾਰੀਆਂ ਨੂੰ ਕੰਮ ਵਿਚ ਮੰਦਾ ਤੇ ਮਜ਼ਦੂਰਾਂ ਦੀ ਕਮੀ ਆਉਣ ਵਾਲੇ ਸਮੇਂ ਵਿਚ ਬਹੁਤ ਜ਼ਿਆਦਾ ਪ੍ਰੇਸ਼ਾਨ ਕਰੇਗੀ।

ਜੁਝਾਰ ਸਿੰਘ ਮਾਨ

ਜੁਝਾਰ ਸਿੰਘ ਮਾਨ ਦਾ ਕਹਿਣਾ ਹੈ ਕਿ ਮਜ਼ਦੂਰਾਂ ਦਾ ਵਾਪਸ ਆਉਣਾ ਉਨ੍ਹਾਂ ਦੀਆਂ ਮਜਬੂਰੀਆਂ ’ਤੇ ਨਿਰਭਰ ਕਰਦਾ ਹੈ। ਕਈ ਮਜ਼ਦੂਰਾਂ ਨੇ ਕਰਜ਼ਾ ਲਿਆ ਹੁੰਦਾ ਹੈ, ਅਜਿਹੇ ਮਜ਼ਦੂਰਾਂ ਦਾ ਸ਼ਹਿਰ ਵੱਲ ਮੁਡ਼ ਆਉਣਾ ਉਨ੍ਹਾਂ ਦੀ ਬੇਵੱਸੀ ਹੁੰਦਾ ਹੈ। ਪਰ ਜਿਹਡ਼ੇ ਮਜ਼ਦੂਰਾਂ ਨੇ ਆਪਣੇ ਪਰਿਵਾਰਾਂ ਸਮੇਤ ਹਾਲ ਦੀ ਘਡ਼ੀ ਇੱਥੋਂ ਪਲਾਇਨ ਕੀਤਾ ਅਤੇ ਝੱਲੇ ਕਸ਼ਟਾਂ ਤੇ ਮੁਸ਼ਕਲਾਂ ਨੂੰ ਵੇਖਦੇ ਹੋਏ ਇਹ ਮਜ਼ਦੂਰ ਸ਼ਾਇਦ ਹੀ ਕਦੀ ਸ਼ਹਿਰਾਂ ਵੱਲ ਮੁਡ਼ ਰੁੱਖ ਕਰਨ।

ਜੋਨੀ ਅਰੋਡ਼ਾ

ਅਨਾਜ ਮੰਡੀ ਦੇ ਆਡ਼੍ਹਤੀ ਜੋਨੀ ਅਰੋਡ਼ਾ ਅਨੁਸਾਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਪੂਰੇ ਸੰਸਾਰ ਵਿਚ ਜਿਸ ਤਰ੍ਹਾਂ ਕੋਰੋਨਾ ਵਾਇਰਸ ਦਾ ਪ੍ਰਕੋਪ ਫੈਲਿਆ, ਉਸ ਤੋਂ ਘਬਰਾ ਕੇ ਹਰ ਵਿਅਕਤੀ ਦੀ ਪਹਿਲ ਸੀ ਕਿ ਆਪਣੇ ਪਿੰਡ ਪਹੁੰਚਿਆ ਜਾਵੇ, ਕਿਉਂਕਿ ਇਸ ਨਾਲ ਉਹ ਸੁਰੱਖਿਅਤ ਮਹਿਸੂਸ ਕਰਦਾ ਸੀ। ਹਾਲ ਦੀ ਘਡ਼ੀ ਮਜ਼ਦੂਰਾਂ ਦਾ ਪਿੰਡਾਂ ਨੂੰ ਪਰਤਣਾ ਇਸ ਘਬਰਾਹਟ ਦਾ ਨਤੀਜਾ ਹੀ ਸੀ, ਹੌਲੀ ਹੌਲੀ ਇਹ ਲੋਕ ਮੁਡ਼ ਕੰਮ ’ਤੇ ਪਰਤਣਗੇ।
 


author

Harinder Kaur

Content Editor

Related News